National
ਪੰਜਾਬ ਸਰਕਾਰ ਵੱਲੋਂ SHE Cohort 3.0 ਦੀ ਸ਼ੁਰੂਆਤ

MOHALI: ਪੰਜਾਬ ਸਰਕਾਰ ਨੇ ਮੋਹਾਲੀ ਦੇ ਨੌਲੇਜ ਸਿਟੀ ਵਿਖੇ SHE (ਸਟਾਰਟਅੱਪਸ ਹੈਂਡਹੋਲਡਿੰਗ ਐਂਡ ਐਮਪਾਵਰਮੈਂਟ) ਕੋਹੋਰਟ 3.0 ਦੀ ਸ਼ੁਰੂਆਤ ਕੀਤੀ ਹੈ। ਇਸ ਸਮਾਗਮ ਦਾ ਉਦਘਾਟਨ ਸ਼੍ਰੀ ਪ੍ਰਿਯਾਂਕ ਭਾਰਤੀ, IAS, ਸਕੱਤਰ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਪੰਜਾਬ ਨੇ ਪਤਵੰਤਿਆਂ ਅਤੇ ਰਾਸ਼ਟਰੀ ਮਾਹਿਰਾਂ ਦੀ ਮੌਜੂਦਗੀ ਵਿੱਚ ਕੀਤਾ। ਸਕੱਤਰ STE ਨੇ ਸਮਾਗਮ ਦਾ ਉਦਘਾਟਨ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਾਜ ਸਰਕਾਰ ਪੰਜਾਬ ਰਾਜ ਲਈ ਇੱਕ ਜੀਵੰਤ ਅਤੇ ਸਮਾਵੇਸ਼ੀ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਰੱਖਦੀ ਹੈ।
SHE ਤਕਨਾਲੋਜੀ ਮਹਿਲਾ ਸਟਾਰਟ-ਅੱਪਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਮੁੱਖ ਪਹਿਲਕਦਮੀ ਹੈ ਅਤੇ ਇਸਦੀ ਅਗਵਾਈ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੁਆਰਾ ਕੀਤੀ ਜਾਂਦੀ ਹੈ। ਇਸ ਮੌਕੇ ਦੇ ਉੱਪਰ ਉਨ੍ਹਾਂ ਨੇ ਮਹਿਲਾ ਵਿਦਿਆਰਥੀਆਂ ਨੂੰ SHE 3.0 ਕੋਹੋਰਟ ਪ੍ਰੋਗਰਾਮ ਲਈ ਅਰਜ਼ੀ ਦੇਣ ਦੀ ਅਪੀਲ ਕੀਤੀ ਜੋ ਕਿ ਇਨਕਿਊਬੇਟਰਾਂ ਅਤੇ ਈਕੋਸਿਸਟਮ ਭਾਈਵਾਲਾਂ ਦੁਆਰਾ ਸਮਰਥਿਤ ਹੈ। ਉਨ੍ਹਾਂ ਅੱਗੇ ਦੱਸਿਆ ਕਿ 25 ਸ਼ੁਰੂਆਤੀ ਪੜਾਅ ਦੀਆਂ ਮਹਿਲਾਵਾਂ ਲਈ ਬਣਾਏ ਸਟਾਰਟ-ਅੱਪਸ ਨੂੰ ਉਨ੍ਹਾਂ ਦੇ ਤਕਨੀਕੀ ਆਧਾਰਤ ਉੱਦਮਾਂ ਸਦਕਾ ਵਧਾਉਣ ਲਈ ਸਮਰਥਨ ਦਿੱਤਾ ਗਿਆ ਹੈ ਅਤੇ ਹੁਣ ਸਰਕਾਰ ਟੀਅਰ II/III ਸ਼ਹਿਰਾਂ ਅਤੇ ਛੋਟੇ ਕਸਬਿਆਂ ਦੀਆਂ ਮਹਿਲਾ ਵਿਦਿਆਰਥੀਆਂ ਨੂੰ ਵੀ ਇਸ ਘੇਰੇ ਵਿੱਚ ਲਿਆਉਣ ਦੇ ਲਈ ਵਿਸਤਾਰ ਕਰ ਰਹੀ ਹੈ।
ਡਾ. ਅਨੀਤਾ ਅਗਰਵਾਲ, ਮੁਖੀ ਐਸਐਸਟੀਪੀ, ਡੀਐਸਟੀ, ਭਾਰਤ ਸਰਕਾਰ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਡੀਐਸਟੀ ਦੀਆਂ ਪਹਿਲਕਦਮੀਆਂ ਖਾਸ ਤੌਰ ‘ਤੇ ਦੇਸ਼ ਵਿੱਚ ਨਵੀਨਤਾ ਅਤੇ ਉੱਦਮਤਾ ਸੱਭਿਆਚਾਰ ਨੂੰ ਬਣਾਉਣ ਅਤੇ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ। ਇਸ ਤੋਂ ਇਲਾਵਾ ਦੱਸ ਦਈਏ ਕਿ ਉਨ੍ਹਾਂ ਨੇ ਤਕਨਾਲੋਜੀ ਅਧਾਰਤ ਨਵੀਨਤਾਵਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਜਿਸ ਵਿੱਚ ਬਹੁਤ ਜ਼ਿਆਦਾ ਵਪਾਰਕ ਸੰਭਾਵਨਾਵਾਂ ਹਨ। ਡਾ. ਅਸ਼ਵਨੀ ਪਾਰੀਕ, ED BRIC-NABI ਨੇ ਦੱਸਿਆ ਕਿ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਬਾਇਓਨੈਸਟ ਇਨਕਿਊਬੇਸ਼ਨ ਸੈਂਟਰ ਸਥਾਪਿਤ ਕੀਤਾ ਹੈ। ਜਿਸ ਦੇ ਜ਼ਰੀਏ ਉਹਨਾਂ ਨੇ ਰਾਜ ਦੇ ਬਾਇਓਟੈਕਨਾਲੋਜੀ, ਐਗਰੀ-ਟੈਕ, ਅਤੇ ਬਾਇਓ-ਮੈਨੂਫੈਕਚਰਿੰਗ ਸਟਾਰਟ-ਅੱਪਸ ਨੂੰ ਆਪਣਾ ਸਮਰਥਨ ਦਿੱਤਾ ਹੈ।
