National
ਦੂਜੀ ਵਾਰ ਵਰਲਡ ਰੈਪਿਡ ਚੈੱਸ ਚੈਂਪੀਅਨ ਬਣੀ ਕੋਨੇਰੂ ਹੰਪੀ
ਸਾਲ 2024 ਦੇ ਅੰਤ ਤੋਂ ਪਹਿਲਾਂ ਭਾਰਤ ਨੂੰ ਸ਼ਤਰੰਜ ਵਿਚ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਐਤਵਾਰ ਨੂੰ 37 ਸਾਲਾ ਕੋਨੇਰੂ ਹੰਪੀ ਨੇ FIDE ਵਰਲਡ ਰੈਪਿਡ ਚੈਂਪੀਅਨਸ਼ਿਪ 2024 ਦਾ ਖਿਤਾਬ ਜਿੱਤਿਆ। ਉਸ ਨੇ 11ਵੇਂ ਰਾਊਂਡ ‘ਚ ਆਇਰੀਨ ਸੁਕੰਦਰ ਨੂੰ ਹਰਾ ਕੇ ਇਹ ਖ਼ਿਤਾਬ ਜਿੱਤਿਆ। ਕੋਨੇਰੂ ਨੇ ਦੂਜੀ ਵਾਰ ਵਿਸ਼ਵ ਰੈਪਿਡ ਖਿਤਾਬ ਜਿੱਤਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 2019 ‘ਚ ਉਨ੍ਹਾਂ ਮਾਸਕੋ ‘ਚ ਇਹ ਖਿਤਾਬ ਜਿੱਤਿਆ ਸੀ। ਫਿਰ, 2024 ‘ਚ ਇਹ ਖਿਤਾਬ ਜਿੱਤਣ ਤੋਂ ਬਾਅਦ ਹੰਪੀ ਚੀਨ ਦੇ ਜੂ ਵੇਨਜੁਨ ਦੇ ਕਲੱਬ ‘ਚ ਦਾਖਲ ਹੋ ਗਈ, ਜਿਸ ਨੇ ਇਕ ਤੋਂ ਵੱਧ ਵਾਰ ਇਕ ਫਾਰਮੈਟ ‘ਚ ਖਿਤਾਬ ਜਿੱਤਿਆ। ਹੰਪੀ ਦੀ ਜਿੱਤ ਇਸ ਸਾਲ ਭਾਰਤ ਦੀਆਂ ਜ਼ਿਕਰਯੋਗ ਸ਼ਤਰੰਜ ਉਪਲਬਧੀਆਂ ‘ਚ ਸ਼ਾਮਲ ਹੋ ਗਈ ਹੈ।
ਕੋਨੇਰੂ ਹੰਪੀ ਦੀ ਪ੍ਰਾਪਤੀ ਨੇ ਭਾਰਤੀ ਸ਼ਤਰੰਜ ਲਈ ਇੱਕ ਸ਼ਾਨਦਾਰ ਸਾਲ ਦਾ ਅੰਤ ਕੀਤਾ। ਹੰਪੀ ਨੇ ਹਮੇਸ਼ਾ ਵਿਸ਼ਵ ਰੈਪਿਡ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੁਕਾਬਲੇ ਵਿੱਚ ਉਸ ਨੇ 2012 ਵਿੱਚ ਮਾਸਕੋ ਵਿੱਚ ਕਾਂਸੀ ਦਾ ਤਗ਼ਮਾ ਅਤੇ ਪਿਛਲੇ ਸਾਲ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡੀ ਗੁਕੇਸ਼ ਹਾਲ ਹੀ ‘ਚ ਸਿੰਗਾਪੁਰ ‘ਚ ਕਲਾਸੀਕਲ ਫਾਰਮੈਟ ਵਿਸ਼ਵ ਚੈਂਪੀਅਨਸ਼ਿਪ ‘ਚ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਚੈਂਪੀਅਨ ਬਣੇ ਸਨ।