Connect with us

Punjab

ਲੋਕ ਸਭਾ ਚੋਣਾਂ 2024: ਆ ਗਏ ਨਤੀਜੇ , ਪੜ੍ਹੋ ਕਿਹੜਾ-ਕਿਹੜਾ ਉਮੀਦਵਾਰ ਚੜ੍ਹੇਗਾ ਸੰਸਦ ਦੀ ਪੌੜੀ

Published

on

1 ਜੂਨ ਨੂੰ ਪੰਜਾਬ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ। 13 ਲੋਕ ਸਭਾ ਸੀਟਾਂ ‘ਤੇ ਪੰਜਾਬ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਬਸਪਾ ਵਲੋਂ ਵੱਡੇ ਵੱਡੇ ਚਿਹਰੇ ਚੋਣ ਮੈਦਾਨ ਵਿਚ ਉਤਾਰੇ ਸੀ। ਇਸ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਆਏ। ਨਤੀਜਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਚੋਂ 7 ਕਾਂਗਰਸ ਦੀ ਝੋਲੀ ਪਈਆਂ। ਆਪ ਦੇ ਹਿੱਸੇ 3 ਅਤੇ ਅਕਾਲੀ ਦਲ ਦੇ 1 ਉਮੀਦਵਾਰ ਨੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ 2 ਅਜ਼ਾਦ ਉਮੀਦਵਾਰਾਂ ਨੇ ਵੱਡੀ ਲੀਡ ਹਾਸਿਲ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਸੀਟ ਤੋਂ ਕਿਹੜੇ ਉਮੀਦਵਾਰ ਨੂੰ ਲੋਕਾਂ ਦਾ ਫ਼ਤਵਾਂ ਮਿਲਿਆ।

1. ਜਲੰਧਰ
ਲੋਕ ਸਭਾ ਸੀਟ ਜਲੰਧਰ ਵਿੱਚ ਕਾਫੀ ਦਿਲਚਸਪ ਮੁਕਾਬਲਾ ਰਿਹਾ। ਇੱਥੇ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਵਿੱਚ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਕਾਫੀ ਤੇਜ਼ੀ ਨਾਲ ਅੱਗੇ ਵਧੇ। ਚਰਨਜੀਤ ਚੰਨੀ ਨੇ ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ ਪਛਾੜਦੇ ਹੋਏ 3,90, 053 ਵੋਟਾਂ ਹਾਸਲ ਕੀਤੀਆਂ ਹਨ। ਉਥੇ ਹੀ ਸੁਸ਼ੀਲ ਕੁਮਾਰ ਰਿੰਕੂ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਤੀਜੇ ਨੰਬਰ ‘ਤੇ ਜਦਕਿ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਚੌਥੇ ਨੰਬਰ ‘ਤੇ ਰਹੇ। ਇਸ ਤੋਂ ਇਲਾਵਾ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਪੰਜਵੇਂ ਨੰਬਰ ‘ਤੇ ਰਹੇ। ਚੰਨੀ 1,75,993 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ ਹਨ।

2. ਲੁਧਿਆਣਾ –
ਲੁਧਿਆਣਾ ਸੀਟ ਦੀ ਗੱਲ ਕਰੀਏ ਤਾਂ ਇੱਥੋਂ ਭਾਜਪਾ ਦੇ ਰਵਨੀਤ ਸਿੰਘ ਬਿੱਟੂ, ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਅਸ਼ੋਕ ਕੁਮਾਰ ਪਰਾਸ਼ਰ ਪੱਪੀ ਚੋਣ ਮੈਦਾਨ ‘ਚ ਨਿੱਤਰੇ ਹਨ, ਜਦਕਿ ਬਹੁਜਨ ਸਮਾਜ ਪਾਰਟੀ ਨੇ ਇੱਥੋਂ ਦਵਿੰਦਰ ਸਿੰਘ ਪਨੇਸਰ ਨੂੰ ਖੜ੍ਹਾ ਕੀਤਾ ਹੈ। ਰੁਝਾਨਾਂ ਮੁਤਾਬਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 27,541 ਵੋਟਾਂ ਦੇ ਮਾਰਜਨ ਨਾਲ ਰਵਨੀਤ ਬਿੱਟੂ ਨੂੰ ਹਰਾਇਆ। ਕੁੱਲ 2,67,222 ਵੋਟਾਂ ਨਾਲ ਰਾਜਾ ਵੜਿੰਗ ਜਿੱਤੇ। ਦੂਜੇ ਨੰਬਰ ‘ਤੇ ਭਾਜਪਾ ਦੇ ਰਵਨੀਤ ਬਿੱਟੂ ਰਹੇ ਤੇ ਅਸ਼ੋਕ ਕੁਮਾਰ ਪੱਪੀ ਪਰਾਸ਼ਰ ਤੀਜੇ ਨੰਬਰ ‘ਤੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਚੌਥੇ ਨੰਬਰ ‘ਤੇ ਰਹੇ।

