Sports
ਕੋਚ ਜਸਪਾਲ ਰਾਣਾ ‘ਤੇ ਟੋਕਿਓ ਓਲੰਪਿਕ ਤੋਂ ਵਾਪਿਸ ਪਰਤੀ ਮਨੂ ਭਾਕਰ ਨੇ ਭੰਨਿਆ ਹਾਰ ਦਾ ਠੀਕਰਾ
ਟੋਕੀਓ ਓਲੰਪਿਕ ’ਚ ਅਸਫਲ ਰਹੀ ਭਾਰਤੀ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਵਤਨ ਪਰਤ ਆਈ ਹੈ। ਉਸ ਨੇ ਵਾਅਦਾ ਕੀਤਾ ਕਿ ਉਹ ਆਪਣੇ ਪਹਿਲੇ ਓਲੰਪਿਕ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਉਭਰ ਕੇ ਮਜ਼ਬੂਤ ਵਾਪਸੀ ਕਰੇਗੀ। 19 ਸਾਲਾ ਨਿਸ਼ਾਨੇਬਾਜ਼ ਮਨੂ ਨੇ ਕਿਹਾ ਕਿ ਸਾਬਕਾ ਕੋਚ ਜਸਪਾਲ ਰਾਣਾ ਦੇ ਨਾਲ ਵਿਵਾਦ ਕਾਰਨ ਓਲੰਪਿਕ ਲਈ ਉਨ੍ਹਾਂ ਦੀ ਤਿਆਰੀ ਪ੍ਰਭਾਵਿਤ ਹੋਈ ਸੀ। ਰਾਣਾ ਨੇ ਮਨੂ ਨੂੰ 25 ਮੀਟਰ ਪਿਸਟਲ ਮੁਕਾਬਲੇ ਤੋਂ ਆਪਣਾ ਨਾਂ ਵਾਪਸ ਲੈਣ ਨੂੰ ਕਿਹਾ ਸੀ। ਇਸ ਨਿਸ਼ਾਨੇਬਾਜ਼ ਨੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ 25 ਮੀਟਰ ਮੁਕਾਬਲੇ ’ਚ ਨਿਸ਼ਾਨੇਬਾਜ਼ੀ ਜਾਰੀ ਰੱਖਂਗੀ। ।’’ ਯੁਵਾ ਓਲੰਪਿਕ ਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗ਼ਾ ਜੇਤੂ ਮਨੂ ਨੇ ਕਿਹਾ ਕਿ ਨਕਾਰਾਤਮਕਤਾ ਤੇ ਰਾਣਾ ਦੇ ਨਾਲ ਉਨ੍ਹਾਂ ਦੇ ਵਿਵਾਦ ਦੇ ਇਲਾਵਾ ਹਰ ਕੀਮਤ ’ਤੇ ਤਮਗ਼ਾ ਜਿੱਤਣ ਦੀ ਉਨ੍ਹਾਂ ਦੀ ਚਾਹਤ ਨਾਲ ਸਥਿਤੀ ਖ਼ਰਾਬ ਹੋ ਗਈ। ਮਨੂ ਨੇ ਕਿਹਾ ਕਿ ਉਨ੍ਹਾਂ ਨੂੰ ਵਾਰ-ਵਾਰ ਕਿਹਾ ਗਿਆ ਸੀ ਕਿ 25 ਮੀਟਰ ਮੁਕਾਬਲੇ ਤੋਂ ਉਹ ਆਪਣਾ ਨਾਂ ਵਾਪਸ ਲਵੇ ਕਿਉਂਕਿ ਇਸ ’ਚ ਉਨ੍ਹਾਂ ਦਾ ਪੱਧਰ ਓਨਾ ਚੰਗਾ ਨਹੀਂ । ਮਨੂ ਨੇ ਮਿਊਨਿਖ ’ਚ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਦੇ ਦੌਰਾਨ ਟੋਕੀਓ ਓਲੰਪਿਕ ਦਾ ਇਹ ਕੋਟਾ ਹਾਸਲ ਕੀਤਾ ਸੀ। ਉਨ੍ਹਾਂ ਕਿਹਾ, ‘‘ਹਾਂ, ਨਕਾਰਾਤਮਕਤਾ ਸੀ. ਕਿਉਂਕਿ ਮੇਰੇ ਮਾਤਾ-ਪਿਤਾ ਨੂੰ ਵੀ ਇਸ ਪੂਰੇ ਮਾਮਲੇ ’ਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ ਸੀ। ਨਕਾਰਾਤਮਕਤਾ ਕਾਰਨ ਹੀ ਮੈਥੋਂ ਪੁੱਛਿਆ ਗਿਆ ਕਿ ਭੋਪਾਲ ’ਚ ਮੇਰੀ ਮਾਂ ਮੇਰੇ ਮਾਤਾ-ਪਿਤਾ ਮੇਰੇ ਨਾਲ ਕਿਉਂ ਹਨ।’’
