Punjab
ਪੰਜਾਬ ਵਿੱਚ ਟੀਬੀ ਦੇ ਇਲਾਜ ਲਈ ਮੈਡੀਕੇਸ਼ਨ ਈਵੈਂਟ ਰੀਮਾਈਂਡਰ ਮੌਨੀਟਰ ਬਾਕਸ ਦੀ ਸ਼ੁਰੂਆਤ

ਚੰਡੀਗੜ: ਚੰਡੀਗੜ ਵਿਖੇ ਇੱਕ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਅੰਮਿ੍ਰਤਸਰ ਅਤੇ ਪਟਿਆਲਾ ਜ਼ਿਲਿਆਂ ਵਿਖੇ ਮੈਡੀਕੇਸ਼ਨ ਈਵੈਂਟ ਰੀਮਾਈਂਡਰ ਮੌਨੀਟਰ (ਐਮ.ਈ.ਆਰ.ਐਮ.) ਬਾਕਸ ਨੂੰ ਪਾਇਲਟ ਪ੍ਰਾਜੈਕਟ ਵਜੋਂ ਲਾਂਚ ਕੀਤਾ ਗਿਆ। ਇਹ ਨਵੀਨਤਾਕਾਰੀ ਤਕਨੀਕ ਪੰਜਾਬ ਸਰਕਾਰ ਵੱਲੋਂ ਫਰਵਰੀ 2021 ਵਿੱਚ ਵਰਲਡ ਹੈਲਥ ਪਾਰਟਨਰਜ਼ (ਡਬਲਿੳ.ੂਐਚ.ਪੀ.) ਨਾਲ ਇੱਕ ਐਮਓਯੂ (ਸਮਝੋਤਾ) ਰਾਹੀਂ ਸਹੀਬੱਧ ਕੀਤੇ ਪੇਸ਼ੈਂਟ ਪ੍ਰੋਵਾਈਡਰ ਸਪੋਰਟ ਏਜੰਸੀ (ਪੀ.ਪੀ.ਐਸ.ਏ.) ਪ੍ਰੋਜੈਕਟ ਦੀ ਨਿਰੰਤਰਤਾ ਵਿੱਚ ਚਲਾਈ ਗਈ ਹੈ। ਇਹ ਪ੍ਰੋਜੈਕਟ ਪੰਜਾਬ ਦੇ ਦੱਸੇ ਗਏ ਉਕਤ ਦੋ ਜਿਲਿਆਂ ਵਿੱਚ ਚੱਲ ਰਿਹਾ ਹੈ । ਜ਼ਿਕਰਯੋਗ ਹੈ ਕਿ ਇਹ ਪ੍ਰੋਜੈਕਟ ਇਨਾਂ ਜ਼ਿਲਿਆਂ ਵਿੱਚ ਪ੍ਰਾਈਵੇਟ ਸਿਹਤ ਖੇਤਰ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਕਿਉਂਕਿ ਇੱਥੇ ਨਿੱਜੀ ਸਿਹਤ ਖੇਤਰ ’ਚ ਟੀਬੀ ਦਾ ਸੰਜੀਦਗੀ ਨਾਲ ਇਲਾਜ ਕਰਵਾਉਣ ਅਤੇ ਇਸ ਬਿਮਾਰੀ ਸਬੰਧੀ ਲੋੜੀਂਦੀ ਜਾਣਕਾਰੀ ਦੀ ਘਾਟ ਹੈ।
ਇਸ ਐਮ.ਈ.ਆਰ.ਐਮ. ਬਾਕਸ ਨੂੁੰ ਰਸਮੀ ਤੌਰ ’ਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰਕੈਕਟਰ ਡਾ. ਜੀ.ਬੀ. ਸਿੰਘ ਨੇ ਲਾਂਚ ਕੀਤਾ। ਬਾਕਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜੀ.ਬੀ. ਸਿੰਘ ਨੇ ਕਿਹਾ ਕਿ ਪੰਜਾਬ ਦਾ ਟੀਚਾ 2025 ਤੱਕ ਤੇਜੀ ਨਾਲ ਟੀ.ਬੀ (ਟੀਊਬਰਕਲਾਸਿਸ) ਦੇ ਖਾਤਮੇ ਅਤੇ ਮੌਤ ਦਰ ਨੂੰ ਘਟਾਉਣ ਲਈ ਯਤਨਸ਼ੀਲ ਹੈ ਤਾਂ ਜ਼ੋ ਟੀਬੀ ਮੁਕਤ ਭਾਰਤ ਦੇ ਸੁਪਨੇ ਨੂੰ ਅਮਲੀ ਜਾਮਾ ਪਵਾਇਆ ਜਾ ਸਕੇ ।
