Connect with us

Uncategorized

ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਲੁਧਿਆਣਾ ‘ਚ ਪੰਜਾਬ ਦਾ ਪਹਿਲੇ ਹਾਈਟੈਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਸ਼ੁਰੂਆਤ

Published

on

ਚੰਡੀਗੜ੍ਹ/ਲੁਧਿਆਣਾ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਅੱਜ ਲੁਧਿਆਣਾ ਵਿੱਚ ਪੰਜਾਬ ਦਾ ਪਹਿਲਾ ਹਾਈਟੈਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਗਿਆ, ਜਿਸਦੇ ਤਹਿਤ ਸ਼ਹਿਰ ਵਿੱਚ ਲਗਭਗ 1401 ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ।

ਇਹ ਕੇਂਦਰ ਸ਼ਹਿਰ ਦੀ ਵਿਆਪਕ ਨਿਗਰਾਨੀ ਲਈ 35.96 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ ਅਤੇ ਨਗਰ ਨਿਗਮ ਦੇ ਜੋਨ-ਡੀ ਦਫ਼ਤਰ ਤੋਂ ਇਸਦਾ ਸੰਚਾਲਨ ਕੀਤਾ ਜਾਵੇਗਾ। ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.) ਰਾਹੀਂ ਟ੍ਰੈਫਿਕ, ਕਾਨੂੰਨ ਵਿਵਸਥਾ, ਐਲ.ਈ.ਡੀ. ਲਾਈਟਾਂ ਦੀ ਨਿਗਰਾਨੀ, ਐਸ.ਟੀ.ਪੀ., ਸੀ.ਈ.ਟੀ.ਪੀ., ਛੱਤ ਵਾਲੇ ਸੋਲਰ ਪੈਨਲ, ਨਾਜਾਇਜ਼ ਕਬਜ਼ੇ ਅਤੇ ਨਗਰ ਨਿਗਮ ਦੇ ਮਾਲੀਆ ਉਗਰਾਹੀ ਦੀ ਨਿਗਰਾਨੀ ਵਿੱਚ ਸਹਾਈ ਸਿੱਧ ਹੋਵੇਗਾ।

ਇਸ ਤੋਂ ਇਲਾਵਾ ਪ੍ਰਾਪਰਟੀ ਟੈਕਸ, ਵਾਟਰ ਐਂਡ ਸੀਵਰੇਜ, ਡਿਸਪੋਜ਼ਲ, ਪਾਲਤੂ ਜਾਨਵਰਾਂ ਦੀ ਰਜਿਸਟ੍ਰੇਸ਼ਨ, ਕਾਓ-ਸੈੱਸ ਇਕੱਠਾ ਕਰਨਾ, ਮੁਲਾਂਕਣ ਅਤੇ ਫੈਸਲੇ ਲੈਣਾ, ਸੀ.ਪੀ.ਸੀ.ਬੀ. ਅਤੇ ਪੀ.ਪੀ.ਸੀ.ਬੀ. ਤੋਂ ਪ੍ਰਾਪਤ ਡੇਟਾ ਨਾਲ ਹਵਾ ਦੀ ਗੁਣਵੱਤਾ ਨੂੰ ਮਾਪਣਾ, ਠੋਸ ਰਹਿੰਦ-ਖੂੰਹਦ ਵਾਲੇ ਟਰੱਕਾਂ, ਨਗਰ ਨਿਗਮ ਦੇ ਵਾਹਨਾਂ ਦੀ ਨਿਗਰਾਨੀ ਲਈ ਵਾਹਨ ਟਰੈਕਿੰਗ ਸਿਸਟਮ (ਜੀ.ਪੀ.ਐਸ.), ਸਿਟੀ ਬੱਸ ਸੇਵਾਵਾਂ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਸ਼ਹਿਰ ਵਿੱਚ 300 ਹੋਰ ਕੈਮਰੇ ਵੀ ਲਗਾਏ ਜਾ ਰਹੇ ਹਨ ਜੋ ਕਿ ਆਈ.ਸੀ.ਸੀ. ਸੈਂਟਰ ਨਾਲ ਜੁੜੇ ਹੋਣਗੇ। ਇਹ ਨਵੇਂ ਕੈਮਰੇ ਸੈਕੰਡਰੀ ਪੁਆਇੰਟਾਂ ਤੋਂ ਕੂੜਾ ਇਕੱਠਾ ਕਰਨ ਵਾਲੇ, ਬੁੱਢੇ ਨਾਲੇ ਦੇ ਕੰਪੈਕਟਰ, ਅਵਾਰਾ ਪਸ਼ੂ, ਮਾਲੀਆ ਉਗਰਾਹੀ ਜਿਵੇਂ ਕਿ ਜੀ.ਆਈ.ਐਸ. ਨਕਸ਼ਿਆਂ ਨਾਲ ਏਕੀਕਰਣ ਤੋਂ ਬਾਅਦ ਯੂ.ਆਈ.ਡੀ. ਨੰਬਰ ਪਲੇਟਾਂ ਨੂੰ ਲਾਗੂ ਕਰਨ ਤੋਂ ਬਾਅਦ ਪ੍ਰਾਪਰਟੀ ਟੈਕਸ ਅਤੇ ਪਾਣੀ ਦੇ ਟੈਕਸਾਂ ਦੀ ਨਿਗਰਾਨੀ ਕਰਨ ਵਿੱਚ ਵੀ ਮਦਦ ਕਰਨਗੇ। ਪੁਲਿਸ ਅਤੇ ਨਗਰ ਨਿਗਮ ਦੇ ਵਾਹਨਾਂ ‘ਤੇ 30 ਵਾਹਨ ਮਾਊਂਟਡ ਕੈਮਰਾ ਸਿਸਟਮ ਵੀ ਲਗਾਏ ਜਾ ਰਹੇ ਹਨ, ਜੋ ਕਿ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਹਟਾਉਣ/ਮੁਜ਼ਾਹਰੇ/ਜਨਤਕ ਇਕੱਠ/ਕਾਰਜਾਂ ਦੌਰਾਨ ਲਾਈਵ ਵੀਡੀਓਗ੍ਰਾਫੀ ਰਾਹੀਂ  ਨਿਗਰਾਨੀ ਰੱਖਣ ਵਿੱਚ ਮਦਦ ਕਰਨਗੇ।

