Corona Virus
ਲੁਧਿਆਣਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਲਾਇਆ ਧਰਨਾ, ਘਟੀਆ ਮਾਸਕ ਨੂੰ ਲੈ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਲੁਧਿਆਣਾ, 19 ਮਈ:(ਸੰਜੀਵ ਸੂਦ): ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਬੀਤੇ ਦਿਨ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਚਾਰ ਦਰਜਾ ਚਾਰ ਮੁਲਾਜ਼ਮ ਕਰੋਨਾ ਤੋਂ ਪਾਜ਼ੀਟਿਵ ਆਉਣ ਤੋਂ ਬਾਅਦ ਅੱਜ ਡਾਕਟਰਾਂ ਅਤੇ ਸਟਾਫ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਸਾਰੇ ਹੀ ਡਾਕਟਰ ਅਤੇ ਹਸਪਤਾਲ ਸਟਾਫ ਕੰਮ ਕਾਰ ਛੱਡ ਕੇ ਸਰਕਾਰ ਦੇ ਵਿਰੁੱਧ ਨਿੱਤਰ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਮਾਸਕ ਸਰਕਾਰ ਵੱਲੋਂ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਨੇ ਉਹ ਬਹੁਤ ਹੀ ਘਟੀਆ ਕੁਆਲਿਟੀ ਦੇ ਨੇ ਉਨ੍ਹਾਂ ਵਿੱਚ ਸਿਲਾਈਆਂ ਨੇ ਜਿਸ ਰਾਹੀਂ ਕਿਸੇ ਵੀ ਤਰ੍ਹਾਂ ਦਾ ਵਾਇਰਸ ਉਸ ਵਿੱਚ ਆਸਾਨੀ ਨਾਲ ਆ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਅਸੀਂ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਹਾਂ ਅਤੇ ਇਸ ਦੇ ਬਾਵਜੂਦ ਸਰਕਾਰ ਉਨ੍ਹਾਂ ਦੀ ਜਾਨ ਨਾਲ ਖਿਲਵਾੜ ਕਰ ਰਹੀ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ।
ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਹ ਮਾਸਕ ਉਨ੍ਹਾਂ ਤੱਕ ਕਿਵੇਂ ਪਹੁੰਚਦੇ ਨੇ ਕੌਣ ਸਪਲਾਈ ਕਰਦਾ ਹੈ, ਪਰ ਸਿਰਫ ਇਹ ਜਾਣਦੇ ਨੇ ਕਿ ਇਹ ਮਾਸਕ ਬਹੁਤ ਘਟੀਆ ਕੁਆਲਟੀ ਦੇ ਹਨ, ਉਨ੍ਹਾਂ ਕਿਹਾ ਜੋ ਪਹਿਲਾਂ ਸਰਕਾਰ ਵੱਲੋਂ ਮਾਸਕ ਆਉਂਦੇ ਸਨ ਉਹ ਚੰਗੀ ਕੁਆਲਿਟੀ ਦੇ ਸਨ, ਪਰ ਹੁਣ ਬਿਲਕੁਲ ਹੀ ਘਟੀਆ ਕੁਆਲਟੀ ਦੇ ਮਾਸਕ ਭੇਜੇ ਜਾ ਰਹੇ ਹਨ। ਡਾਕਟਰਾਂ ਨੇ ਕਿਹਾ ਕਿ ਜੋ ਸਟਾਫ਼ ਉਨ੍ਹਾਂ ਨਾਲ ਕੰਮ ਕਰ ਰਿਹਾ ਹੈ ਉਹ ਬੇਹੱਦ ਗਰੀਬ ਹੈ ਅਤੇ ਉਸ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਾਲ ਖਿਲਵਾੜ ਹੋ ਰਿਹਾ ਹੈ।
ਇਕ ਪਾਸੇ ਜਿੱਥੇ ਲਗਾਤਾਰ ਫਰੰਟਲਾਈਨ ਡਾਕਟਰ ਆਪਣੀ ਜਾਨ ਜੋਖਮ ‘ਚ ਪਾ ਕੇ ਕਰੋਨਾ ਵਰਗੀ ਮਹਾਂਮਾਰੀ ਨਾਲ ਲੜ ਰਹੇ ਨੇ ਉੱਥੇ ਹੀ ਸਰਕਾਰਾਂ ਵੱਲੋਂ ਅਤੇ ਸਿਹਤ ਮਹਿਕਮੇ ਵੱਲੋਂ ਅਜਿਹੇ ਘਪਲੇ ਉਜਾਗਰ ਹੋ ਰਹੇ ਨੇ, ਜੋ ਸਿੱਧੇ ਤੌਰ ਤੇ ਡਾਕਟਰਾਂ ਸਟਾਫ ਅਤੇ ਨਰਸਾਂ ਦੀ ਜਾਨ ਨਾਲ ਖਿਲਵਾੜ ਕਰ ਸਕਦੇ ਹਨ।