Punjab
ਮਰਹੂਮ ਸਿੱਧੂ ਮੂਸੇਵਾਲਾ ਦੇ ਕਰੀਬੀ ‘ਤੇ ਪਹਿਲਾਂ ਹੋਇਆ ਹਮਲਾ, ਫਿਰ ਫੋਨ ‘ਤੇ ਦਿੱਤੀ ਧਮਕੀ
ਮਸ਼ਹੂਰ ਪੰਜਾਬੀ ਗਾਇਕ ਮਰਹੂਮ ਸ਼ੁੱਭਦੀਪ ਉਰਫ਼ ਸਿੱਧੂ ਮੂਸੇਵਾਲਾ ਨਾਲ ਜੁੜੀ ਬੇਹੱਦ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਰੀਬੀ ਪਰਗਟ ਸਿੰਘ ਨਾਂਅ ਦੇ ਇੱਕ ਵਿਅਕਤੀ ਦੇ ਘਰ ‘ਤੇ ਪਹਿਲਾਂ ਫ਼ਾਇਰਿੰਗ ਕੀਤੀ ਗਈ ।
ਇਸ ਮਗਰੋਂ ਉਸਤੋਂ ਵਿਦੇਸ਼ ਦੇ ਇੱਕ ਨੰਬਰ ਰਾਹੀਂ ਲਾਰੈਂਸ ਬਿਸ਼ਨੋਈ ਦੇ ਨਾਂਅ ‘ਤੇ 30 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਹੈ। ਇੱਥੇ ਦੱਸ ਦੇਈਏ ਕਿ ਪਰਗਟ ਸਿੰਘ ਇੱਕ ਟਰਾਂਸਪੋਰਟਰ ਹੈ ਅਤੇ ਸਿੱਧੂ ਮੂਸੇਵਾਲਾ ਦਾ ਕਰੀਬੀ ਸੀ। ਉਹ ਅਤੇ ਉਸਦੇ ਬੱਚੇ ਸਿੱਧੂ ਮੂਸੇਵਾਲਾ ਦੇ ਇੱਕ ਗ਼ੀਤ ‘ਮੇਰਾ ਨਾਂਅ’ਵਿੱਚ ਨਜ਼ਰ ਆਏ ਸਨ।
ਦੱਸਣਯੋਗ ਹੈ ਕਿ ਘਟਨਾ ਐਤਵਾਰ ਰਾਤ ਲਗਪਗ 2.30 ਵਜੇ ਦੀ ਹੈ ਜਦ ਦੋ ਬਾਈਕ ਸਵਾਰਾਂ ਨੇ ਪਰਗਟ ਸਿੰਘ ਦੇ ਮਾਨਸਾ ਸਥਿਤ ਘਰ ‘ਤੇ ਗੋਲੀਆਂ ਵਰ੍ਹਾਈਆਂ, ਜਿਹੜੀਆਂ ਗੇਟ ‘ਤੇ ਲੱਗੀਆਂ। ਬਾਈਕ ਸਵਾਰ ਸੀ.ਸੀ.ਟੀ.ਵੀ.ਕੈਮਰੇ ‘ਚ ਕੈਦ ਹੋਏ ਹਨ ਅਤੇ ਉਹ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।
ਇਸ ਮਗਰੋਂ ਪਰਗਟ ਸਿੰਘ ਦੇ ਨੰਬਰ ‘ਤੇ ਇੰਗਲੈਂਡ ਤੋਂ ਇੱਕ ਕਾਲ ਆਈ ਜਿਹੜੀ ਉਹ ਨਹੀਂ ਚੁੱਕ ਸਕਿਆ ਕਿਉਂਕਿ ਉਹ ਮਾਨਸਾ ਵਿੱਚ ਨਹੀਂ ਸਗੋਂ ਬਾਹਰ ਸੀ ਪਰ ਬਾਅਦ ਵਿੱਚ ਉਸਨੂੰ ਮੈਸੇਜ ਭੇਜ ਕੇ ਧਮਕੀ ਦਿੱਤੀ ਗਈ। ਉਸਨੂੰ ਕਿਹਾ ਗਿਆ ਕਿ ਉਹ 30 ਲੱਖ ਰੁਪਏ ਰੰਗਦਾਰੀ ਦੇਵੇ ਨਹੀਂ ਤਾਂ ਅਗਲੀ ਵਾਰ ਗੋਲੀ ਉਹਦੇ ਮੱਥੇ ‘ਚ ਵੱਜੇਗੀ ਭਾਵੇਂ ਉਹ ਗੰਨਮੈਨ ਲੈ ਲਵੇ ਜਾਂ ਫ਼ਿਰ ਬੁੱਲੇਟ ਪਰੂਫ਼ ਗੱਡੀ ਹੀ ਕਿਉਂ ਨਾ ਲੈ ਲਵੇ। ਪਰਿਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਲਗਪਗ 10 ਦਿਨ ਪਹਿਲਾਂ ਵੀ ਧਮਕੀ ਭਰੀ ਕਾਲ ਆਈ ਸੀ।