Punjab
ਕੁਲਤਾਰ ਸਿੰਘ ਸੰਧਵਾਂ ਵੱਲੋਂ ਕੈਨੇਡਾ ’ਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੇ ਵਿਕਾਸ ’ਚ ਯੋਗਦਾਨ ਪਾਉਣ ਦੀ ਅਪੀਲ
ਚੰਡੀਗੜ੍ਹ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।
ਕੈਨੇਡਾ ਦੇ ਦੌਰੇ ਦੌਰਾਨ ਵੈਨਕੂਵਰ ਵਿਖੇ ਪੰਜਾਬੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਪੰਜਾਬੀ ਦੁਨੀਆਂ ਭਰ ਵਿੱਚ ਜਿੱਥੇ ਵੀ ਗਏ ਹਨ, ਓਥੇ ਉਨ੍ਹਾਂ ਨੇ ਆਪਣੇ ਸੁਭਾਅ ਅਤੇ ਸਖਤ ਮਿਹਨਤ ਨਾਲ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਪੰਜਾਬੀਆਂ ਦੀ ਇਹ ਵਿਸ਼ੇਸ਼ਤਾ ਹੀ ਉਨ੍ਹਾਂ ਨੂੰ ਬਾਕੀਆਂ ਨਾਲੋਂ ਵੱਖਰਾ ਮੁਕਾਮ ਦਿਵਾਉਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੇ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ ਅਤੇ ਆਪਣੇ ਵਿਸ਼ਾਲ ਕਾਰੋਬਾਰ ਖੜੇ੍ਹ ਕੀਤੇ ਹਨ। ਸੰਧਵਾਂ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਆਪਣੀ ਮਾਤ ਭੂਮੀ ਦੇ ਵਿਕਾਸ ਲਈ ਵੀ ਇਸ ਤਰ੍ਹਾਂ ਦੀ ਭੂਮਿਕਾ ਨਿਭਾਏ ਜਾਣ ਦੀ ਜ਼ਿੰਮੇਂਵਾਰੀ ਬਣਦੀ ਹੈ।
ਆਪਣੇ ਸੰਬੋਧਨ ਦੌਰਾਨ ਸੰਧਵਾਂ ਨੇ ਕੈਨੇਡਾ ’ਚ ਵਸਦੇ ਪੰਜਾਬੀਆਂ ਨੂੰ ਪੰਜਾਬ ਵਿੱਚ ਵੀ ਆਪਣੀਆਂ ਵਿਕਾਸਮਈ ਪਹਿਲਕਦਮੀਆਂ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਵੇਂ ਆਪਣੀ ਮਾਤ ਭੂਮੀ ਤੋਂ ਹਜ਼ਾਰਾਂ ਮੀਲ ਦੂਰ ਵੱਸਦੇ ਹਨ ਪਰ ਉਨ੍ਹਾਂ ਦੀ ਰੂਹ ਪੰਜਾਬ ਵਿੱਚ ਹੀ ਵੱਸਦੀ ਹੈ। ਸੰਧਵਾਂ ਨੇ ਕਿਹਾ ਕਿ ਹਰੇਕ ਪੰਜਾਬੀ ਨੂੰ ਉਨ੍ਹਾਂ ਦੀ ਸਫ਼ਲਤਾ ਉਤੇ ਵੱਡਾ ਮਾਣ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਹ ਦੇਸ਼ ਵਿੱਚ ਵੱਸਦੇ ਆਪਣੇ ਲੋਕਾਂ ਦੇ ਵਿਕਾਸ ਲਈ ਵੀ ਕਦਮ ਚੁੱਕਣਗੇ। ਉਨ੍ਹਾਂ ਨੇ ਪੰਜਾਬ ਵਿੱਚ ਆਪਣੇ ਉਦਮ ਸ਼ੁਰੂ ਕਰਨ ਵਾਲਿਆਂ ਨੂੰ ਹਰ ਮਦਦ ਦੇਣ ਦਾ ਭਰੋੋਸਾ ਦਿਵਾਇਆ।
ਇਸ ਦੌਰਾਨ ਪੰਜਾਬੀ ਭਾਈਚਾਰੇ ਨੇ ਸੰਧਵਾਂ ਦਾ ਵੱਖ ਵੱਖ ਥਾਵਾਂ ’ਤੇ ਭਰਪੂਰ ਸਵਾਗਤ ਕੀਤਾ।