ਇਹ ਯਕੀਨੀ ਤੌਰ ’ਤੇ ਅੱਗੇ ਵਧਣ ਲਈ ਇੱਕ ਵੱਡਾ ਤੇ ਮਹੱਤਵਪੂਰਨ ਕਦਮ ਸਾਬਤ ਹੋਵੇਗਾ। ਪਿਛਲੇ ਸਾਲ, ਇਸ ਟੀਚੇ ਨੂੰ ਪ੍ਰਾਪਤ ਕਰਨ ਦੀ ਰਾਹ ’ਤੇ ਪੰਜਾਬ ਦੇ 3 ਜ਼ਿਲਿਆਂ ਫਤਿਹਗੜ ਸਾਹਿਬ, ਕਪੂਰਥਲਾ ਅਤੇ ਨਵਾਂਸ਼ਹਿਰ ਨੇ ਟੀਬੀ ਮੁਕਤ ਦਰਜੇ ਲਈ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ। ਇਸ ਸਾਲ ਰਾਜ ਵਲੋਂ ਕਾਂਸੀ ਦੇ ਤਗਮੇ ਲਈ 5 ਜ਼ਿਲੇ ਫਰੀਦਕੋਟ, ਫਿਰੋਜ਼ਪੁਰ, ਮੋਗਾ, ਰੂਪਨਗਰ ਅਤੇ ਤਰਨਤਾਰਨ ਨੂੰ ਨਾਮਜ਼ਦ ਕੀਤਾ ਗਿਆ ਹੈ।
ਡਬਲਯ.ੂਐਚ.ਪੀ. ਦੇ ਕੰਟਰੀ ਡਾਇਰੈਕਟਰ, ਸ਼੍ਰੀਮਤੀ ਪ੍ਰਾਚੀ ਸ਼ੁਕਲਾ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਕਿਹਾ ਕਿ ਡਬਲਯੂ.ਐਚ.ਪੀ. ਇੱਕ ਗੈਰ-ਲਾਭਕਾਰੀ ਸੰਸਥਾ ਹੈ ਜੋ 10 ਭਾਰਤੀ ਰਾਜਾਂ ਵਿੱਚ ਕੰਮ ਕਰ ਰਹੀ ਹੈ, ਜਿਸ ਵਿੱਚ ਗਰੀਬ ਅਤੇ ਕਮਜ਼ੋਰ ਵਰਗਾਂ ਦੇ ਵਿਅਕਤੀਆਂ ਲਈ ਆਸਾਨੀ ਨਾਲ ਉਪਲਬਧ ਹੋਣ ਵਾਲੇ ਨਿਰੰਤਰ ਸਿਹਤ ਸੰਭਾਲ ਪ੍ਰੋਗਰਾਮ ਚਲਾਏ ਜਾਂਦੇ ਹਨ । ਇਹ ਸਬੂਤ-ਆਧਾਰਿਤ ਪ੍ਰਬੰਧਨ ਅਤੇ ਤਕਨੀਕੀ ਹੱਲਾਂ ਦੀ ਵਰਤੋਂ ਕਰਕੇ ਪਹਿਲਾਂ ਤੋਂ ਉਪਲਬਧ ਸਰੋਤਾਂ ਨੂੰ ਵਧੇਰੇ ਕੁਸ਼ਲਤਾ ਨਾਲ ਨਵੀਨਤਾਕਾਰੀ ਢੰਗ ਨਾਲ ਇਸਤੇਮਾਲ ਕਰਦੀ ਹੈ।
ਐਮ.ਈ.ਆਰ.ਐਮ. ਤਕਨਾਲੋਜੀ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਡਬਲਯੂ.ਐਚ.ਪੀ ਦੇ ਪ੍ਰੋਜੈਕਟ ਡਾਇਰੈਕਟਰ ਡਾ. ਯੋਗੇਸ਼ ਪਟੇਲ ਨੇ ਭਾਗ ਲੈਣ ਵਾਲਿਆਂ ਨੂੰ ਦੱਸਿਆ ਕਿ ਮਰੀਜ਼ਾਂ ਨੂੰ ਇੱਕ ਐਮ.ਈ.ਆਰ.