ਇਸ ਤੋਂ ਇਲਾਵਾ ਕੁਝ ਤਕਨੀਕੀ ਸਮੱਸਿਆਵਾਂ ਵੀ ਸਨ, ਜਿਨ੍ਹਾਂ ਦਾ ਸਾਬਕਾ ਕੋਚ ਨੇ ਕੋਈ ਹੱਲ ਨਹੀਂ ਕੀਤਾ ਸੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਸ ਸਾਲ ਮਾਰਚ ’ਚ ਦਿੱਲੀ ’ਚ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਦੇ ਦੌਰਾਨ ਰਾਣਾ ਨੂੰ ਕੋਈ ਸੰਦੇਸ਼ ਨਹੀਂ ਭੇਜਿਆ ਸੀ। ਉਨ੍ਹਾਂ ਕਿਹਾ ਕਿ ਇਹ ਸੰਦੇਸ਼ ਉਨ੍ਹਾਂ ਦੀ ਮਾਂ ਨੇ ਭੇਜਿਆ ਸੀ ਜੋ ਆਪਣੀ ਧੀ ਨੂੰ ਲੈ ਕੇ ‘ਫ਼ਿਕਰਮੰਦ’ ਸੀ। ਮਨੂ ਦੇ ਕਾਂਸੀ ਤਮਗ਼ਾ ਜਿੱਤਣ ਦੇ ਬਾਅਦ ਰਾਣਾ ਨੂੰ ਸੰਦੇਸ਼ ਮਿਲਿਆ, ‘‘ਹੁਣ ਤਾਂ ਹੋ ਗਈ ਤਸੱਲੀ।’’ ਰਾਣਾ ਇਸ ਤੋਂ ਬਾਅਦ ਆਪਣੀ ਸਫ਼ੈਦ ਟੀ-ਸ਼ਰਟ ਦੇ ਪਿੱਛੇ ਇਸ ਸੰਦੇਸ਼ ਨੂੰ ਲਿਖ ਕੇ ਕਰਣੀ ਸਿੰਘ ਨਿਸ਼ਾਨੇਬਾਜ਼ੀ ਕੰਪਲੈਕਸ ’ਚ ਪਹੁੰਚ ਗਏ, ਜਿਸ ਤੋਂ ਬਾਅਦ ਭਾਰਤੀ ਰਾਸ਼ਟਰੀ ਰਾਈਫਲ ਸੰਘ ਨੂੰ ਦਖ਼ਲਅੰਦਾਜ਼ੀ ਕਰਨ ਲਈ ਮਜਬੂਰ ਹੋਣਾ ਪਿਆ। ਮਨੂ ਨੇ ਕਿਹਾ ਕਿ ਹਾਲਾਤ ਨੂੰ ਦੇਖਦੇ ਹੋਏ ਐੱਨ. ਆਰ. ਏ. ਆਈ. ਤੇ ਉਸ ਦੇ ਪ੍ਰਧਾਨ ਰਨਿੰਦਰ ਸਿੰਘ ਨੇ ਖੇਡਾਂ ਦੇ ਆਯੋਜਨ ਨੂੰ ਨੇੜੇ ਆਉਣ ਕਾਰਨ ਭਾਰਤ ਦੇ ਸਾਬਕਾ ਨਿਸ਼ਾਨੇਬਾਜ਼ ਰੌਣਕ ਪੰਡਿਤ ਨੂੰ ਉਨ੍ਹਾਂ ਦਾ ਕੋਚ ਨਿਯੁਕਤ ਕੀਤਾ ਤੇ ਜੋ ਵੀ ਹੱਲ ਸੰਭਵ ਸੀ ਉਸ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, ‘‘ਐੱਨ. ਆਰ. ਏ. ਆਈ. ਨੇ ਇਸ ਸਮੱਸਿਆ ਦੇ ਹੱਲ ਦੀ ਪੂਰੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੇ ਸਾਨੂੰ ਵਿਸ਼ਵਾਸ ’ਚ ਵੀ ਲਿਆ।’’ ਮਨੂ ਨੇ ਕਿਹਾ ਕਿ ਓਲੰਪਿਕ ਦੇ ਪਹਿਲੇ ਤਜਰਬੇ ਤੋਂ ਉਨ੍ਹਾਂ ਨੇ ਕਾਫ਼ੀ ਕੁਝ ਸਿੱਖਿਆ ਹੈ ਜੋ ਅੱਗੇ ਕੰਮ ਆਵੇਗਾ।