ਕੈਬਨਿਟ ਮੰਤਰੀ ਨਿੱਝਰ ਨੇ ਕਿਹਾ ਕਿ 200 ਮੀਟਰ ਦੀ ਰੇਂਜ ਵਾਲੇ 600 ਬਾਹਰੀ ਆਈ.ਆਰ. ਇਲੂਮੀਨੇਟਰ ਜ਼ੀਰੋ ਵਿਜ਼ੀਬਿਲਟੀ ਦੌਰਾਨ ਵੀ ਬਿਹਤਰ ਨਿਗਰਾਨੀ ਨੂੰ ਯਕੀਨੀ ਬਣਾਉਣਗੇ। ਇਸ ਨਾਲ ਸ਼ਹਿਰ ਵਿੱਚ ਸੁਰੱਖਿਆ ਦੀ ਸਥਿਤੀ ਨੂੰ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਸਾਨੂੰ ਉਮੀਦ ਹੈ ਕਿ ਲੋਕ ਆਪਣੇ ਆਪ ਨੂੰ ਵਧੇਰੇ ਸੁਰੱਖਿਅਤ ਮਹਿਸੂਸ ਕਰਨਗੇ।

ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਏਕੀਕ੍ਰਿਤ ਕਮਾਂਡ ਸੈਂਟਰ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸਨ ਦੇ ਕੰਮਕਾਜ ਵਿੱਚ ਵਿਆਪਕ ਤਬਦੀਲੀ ਲਿਆਵੇਗਾ। ਉਨ੍ਹਾਂ ਕਿਹਾ ਕਿ ਆਈ.ਸੀ.ਸੀ.ਸੀ. ਇੱਕ ਕ੍ਰਾਂਤੀਕਾਰੀ ਕਦਮ ਹੈ ਜੋ ਨਾ ਸਿਰਫ਼ ਲੁਧਿਆਣਾ ਨੂੰ ਸੁਰੱਖਿਅਤ ਬਣਾਏਗਾ ਸਗੋਂ ਨਗਰ ਨਿਗਮ ਦੀਆਂ ਨਾਗਰਿਕ-ਕੇਂਦ੍ਰਿਤ ਸੇਵਾਵਾਂ ਦੀ ਡਿਲਿਵਰੀ ਵਿੱਚ ਵੀ ਸੁਧਾਰ ਕਰੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਉਦਯੋਗਿਕ ਹੱਬ ਲੁਧਿਆਣਾ ਨੂੰ ਦੇਸ਼ ਦੇ ਅਤਿ ਆਧੁਨਿਕ ਸਹੂਲਤਾਂ ਅਤੇ ਬਿਹਤਰੀਨ ਬੁਨਿਆਦੀ ਢਾਂਚੇ ਵਾਲੇ ਬਿਹਤਰੀਨ ਸ਼ਹਿਰਾਂ ਵਿੱਚੋਂ ਇੱਕ ਵਜੋਂ ਵਿਕਸਤ ਕਰਨ ਲਈ ਵਚਨਬੱਧ ਹੈ।ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵੱਲੋਂ ਨਗਰ ਨਿਗਮ ਦੇ ਜ਼ੋਨ ਡੀ ਦਫ਼ਤਰ ਵਿੱਚ ਬੂਟਾ ਲਾਇਆ। ਬਾਅਦ ਵਿੱਚ ਉਨ੍ਹਾਂ ਨਗਰ ਨਿਗਮ ਦੇ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਰਾਕੇਸ਼ ਪਰਾਸ਼ਰ ਪੱਪੀ, ਰਜਿੰਦਰਪਾਲ ਕੌਰ ਛੀਨਾ, ਕੁਲਵੰਤ ਸਿੰਘ ਸਿੱਧੂ, ਮਦਨ ਲਾਲ ਬੱਗਾ, ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਨਗਰ ਨਿਗਮ ਕਮਿਸ਼ਨਰ ਡਾ: ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਗੋਇਲ, ਸ਼ਰਨਪਾਲ ਸਿੰਘ ਮੱਕੜ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।