ਐਮ. ਬਾਕਸ ਵਿੱਚ ਦਵਾਈਆਂ ਪ੍ਰਾਪਤ ਹੁੰਦੀਆਂ ਹਨ। ਇਹ ਇੱਕ ਇਲੈਕਟ੍ਰਾਨਿਕ ਮੋਡੀਊਲ ਹੈ ਜੋ ਬਾਕਸ ਦੇ ਢੱਕਣ ਖੁੱਲਣ ਦੀ ਤਾਰੀਖ ਅਤੇ ਸਮੇਂ ਨੂੰ ਰਿਕਾਰਡ ਕਰਦਾ ਹੈ। ਐਮ.ਈ.ਆਰ.ਐਮ. ਦੇ ਅਲਰਟ ਮੈਕਨਿਜ਼ਮ : ਰੋਜ਼ਾਨਾ ਦਵਾਈ ਰੀਮਾਈਂਡਰ: ਡੇਅਲੀ ਮੈਡੀਕੇਸ਼ ਰੀਮਾਈਂਡਰ ਵਜੋਂ ਗ੍ਰੀਨ ਲਾਈਟ ਅਤੇ ਬਜ਼ਰ -ਰੀਫਿਲ ਸਬੰਧੀ ਰੀਮਾਈਂਡਰ :ਮਰੀਜ਼ ਨੂੰ ਬਾਕਸ ਰੀਫਿਲ ਕਰਾਉਣ ਸਬੰਧੀ ਜਾਣਕਾਰੀ ਦੇਣ ਲਈ ਪੀਲੀ ਬੱਤੀ। – ਬੈਟਰੀ ਦੇ ਘਟਣ ਸਬੰਧੀ ਚੇਤਾਵਨੀ:ਮਰੀਜ਼ ਨੂੰ ਘੱਟ ਬੈਟਰੀ ਪ੍ਰਤੀ ਸੁਚੇਤ ਕਰਨ ਲਈ ਲਾਲ ਬੱਤੀ ਸ਼ਾਮਲ ਹਨ । ਇਸੇ ਤਰਾਂ ਬਾਕਸ ਦਾ ਖੁੱਲਾ-ਬੰਦ ਢੱਕਣ ਨਿਕਸ਼ੇ ਵਿੱਚ ਮਰੀਜ਼ ਵੱਲੋਂ ਲਈ ਗਈ ਖੁਰਾਕ ਵਜੋਂ ਰਜਿਸਟਰ ਹੁੰਦਾ ਹੈ। ਟੀਬੀ ਦੇ ਇਲਾਜ ਵਿੱਚ ਤਕਨਾਲੋਜੀ ਦੀ ਇਹ ਵਰਤੋਂ ਟੀਬੀ ਦੇ ਇਲਾਜ ਦਰ ਨੂੰ ਵਧਾਉਣ ਵਿੱਚ ਬਹੁਤ ਮਦਦਗਾਰ ਹੋਵੇਗੀ।
ਕੇਂਦਰੀ ਟੀ.ਬੀ. ਡਿਵੀਜ਼ਨ ਦੇ ਡੀ.ਡੀ.ਜੀ. ਡਾ. ਰਾਜਿੰਦਰ ਪੀ. ਜੋਸ਼ੀ ਨੇ ਇਸ ਪਹਿਲਕਦਮੀ ਨੂੰ ਸ਼ੁਰੂ ਕਰਨ ਲਈ ਰਾਜ ਨੂੰ ਵਧਾਈ ਦਿੱਤੀ ਅਤੇ ਪ੍ਰੋਗਰਾਮ ਦੀ ਸਫਲਤਾ ਦੀ ਕਾਮਨਾ ਕੀਤੀ।
ਇਸ ਲਾਂਚ ਸਮਾਰੋਹ ਦੌਰਾਨ ਐਸ.ਟੀ.ਓ ਡਾ. ਰਾਜੇਸ਼ ਭਾਸਕਰ, ਪੀ.ਐਸ.ਏ.ਸੀ.ਐਸ. ਦੇ ਸਹਾਇਕ ਪ੍ਰੋਜੈਕਟ ਡਾਇਰੈਕਟਰ ਡਾ. ਬੌਬੀ ਗੁਲਾਟੀ, ਡਬਲਯੂ.ਐਚ.ਪੀ ਦੇ ਡਾਇਰੈਕਟਰ ਪ੍ਰੋਗਰਾਮਜ਼ ਅਭਿਸ਼ੇਕ ਸ਼ਰਮਾ, ਡੀ.ਟੀ.ਓ. ਪਟਿਆਲਾ ਡਾ. ਗੁਰਪ੍ਰੀਤ ਸਿੰਘ ਨਾਗਰਾ, ਡਾਇਰੈਕਟਰ – ਪ੍ਰੋਗਰਾਮ ਅਖਿਲੇਸ਼ ਕੁਮਾਰ, ਅਤੇ ਪੀ.ਪੀ.ਐਸ.ਏ. ਦੇ ਪ੍ਰੋਜੈਕਟ ਲੀਡ ਸੁਖਵਿੰਦਰ ਸਿੰਘ, ਪ੍ਰਾਈਵੇਟ ਪ੍ਰੈਕਟੀਸ਼ਨਰ ਡਾ. ਕਨਿਸ਼ਕ ਅਤੇ ਟੀ.ਬੀ ਚੈਂਪੀਅਨ ਸੁਮਨ ਨੇ ਵੀ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ।