Uncategorized
ਸ਼ਹੀਦ ਸਿਪਾਹੀ ਪਰਗਟ ਸਿੰਘ ਦਾ ਜੱਦੀ ਪਿੰਡ ਦੁਬਰਜੀ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਸਿਆਚੀਨ ਗਲੇਸੀਅਰ ਵਿੱਚ ਬਰਫੀਲੇ ਤੂਫਾਨ ਕਾਰਨ ਬਰਫ ਦੇ ਤੋਦਿਆਂ ਹੇਠ ਦੱਬ ਜਾਣ ਕਾਰਨ ਸਹੀਦ ਹੋਏ ਸਿਪਾਹੀ ਪਰਗਟ ਸਿੰਘ ਦਾ ਅੱਜ ਸਹੀਦ ਦੇ ਜੱਦੀ ਪਿੰਡ ਦਬੁਰਜੀ, ਨੇੜੇ ਡੇਰਾ ਬਾਬਾ ਨਾਨਕ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। 21 ਪੰਜਾਬ ਦਾ ਸਿਪਾਹੀ ਪਰਗਟ ਸਿੰਘ ਆਪਣੇ ਪਿੱਛੇ ਪਿਤਾ ਸ. ਪ੍ਰੀਤਮ ਸਿੰਘ, ਮਾਤਾ ਸਰਦਾਰਨੀ ਸੁਖਵਿੰਦਰ ਕੌਰ ਅਤੇ ਦੋ ਭੈਣਾਂ ਛੱਡ ਗਿਆ। ਇਸ ਮੌਕੇ ਪੰਜਾਬ ਸਰਕਾਰ ਤਰਫੋ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵਲੋ ਸਹੀਦ ਨੂੰ ਸਰਧਾ ਦੇ ਫੁੱਲ ਅਰਪਨ ਕੀਤੇ ਗਏ ਤੇ ਸਹੀਦ ਦੇ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸਨਰ ਮੁਹੰਮਦ ਇਸਫਾਕ ਤੇ ਐਸ ਡੀ ਐਮ ਅਰਸਦੀਪ ਸਿੰਘ ਲੁਬਾਣਾ ਵੀ ਹਾਜਰ ਸਨ।
ਸਿਪਾਹੀ ਪਰਗਟ ਸਿੰਘ ਦੀ ਸਹਾਦਤ ਨੂੰ ਸਿਜਦਾ ਕਰਦਿਆਂ ਪੰਜਾਬ ਦੇ ਸ. ਰੰਧਾਵਾ ਨੇ ਸਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਹੀਦ ਦੇਸ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸਿਪਾਹੀ ਪਰਗਟ ਸਿੰਘ ਦੀ ਸਹਾਦਤ ਨੌਜਵਾਨਾਂ ਲਈ ਪ੍ਰੇਰਨਾ ਦਾ ਸ੍ਰੋਤ ਹੈ ਤੇ ਉਸ ਉਪਰ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਹੀਦ ਸਿਪਾਹੀ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ ਗ੍ਰੇਸੀਆ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨਾਂ ਪਰਿਵਾਰ ਨੂੰ ਵਿਸਵਾਸ ਦਿਵਾਇਆ ਕਿ ਸੂਬਾ ਸਰਕਾਰ ਅਤੇ ਉਹ ਨਿੱਜੀ ਤੌਰ ‘ਤੇ ਉਨਾਂ ਦੇ ਦੁੱਖ ਵਿੱਚ ਸਰੀਕ ਹਨ ਤੇ ਪਰਿਵਾਰ ਨੂੰ ਹਰ ਤਰਾਂ ਦੀ ਮੱਦਦ ਦੇਣ ਦਾ ਵੀ ਵਿਸਵਾਸ ਦਿਵਾਇਆ।
25 ਅਪਰੈਲ, 2021 ਨੂੰ ਸਿਆਚੀਨ ਗਲੇਸੀਅਰ ਵਿੱਚ ਭਿਆਨਕ ਬਰਫੀਲਾ ਤੂਫਾਨ ਆਇਆ ਸੀ। ਜਿਸ ਵਿੱਚ 21 ਪੰਜਾਬ ਦੇ ਦੋ ਸਿਪਾਹੀ ਅਮਰਦੀਪ ਸਿੰਘ ਤੇ ਪ੍ਰਭਜੋਤ ਸਿੰਘ ਸਹੀਦ ਹੋ ਗਏ ਸਨ। ਪਰਗਟ ਸਿੰਘ ਨੂੰ ਬਰਫ ਹੇਠੋਂ ਕੱਢ ਕੇ 27 ਅਪਰੈਲ, 2021 ਨੂੰ ਚੰਡੀਗੜ ਕਮਾਂਡ ਹਸਪਤਾਲ ਲਿਆਂਦਾ ਗਿਆ ਸੀ। ਜਿੱਥੇ ਉਹ ਕੱਲ ਹਾਈਪੋਥਰਮਿਆ ਅਤੇ ਗੁਰਦੇ ਦੀ ਗੰਭੀਰ ਸੱਟ ਕਾਰਨ ਸ਼ਹੀਦ ਹੋ ਗਿਆ।