3.ਫਿਰੋਜ਼ਪੁਰ-
ਇਸ ਸੀਟ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ ਲੋਕਾਂ ਦਾ ਫ਼ਤਵਾ ਮਿਲਿਆ ਹੈ। 2,64,712 ਵੋਟਾਂ ਦੇ ਨਾਲ ਸ਼ੇਰ ਸਿੰਘ ਘੁਬਾਇਆ ਨੇ ਜਿੱਤ ਹਾਸਲ ਕੀਤੀ ਅਤੇ 3439 ਵੋਟਾਂ ਦੇ ਫ਼ਰਕ ਨਾਲ ‘ਆਪ’ ਦੇ ਜਗਦੀਪ ਸਿੰਘ ਕਾਕਾ ਬਰਾੜ ਨੂੰ ਪਛਾੜਿਆ। ਇਸ ਤੋਂ ਇਲਾਵਾ ਭਾਜਪਾ ਦਾ ਗੁਰਮੀਤ ਸਿੰਘ ਸੋਢੀ ਤੀਜੇ ਨੰਬਰ ‘ਤੇ ਰਹੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਨਰਦੇਵ ਸਿੰਘ ਬੌਬੀ ਮਾਨ ਚੌਥੇ ਨੰਬਰ ‘ਤੇ ਰਿਹਾ।

4. ਫਰੀਦਕੋਟ-
ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੂੰ ਕੁੱਲ 2,96,922 ਵੋਟਾਂ ਪਈਆਂ। 70,246 ਵੋਟਾਂ ਦੇ ਮਾਰਜਨ ਨਾਲ ਸਰਬਜੀਤ ਸਿੰਘ ਖਾਲਸਾ ਨੇ ਕਰਮਜੀਤ ਸਿੰਘ ਅਨਮੋਲ ਨੂੰ ਪਛਾੜਿਆ। ਇਸ ਤੋਂ ਇਲਾਵਾ ਕਾਂਗਰਸ ਸੀਟ ਤੋਂ ਅਮਰਜੀਤ ਕੌਰ ਸਾਹੋਕੇ ਤੀਜੇ ਸਥਾਨ ‘ਤੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਧਰਮਕੋਟ ਚੌਥੇ ਸਥਾਨ ‘ਤੇ ਰਹੇ। ਭਾਜਪਾ ਸੀਟ ਤੋਂ ਚੋਣ ਲੜ ਰਹੇ ਹੰਸ ਰਾਜ ਹੰਸ ਪੰਜਵੇ ਸਥਾਨ ‘ਤੇ ਰਹੇ।

5. ਗੁਰਦਾਸਪੁਰ
ਗੱਲ ਕਰੀਏ ਗੁਰਦਾਸਪੁਰ ਸੀਟ ਦੀ ਤਾਂ ਇੱਥੇ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ 3,50,766 ਵੋਟਾਂ ਨਾਲ ਵੱਡੀ ਜਿੱਤ ਹਾਸਿਲ ਕੀਤੀ ਅਤੇ 82,685 ਵੋਟਾਂ ਦੇ ਮਾਰਜਨ ਨਾਲ ਭਾਜਪਾ ਦੇ ਦਿਨੇਸ਼ ਬੱਬੂ ਨੂੰ ਹਰਾਇਆ।’ਆਪ’ ਦੇ ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਤੀਜੇ ਸਥਾਨ ‘ਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ ਚੌਥੇ ਸਥਾਨ ‘ਤੇ ਰਹੇ।

