National
LJP ਦੇ ਸੰਸਦ ਮੈਂਬਰ ਪ੍ਰਿੰਸ ਰਾਜ ‘ਤੇ ਬਲਾਤਕਾਰ ਦਾ ਦੋਸ਼, ਅਦਾਲਤ ਦੇ ਆਦੇਸ਼ ‘ਤੇ ਦਿੱਲੀ ‘ਚ ਕੇਸ ਦਰਜ

ਨਵੀਂ ਦਿੱਲੀ : ਲੋਕ ਜਨਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਪ੍ਰਿੰਸ ਰਾਜ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬਲਾਤਕਾਰ ਦਾ ਇਹ ਕੇਸ ਦਿੱਲੀ ਦੇ ਕਨਾਟ ਪਲੇਸ ਥਾਣੇ ਵਿੱਚ ਅਦਾਲਤ ਦੇ ਆਦੇਸ਼ ਤੋਂ ਬਾਅਦ ਦਰਜ ਕੀਤਾ ਗਿਆ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਸੰਸਦ ਮੈਂਬਰ ਪ੍ਰਿੰਸ ਰਾਜ ਚਿਰਾਗ ਪਾਸਵਾਨ ਦੇ ਚਚੇਰੇ ਭਰਾ ਹਨ।
ਤਿੰਨ ਮਹੀਨੇ ਪਹਿਲਾਂ ਪੀੜਤਾ ਨੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਕੀਤੀ ਸੀ। ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਪੀੜਤਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਦਾਲਤ ਨੇ ਕਨਾਟ ਪਲੇਸ ਥਾਣੇ ਵਿੱਚ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਬਾਅਦ ਸੰਸਦ ਮੈਂਬਰ ਪ੍ਰਿੰਸ ਰਾਜ ਦੇ ਖਿਲਾਫ ਬਲਾਤਕਾਰ ਦੀਆਂ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਹਾਲਾਂਕਿ, ਜਦੋਂ ਪੀੜਤ ਨੇ ਥਾਣੇ ਵਿੱਚ ਸ਼ਿਕਾਇਤ ਕੀਤੀ, ਤਦ ਸੰਸਦ ਮੈਂਬਰ ਪ੍ਰਿੰਸ ਰਾਜ ਨੇ ਵੀ ਪੀੜਤ ਦੇ ਖਿਲਾਫ ਸ਼ਿਕਾਇਤ ਕੀਤੀ।
ਤੁਹਾਨੂੰ ਦੱਸ ਦੇਈਏ, ਚਿਰਾਗ ਪਾਸਵਾਨ ਨੇ 12 ਸਤੰਬਰ ਨੂੰ ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਦੇ ਸੰਸਥਾਪਕ ਅਤੇ ਮਰਹੂਮ ਨੇਤਾ ਰਾਮ ਵਿਲਾਸ ਪਾਸਵਾਨ ਦੀ ਪਹਿਲੀ ਬਰਸੀ ‘ਤੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਇਸ ਦੇ ਲਈ ਛਪੇ ਕਾਰਡ ‘ਤੇ ਚਾਚਾ ਪਸ਼ੂਪਤੀ ਪਾਰਸ ਅਤੇ ਚਚੇਰੇ ਭਰਾ ਪ੍ਰਿੰਸ ਰਾਜ ਦੇ ਨਾਂ ਵੀ ਲਿਖੇ ਹੋਏ ਸਨ। ਪਸ਼ੂਪਤੀ ਪਾਰਸ ਅਤੇ ਪ੍ਰਿੰਸ ਰਾਜ ਦੋਵਾਂ ਨੇ ਚਿਰਾਗ ਪਾਸਵਾਨ ਤੋਂ ਮੂੰਹ ਮੋੜ ਲਿਆ ਹੈ।