ਇੰਜੀਨੀਅਰ ਪ੍ਰਿਤਪਾਲ ਸਿੰਘ ED-PSCST ਨੇ ਦੱਸਿਆ ਕਿ PSCST ਮੁਕਾਬਲੇਬਾਜ਼ੀ ਦੇ ਨਾਲ ਨਾਲ ਵਿਕਾਸ ਨੂੰ ਵਧਾਉਣ ਅਤੇ ਨੌਕਰੀਆਂ ਪੈਦਾ ਕਰਨ ਲਈ ਮਜ਼ਬੂਤ ਖੋਜ ਅਤੇ ਨਵੀਨਤਾ ਜ਼ਰੀਏ ਬੁਨਿਆਦੀ ਢਾਂਚਾ ਬਣਾਉਣ ਲਈ ਮਿਸ਼ਨ ਇਨੋਵੇਟ ਪੰਜਾਬ ਦੀ ਅਗਵਾਈ ਕਰ ਰਿਹਾ ਹੈ। ਉਨ੍ਹਾਂ ਨੇ ਰਾਜ ਦੇ ਨਵੀਨਤਾ ਅਤੇ ਸਟਾਰਟ-ਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ PSCST ਦੁਆਰਾ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ PSCST ਉਦਯੋਗ ਦੇ ਖੋਜ ਅਤੇ ਨਵੀਨਤਾ ਦੇ ਦ੍ਰਿਸ਼ ਨੂੰ ਵੇਖ ਰਿਹਾ ਹੈ ਅਤੇ ਉਨ੍ਹਾਂ ਦੀਆਂ ਤਕਨੀਕੀ ਚੁਣੌਤੀਆਂ ਨੂੰ ਇਕੱਠਾ ਕਰ ਰਿਹਾ ਹੈ, ਸਟਾਰਟ-ਅੱਪਸ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਮੱਸਿਆਵਾਂ ਦੇ ਨਵੀਨਤਾਕਾਰੀ ਹੱਲ ਪ੍ਰਦਾਨ ਕਰਨ ਲਈ ਕਿਹਾ ਜਾ ਰਿਹਾ ਹੈ।
ਡਾ. ਦਪਿੰਦਰ ਕੌਰ ਬਖਸ਼ੀ, ਸੰਯੁਕਤ ਨਿਰਦੇਸ਼ਕ ਅਤੇ SHE ਪ੍ਰੋਗਰਾਮ ਜਾਂਚਕਰਤਾ, ਨੇ SHE ਪਹਿਲਕਦਮੀ ਦੇ ਪਿੱਛੇ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ ਅਤੇ ਦੱਸਿਆ ਕਿ PSCST ਸੰਭਾਵੀ ਮਹਿਲਾ ਸਟਾਰਟ-ਅੱਪਸ ਨੂੰ ਸੀਡ ਫੰਡਿੰਗ, ਇਨਕਿਊਬੇਸ਼ਨ, ਕਾਰੋਬਾਰੀ ਸਲਾਹ ਅਤੇ IP ਸੁਰੱਖਿਆ ਲਈ ਸਹਾਇਤਾ ਕਰੇਗਾ। ਅਤੇ ਨਾਲ ਹੀ ਦੂਸਰੇ ਪਾਸੇ ਤਕਨੀਕੀ ਅਗਵਾਈ ਵਾਲੇ ਸਟਾਰਟ-ਅੱਪਸ ਦਾ ਪਾਲਣ-ਪੋਸ਼ਣ ਮੌਕੇ ਦੀ ਪੜਚੋਲ ‘ਤੇ ਇੱਕ ਪੈਨਲ ਸੈਸ਼ਨ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰਮੁੱਖ ਇਨਕਿਊਬੇਟਰਾਂ, ਸੰਸਥਾਵਾਂ ਅਤੇ ਨਿਵੇਸ਼ ਏਜੰਸੀਆਂ ਦੇ ਮਾਹਰ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ, ਇਸ ਪ੍ਰੋਗਰਾਮ ਵਿੱਚ SHE ਸਟਾਰਟ-ਅੱਪਸ ਅਤੇ GRIP ਇਨੋਵੇਟਰਾਂ ਦੁਆਰਾ ਪ੍ਰਦਰਸ਼ਨੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਸ ਪ੍ਰੋਗਰਾਮ ਵਿੱਚ ਲਗਭਗ 300 ਵਿਦਿਆਰਥੀ, ਸਟਾਰਟ-ਅੱਪਸ, ਇਨੋਵੇਟਰ, ਖੋਜਕਰਤਾਵਾਂ ਨੇ ਹਿੱਸਾ ਲਿਆ। ਅਤੇ ਇਹ ਪ੍ਰੋਗਰਾਮ ਯਾਦਗਾਰੀ ਪੈੜਾਂ ਨੱਪਦਾ ਹੋਇਆ ਸਫਲਤਾ ਪੂਰਵਕ ਸੰਪੰਨ ਹੋਇਆ।