6. ਅੰਮ੍ਰਿਤਸਰ
ਅੰਮ੍ਰਿਤਸਰ ਵਿੱਚ ਕਾਂਗਰਸ ਦਾ ਪੱਲੜਾ ਭਾਰੀ ਰਿਹਾ ਹੈ। 2,54,414 ਵੋਟਾਂ ਨਾਲ ਗੁਰਜੀਤ ਸਿੰਘ ਔਜਲਾ ਨੇ ਜਿੱਤ ਹਾਸਲ ਕੀਤੀ ਹੈ ਅਤੇ 40,146 ਵੋਟਾਂ ਦੇ ਮਾਰਜ਼ਨ ਨਾਲ ‘ਆਪ’ ਦੇ ਕੁਲਦੀਪ ਸਿੰਘ ਧਾਲੀਵਾਲ ਨੂੰ ਹਰਾਇਆ ਹੈ। ਭਾਜਪਾ ਦੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਤੀਜੇ ਸਥਾਨ ‘ਤੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਚੌਥੇ ਸਥਾਨ ‘ਤੇ ਰਹੇ।

7. ਸ਼੍ਰੀ ਆਨੰਦਪੁਰ ਸਾਹਿਬ
‘ਆਪ’ ਦੇ ਮਾਲਵਿੰਦਰ ਸਿੰਘ ਕੰਗ ਨੇ 3,12,241 ਵੋਟਾਂ ਨਾਲ ਜਿੱਤ ਹਾਸਲ ਕੀਤੀ ਅਤੇ 10,827 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਨੂੰ ਹਰਾਇਆ। ਭਾਜਪਾ ਦੇ ਡਾ. ਸੁਭਾਸ਼ ਸ਼ਰਮਾ ਤੀਜੇ ਸਥਾਨ ‘ਤੇ ਰਹੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਚੌਥੇ ਸਥਾਨ ‘ਤੇ ਰਹੇ।

8. ਬਠਿੰਡਾ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ 3,75,019 ਵੋਟਾਂ ਨਾਲ ਜਿੱਤ ਹਾਸਲ ਕੀਤੀ ਅਤੇ 50,000 ਵੋਟਾਂ ਨਾਲ ਆਪ ਦੇ ਗੁਰਮੀਤ ਸਿੰਘ ਖੁੱਡੀਆਂ ਨੂੰ ਪਛਾੜਿਆ। ਕਾਂਗਰਸ ਦੇ ਜੀਤ ਮੋਹਿੰਦਰ ਸਿੰਘ ਸਿੱਧੂ ਤੀਜੇ ਸਥਾਨ ‘ਤੇ ਰਹੇ ਅਤੇ ਭਾਜਪਾ ਸੀਟ ਤੋਂ ਪਰਮਪਾਲ ਕੌਰ ਸਿੱਧੂ ਚੌਥੇ ਸਥਾਨ ‘ਤੇ ਰਹੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ , ਸਿਮਰਨਜੀਤ ਸਿੰਘ ਮਾਨ) ਪੰਜਵੇਂ ਸਥਾਨ ‘ਤੇ ਰਹੇ।

9. ਫਤਿਹਗੜ੍ਹ ਸਾਹਿਬ
ਫਤਿਹਗੜ੍ਹ ਸਾਹਿਬ ਵਿੱਚ ਕਾਂਗਰਸ ਦੇ ਅਮਰ ਸਿੰਘ ਨੇ 3,32,591 ਵੋਟਾਂ ਨਾਲ ਜਿੱਤੇ ਅਤੇ 34,202 ਵੋਟਾਂ ਨਾਲ ਆਪ ਦੇ ਗੁਰਪ੍ਰੀਤ ਸਿੰਘ ਜੇਪੀ ਨੂੰ ਹਰਾਇਆ। ਭਾਜਪਾ ਦੇ ਗੇਜਾ ਰਾਮ ਤੀਜੇ ਸਥਾਨ ‘ਤੇ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਖਾਲਸਾ ਚੌਥੇ ਸਥਾਨ ‘ਤੇ ਰਹੇ।

