India
ਨਹੀਂ ਖੁੱਲ੍ਹੇ ਸ਼ਰਾਬ ਦੇ ਠੇਕੇ, ਠੇਕੇਦਾਰਾਂ ਦੀ ਨਹੀਂ ਬਣੀ ਸਰਕਾਰ ਨਾਲ ਸਹਿਮਤੀ, ਟਾਈਮਿੰਗ ਅਤੇ ਹੋਮ ਡਿਲੀਵਰੀ ਨੂੰ ਲੈ ਕੇ ਵਿਵਾਦ

ਲੁਧਿਆਣਾ, 07 ਮਈ ( ਸੰਜੀਵ ਸੂਧ): ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਅੱਜ ਸਵੇਰੇ ਨੌ ਵਜੇ ਤੋਂ ਲੈ ਕੇ ਦੁਪਹਿਰ ਇਕ ਵਜੇ ਤੱਕ ਸ਼ਰਾਬ ਦੇ ਠੇਕੇ ਖੋਲ੍ਹੇ ਜਾਣੇ ਸਨ ਜਿਸ ਤੋਂ ਬਾਅਦ ਹੋਮ ਡਿਲੀਵਰੀ ਵੀ ਸ਼ੁਰੂ ਕੀਤੀ ਜਾਣੀ ਸੀ ਪਰ ਠੇਕੇਦਾਰਾਂ ਨੇ ਆਪਣੀਆਂ ਕੁਝ ਮੰਗਾਂ ਸਰਕਾਰ ਅੱਗੇ ਰੱਖ ਦਿੱਤੀਆਂ ਅਤੇ ਠੇਕੇ ਨਾ ਖੋਲ੍ਹਣ ਦਾ ਫੈਸਲਾ ਲਿਆ ਠੇਕੇਦਾਰਾਂ ਦੀ ਮੁੱਖ ਮੰਗ ਹੈ ਕਿ ਸਰਕਾਰ ਨੇ ਠੇਕੇ ਖੋਲ੍ਹਣ ਦੀ ਜੋ ਸਮਾਂ ਸੀਮਾ ਤੈਅ ਕੀਤੀ ਹੈ ਉਹ ਸਹੀ ਨਹੀਂ ਹੈ ਕਿਉਂਕਿ ਦਿਨ ਵੇਲੇ ਉਨ੍ਹਾਂ ਦੀ ਵਿਕਰੀ ਨਹੀਂ ਹੋਵੇਗੀ।
ਇਸ ਦੌਰਾਨ ਗੱਲਬਾਤ ਕਰਦਿਆਂ ਸ਼ਰਾਬ ਦੇ ਲੁਧਿਆਣਾ ਤੋਂ ਠੇਕੇਦਾਰ ਅਤੇ ਵਾਈਨ ਐਸੋਸੀਏਸ਼ਨ ਦੇ ਮੈਂਬਰ ਸੰਬੋਧ ਗਰਗ ਸ਼ਾਲੂ ਨੇ ਕਿਹਾ ਕਿ ਪੰਜਾਬ ਦੇ ਸਾਰੇ ਹੀ ਠੇਕੇਦਾਰਾਂ ਨੇ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਸਮਾਂ ਸੀਮਾ ਤੈਅ ਕੀਤੀ ਹੈ ਉਹ ਗ਼ਲਤ ਹੈ ਚਾਰ ਪੰਜ ਘੰਟੇ ਦੇ ਵਿੱਚ ਵਿਕਰੀ ਨਹੀਂ ਹੁੰਦੀ ਨਾਲ ਹੀ ਉਨ੍ਹਾਂ ਪੁਰਾਣੇ ਸਟਾਕ ਨੂੰ ਲੈ ਕੇ ਵੀ ਸਰਕਾਰ ਦਾ ਸਟੈਂਡ ਸਾਫ਼ ਨਾ ਹੋਣ ਦੀ ਗੱਲ ਕਹੀ ਹੈ। ਠੇਕੇਦਾਰ ਨੇ ਕਿਹਾ ਹੈ ਕਿ ਸਰਕਾਰ ਸ਼ਰਾਬ ਦੀ ਹੋਮ ਡਲਿਵਰੀ ਦੀ ਗੱਲ ਕਹਿ ਰਹੀ ਹੈ ਉਹ ਵੀ ਮੁਮਕਿਨ ਨਹੀਂ ਕਿਉਂਕਿ ਉਨ੍ਹਾਂ ਕੋਲ ਸ਼ਰਾਬ ਦੀ ਦੁਕਾਨਾਂ ਤੇ ਇੰਨੇ ਕਰਿੰਦੇ ਮੌਜੂਦ ਨਹੀਂ ਨੇ, ਠੇਕੇਦਾਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਕਰੋੜਾਂ ਰੁਪਿਆ ਦਾ ਸਟੋਕ ਅੰਦਰ ਪਿਆ ਹੈ ਅਤੇ ਸਰਕਾਰ ਉਨ੍ਹਾਂ ਤੋਂ ਹੁਣ ਨਵੀਂ ਫੀਸ ਵੀ ਭਰਨ ਦੀ ਗੱਲ ਕਹਿ ਰਹੀ ਹੈ ਜਦੋਂ ਕਿ ਉਨ੍ਹਾਂ ਦਾ ਕੰਮ ਨਹੀਂ ਚੱਲ ਰਿਹਾ ਅਤੇ ਉਹ ਇੱਕ ਮਹੀਨੇ ਤੋਂ ਵਿਹਲੇ ਬੈਠੇ ਨੇ ਮੰਦੀ ਦੀ ਮਾਰ ਝੱਲ ਰਹੇ ਹਨ।
ਜ਼ਿਕਰੇਯੋਗ ਹੈ ਕਿ ਪੰਜਾਬ ਸਰਕਾਰ ਕੇਂਦਰੀ ਗ੍ਰਹਿ ਮੰਤਰੀ ਨੂੰ ਦੋ ਵਾਰ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਅਪੀਲ ਕਰ ਚੁੱਕੀ ਹੈ ਜਿਸ ਤੋਂ ਬਾਅਦ ਸਰਕਾਰ ਨੇ ਖੋਲ੍ਹਣ ਦਾ ਫੈਸਲਾ ਵੀ ਦੇ ਦਿੱਤਾ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਸ਼ਰਾਬ ਦੇ ਠੇਕੇ ਬੰਦ ਹੋਣ ਕਾਰਨ ਮਹੀਨਾ 500 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋ ਰਿਹਾ ਹੈ ਅਤੇ ਇਸ ਨੁਕਸਾਨ ਦੀ ਭਰਪਾਈ ਲਈ ਹੀ ਸਰਕਾਰ ਠੇਕੇ ਖੋਲ੍ਹਣਾ ਚਾਹੁੰਦੀ ਹੈ।