National
MANIPUR: CM ਐਨ ਬੀਰੇਨ ਸਿੰਘ ਦੇ ਦੌਰੇ ਤੋਂ ਇੱਕ ਦਿਨ ਪਹਿਲਾਂ ਭੀੜ ਨੇ ਸਮਾਗਮ ਵਾਲੀ ਥਾਂ ‘ਤੇ ਕੀਤੀ ਭੰਨਤੋੜ

ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਮਣੀਪੁਰ ਦੇ ਚੁਰਾਚੰਦਪੁਰ ਜ਼ਿਲ੍ਹੇ ਦੇ ਦੌਰੇ ਤੋਂ ਇੱਕ ਦਿਨ ਪਹਿਲਾਂ, ਭੀੜ ਨੇ ਸਮਾਗਮ ਵਾਲੀ ਥਾਂ ਦੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਪੁਲਸ ਨੇ ਦੱਸਿਆ ਕਿ ਬੇਕਾਬੂ ਭੀੜ ਨੇ ਵੀਰਵਾਰ ਰਾਤ ਕਰੀਬ 9 ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਘਟਨਾ ਤੋਂ ਬਾਅਦ ਜ਼ਿਲ੍ਹੇ ‘ਚ ਇੰਟਰਨੈੱਟ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਾਲ ਹੀ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ।
ਤਣਾਅ ਦੀ ਸਥਿਤੀ
ਪੁਲਿਸ ਦਾ ਕਹਿਣਾ ਹੈ ਕਿ ਸਥਾਨਕ ਪੁਲਿਸ ਨੇ ਫੌਰੀ ਕਾਰਵਾਈ ਕਰਕੇ ਭੀੜ ਨੂੰ ਖਿੰਡਾਇਆ ਸੀ, ਪਰ ਅੱਗਜ਼ਨੀ ਦੀ ਘਟਨਾ ਨੇ ਸਥਾਨ ਨੂੰ ਨੁਕਸਾਨ ਪਹੁੰਚਾਇਆ ਹੈ। ਦੱਸ ਦਈਏ ਕਿ ਇਹ ਘਟਨਾ ਸੂਬੇ ਦੀ ਰਾਜਧਾਨੀ ਇੰਫਾਲ ਤੋਂ ਕਰੀਬ 63 ਕਿਲੋਮੀਟਰ ਦੂਰ ਨਿਊ ਲਮਕਾ ‘ਚ ਵਾਪਰੀ। ਘਟਨਾ ਤੋਂ ਬਾਅਦ ਇਲਾਕੇ ‘ਚ ਤਣਾਅ ਬਣਿਆ ਹੋਇਆ ਹੈ। ਪੁਲਿਸ ਨੇ ਜ਼ਿਲ੍ਹੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਗੁੱਸੇ ਵਿੱਚ ਆਈ ਭੀੜ ਨੇ ਨਿਊ ਲੰਮਾ ਵਿੱਚ ਪੀਟੀ ਸਪੋਰਟਸ ਕੰਪਲੈਕਸ ਵਿੱਚ ਨਵੇਂ ਸਥਾਪਿਤ ਓਪਨ ਜਿਮ ਨੂੰ ਅੰਸ਼ਕ ਤੌਰ ‘ਤੇ ਅੱਗ ਲਗਾ ਦਿੱਤੀ, ਜਿਸ ਦਾ ਉਦਘਾਟਨ ਬੀਰੇਨ ਸਿੰਘ ਸ਼ੁੱਕਰਵਾਰ ਦੁਪਹਿਰ ਨੂੰ ਕਰਨਾ ਹੈ।

ਮੁੱਖ ਮੰਤਰੀ ਦੇ ਪ੍ਰੋਗਰਾਮ ਤੋਂ ਪਹਿਲਾਂ ਹੰਗਾਮਾ
ਜਿੰਮ ਤੋਂ ਇਲਾਵਾ ਸੀ.ਐਮ.ਬੀਰੇਨ ਸਿੰਘ ਖੇਡ ਸੁਵਿਧਾ ਦਾ ਉਦਘਾਟਨ ਕਰਨ ਵਾਲੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਇੱਕ ਹੋਰ ਸਮਾਗਮ ਵਿੱਚ ਵੀ ਸ਼ਿਰਕਤ ਕਰਨ ਦਾ ਪ੍ਰੋਗਰਾਮ ਹੈ। ਹਾਲਾਂਕਿ ਅਧਿਕਾਰੀਆਂ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਸਮਾਗਮ ਰੱਦ ਕੀਤਾ ਗਿਆ ਹੈ ਜਾਂ ਨਹੀਂ।