Punjab
ਪੰਜਾਬ ਵਿੱਚ ਜਲਦ ਹੀ ਸ਼ੁਰੂ ਹੀਵੇਗੀ ਲੀਵਰ ਟਰਾਂਸਪਲਾਂਟ ਦੀ ਸਹੂਲਤ: ਚੇਤਨ ਸਿੰਘ ਜੌੜਾਮਾਜਰਾ
ਚੰਡੀਗੜ੍ਹ:
ਪੰਜਾਬ ਦੀਆਂ ਸਿਹਤ ਸੰਸਥਾਵਾਂ ਦੇ ਕੰਮਕਾਜ ਵਿੱਚ ਸੁਧਾਰ ਲਿਆਉਣ ਅਤੇ ਡਾਕਟਰੀ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ ਭਰ ਦੀਆਂ ਸਿਹਤ ਸੰਸਥਾਵਾਂ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਦੇ ਮੱਦੇਨਜ਼ਰ ਅਚਨਚੇਤ ਨਿਰੀਖਣ ਮੁਹਿੰਮ ਸ਼ੁਰੂ ਕੀਤੀ।
ਆਪਣੀ ਕਿਸਮ ਦੇ ਅਜਿਹੇ ਪਹਿਲੇ ਦੌਰੇ ਮੌਕੇ ਉਨ੍ਹਾਂ ਨੇ ਮੋਹਾਲੀ ਵਿਖੇ ਲੀਵਰ ਸਰਜਰੀ ਲਈ ਜਲਦ ਕਾਰਜਸ਼ੀਲ ਹੋਣ ਵਾਲੇ ਪੰਜਾਬ ਇੰਸਟੀਚਿਊਟ ਆਫ ਲੀਵਰ ਐਂਡ ਬਿਲਿਆਰੀ ਸਾਇੰਸਜ਼, ਦੇ ਕੰਮਾਂ ਦਾ ਨਿਰੀਖਣ ਕੀਤਾ। ਜਿਥੇ ਉਨ੍ਹਾਂ ਨੇ ਪਹਿਲ ਦੇ ਆਧਾਰ ‘ਤੇ ਕੰਮ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਅਤੇ 50 ਬਿਸਤਰਿਆਂ ਵਾਲੇ ਇਸ ਸੁਪਰ-ਸਪੈਸ਼ਲਿਟੀ ਹਸਪਤਾਲ ਨੂੰ ਜਲਦੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਜੋ ਨਾ ਕੇਵਲ ਜਿਗਰ ਅਤੇ ਬਿਲੀਰੀ ਰੋਗਾਂ ਦੇ ਨਿਦਾਨ ਅਤੇ ਪ੍ਰਬੰਧਨ ਲਈ ਸੈਂਟਰ ਆਫ ਅਕਸੀਲੈਂਸ ਸਾਬਿਤ ਹੋਵੇਗਾ ਸਗੋਂ ਹੈਪੇਟੋ-ਬਿਲਰੀ ਵਿਗਿਆਨ ਦੇ ਖੇਤਰ ਵਿੱਚ ਉੱਨਤ ਸਿਖਲਾਈ ਅਤੇ ਖੋਜ ਪ੍ਰਦਾਨ ਕਰੇਗਾ।
ਜੌੜਾਮਾਜਰਾ ਨੇ ਆਸ ਪ੍ਰਗਟਾਈ ਕਿ ਇਹ ਪ੍ਰੋਜੈਕਟ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਫਲ ਹੋਵੇਗਾ ਅਤੇ ਪੰਜਾਬ ਲਈ ਸਿਹਤ-ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਵਾਲਾ ਵੱਡਾ ਪ੍ਰੋਜੈਕਟ ਸਿੱਧ ਹੋਵੇਗਾ।
ਇਸ ਮੌਕੇ ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਇਹ ਸਰਕਾਰ ਲੋਕਾਂ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਦੌਰੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਅਤੇ ਉਹ ਕਿਸੇ ਵੀ ਸਿਹਤ ਸੰਸਥਾ ਦਾ ਅਚਨਚੇਤ ਦੌਰਾ ਕਰ ਸਕਦੇ ਹਨ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਲੋਕਾਂ ਦੇ ਸੁਪਨੇ ਜਲਦੀ ਹੀ ਪੂਰੇ ਹੋ ਸਕਣ।