10. ਹੁਸ਼ਿਆਰਪੁਰ
ਇਸ ਸੀਟ ਤੋਂ ‘ਆਪ’ ਦੇ ਡਾ. ਰਾਜ ਕੁਮਾਰ ਚੱਬੇਵਾਲ ਨੇ 3,02,402 ਵੋਟਾਂ ਨਾਲ ਜਿੱਤੇ ਅਤੇ 44,466 ਵੋਟਾਂ ਨਾਲ ਕਾਂਗਰਸ ਦੀ ਯਾਮਿਨੀ ਗੋਮਰ ਨੂੰ ਹਰਾਇਆ। ਭਾਜਪਾ ਦੀ ਅਨੀਤਾ ਸੋਮ ਪ੍ਰਕਾਸ਼ ਤੀਜੇ ਸਥਾਨ ‘ਤੇ ਰਹੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਸੋਹਣ ਸਿੰਘ ਠੰਡਲ ਚੌਥੇ ਸਥਾਨ ‘ਤੇ ਰਹੇ।

11.ਖਡੂਰ ਸਾਹਿਬ
ਇੱਥੋ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ 3,76,287 ਵੋਟਾਂ ਪਈਆਂ ਅਤੇ 1,78,022 ਵੋਟਾਂ ਦੇ ਮਾਰਜਨ ਨਾਲ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ ਹਰਾਇਆ। ‘ਆਪ’ ਦੇ ਲਾਲਜੀਤ ਸਿੰਘ ਭੁੱਲਰ ਤੀਜੇ ਸਥਾਨ ‘ਤੇ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਚੌਥੇ ਸਥਾਨ ‘ਤੇ ਰਹੇ ਜਦਕਿ ਭਾਜਪਾ ਦੇ ਮਨਜੀਤ ਸਿੰਘ ਮੰਨਾ ਪੰਜਵੇਂ ਸਥਾਨ ‘ਤੇ ਰਹੇ।

12. ਸੰਗਰੂਰ-
ਇੱਥੋ ਆਪ ਦੇ ਗੁਰਮੀਤ ਸਿੰਘ ਮੀਤ ਹੇਅਰ ਨੂੰ 3,64,085 ਵੋਟਾਂ ਮਿਲੀਆਂ ਅਤੇ 1,72,560 ਵੋਟਾਂ ਨਾਲ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ ਹਰਾਇਆ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਤੀਜੇ ਸਥਾਨ ‘ਤੇ ਰਹੇ ਅਤੇ ਭਾਜਪਾ ਦੇ ਅਰਵਿੰਦ ਖੰਨਾ ਚੌਥੇ ਸਥਾਨ ‘ਤੇ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾ ਪੰਜਵੇਂ ਸਥਾਨ ‘ਤੇ ਰਹੇ।

13. ਪਟਿਆਲਾ-
ਪਟਿਆਲਾ ਤੋਂ ਕਾਂਗਰਸ ਦੇ ਡਾਂ. ਧਰਮਵੀਰ ਗਾਂਧੀ 3,05,616 ਵੋਟਾਂ ਨਾਲ ਜਿੱਤੇ ਅਤੇ 14,831 ਵੋਟਾਂ ਨਾਲ ਆਪ ਦੇ ਡਾ. ਬਲਬੀਰ ਸਿੰਘ ਨੂੰ ਪਛਾੜਿਆ। ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਪ੍ਰਨੀਤ ਕੌਰ ਤੀਜੇ ਸਥਾਨ ‘ਤੇ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐੱਨ.ਕੇ ਸ਼ਰਮਾ ਚੌਥੇ ਸਥਾਨ ‘ਤੇ ਰਹੇ।

 

(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)