India
ਲਾੱਕ ਡਾਊਨ, ਕਰਫਿਊ -ਮੋਹਾਲੀ ਜ਼ਿਲ੍ਹੇ ਦੇ ਪਿੰਡ ਮੋਟੇਮਾਜਰਾ ਵਿੱਚ 3 ਦਿਨ ਬਾਅਦ ਘਰ ਪਹੁੰਚੀਆ ਨਾਬਾਲਿਗ ਕੁੜੀਆਂ
ਵਰਲਡ ਪੰਜਾਬੀ , 26 ਮਾਰਚ ( ਬਲਜੀਤ ਮਰਵਾਹਾ ) : ਕੋਰੋਨਾ ਵਾਇਰਸ ਕਰਕੇ ਹੋਏ ਲਾਕ ਡਾਊਨ ਅਤੇ ਕਰਫਿਊ ਕਰਕੇ ਕੁਝ ਨਾਬਾਲਿਗ ਬੱਚੀਆਂ ਆਪਣੇ ਘਰ ਨਹੀਂ ਆ ਪਾ ਰਹੀਆਂ ਸਨ ,ਪਰ ਜਦੋ ਇਹ ਮਾਮਲਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਧਿਆਨ ਵਿਚ ਆਇਆ ਤੇ ਇਹ ਬੱਚੀਆਂ ਅੱਜ ਵੀਰਵਾਰ ਸਵੇਰੇ ਆਪਣੇ ਘਰ ਪਹੁੰਚ ਗਈਆਂ। ਬੱਚੀਆਂ ਦੇ ਮਾਪੇ ਕਈ ਦਿਨਾਂ ਤੋਂ ਬੱਚੀਆਂ ਨੂੰ ਆਪਣੇ ਘਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਬੱਚੀਆਂ ਨੂੰ ਲੈ ਕੇ ਆਉਣ ਵਾਲੇ ਪਿੰਡ ਮੋਟੇ ਮਾਜਰਾ ਜਿਲਾ ਐੱਸ ਏ ਐੱਸ ਨਗਰ ਦੇ ਵਾਸੀ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਬੱਚੀਆਂ ਕੁਝ ਦਿਨ ਪਹਿਲਾ ਰਿਸ਼ਤੇਦਾਰੀ ਵਿੱਚ ਪਿੰਡ ਕਾਠਗੜ੍ਹ ਜ਼ਿਲ੍ਹਾ ਐੱਸ ਬੀ ਐੱਸ ਨਗਰ ਗਈਆਂ ਸਨ। ਜਦੋ ਉਹ ਵਾਪਿਸ ਆਉਣ ਲੱਗੀਆਂ ਤਾ ਲਾਕ ਡਾਊਨ ਅਤੇ ਕਰਫਿਊ ਸ਼ੁਰੂ ਹੋ ਗਿਆ। ਮਾਪੇ ਕਈ ਦਿਨਾਂ ਤੋਂ ਉਹਨਾਂ ਨੂੰ ਘਰ ਲਿਆਉਣ ਲਈ ਤਰਲੋ ਮੱਛੀ ਹੋ ਰਹੇ ਸਨ ,ਪਰ ਉਹਨਾਂ ਨੂੰ ਜਾਣ ਨਹੀਂ ਸੀ ਦਿੱਤਾ ਜਾ ਰਿਹਾ। ਹਾਰ ਕੇ ਉਹਨਾਂ ਇਹ ਮਸਲਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਜੋ ਕਿ ਉਹਨਾਂ ਦੇ ਵਿਧਾਇਕ ਵੀ ਹਨ ,ਉਹਨਾਂ ਦੀ ਜਾਣਕਾਰੀ ਵਿੱਚ ਲਿਆਂਦਾ । ਸਿੱਧੂ ਨੇ ਮਾਮਲੇ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ ਆਪਣੇ ਗੰਨਮੈਨ ਨੂੰ ਉਹਨਾਂ ਦੇ ਨਾਲ ਭੇਜਿਆ ਅਤੇ ਉਹ ਬੱਚੀਆਂ ਨੂੰ ਲੈ ਕੇ ਡੇਢ ਘੰਟੇ ਵਿੱਚ ਵਾਪਿਸ ਆਪਣੇ ਪਿੰਡ ਆ ਗਏ। ਮਾਪਿਆਂ ਤੇ ਪਿੰਡ ਵਾਲਿਆਂ ਨੇ ਮੰਤਰੀ ਸਿੱਧੂ ਦਾ ਇਸ ਤਰਾਂ ਸਾਥ ਦੇਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਬਾਰੇ ਸੰਪਰਕ ਕਰਨ ਤੇ ਮੰਤਰੀ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਬੱਚੀਆਂ ਨੂੰ ਵਾਪਿਸ ਲਿਆਂਦਾ ਗਿਆ ਹੈ। ਲੋਕਾਂ ਵਲੋਂ ਅੰਮ੍ਰਿਤਸਰ,ਹਜੂਰ ਸਾਹਿਬ ਤੋਂ ਵੀ ਉਹਨਾਂ ਨੂੰ ਫੋਨ ਕੀਤੇ ਜਾ ਰਹੇ ਹਨ ਤੇ ਉਹ ਇਸ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ।