Sports
ਟੋਕੀਓ ਓਲੰਪਿਕ ਦੇ ਉਦਘਾਟਨ ਸਮਾਰੋਹ ‘ਚ ਭਾਰਤ ਦੇ ਦੋ ਝੰਡਾਬਰਦਾਰ ਮੈਰੀਕਾਮ ਤੇ ਮਨਪ੍ਰੀਤ ਸਿੰਘ

ਧਾਕੜ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਟੋਕੀਓ ਓਲੰਪਿਕ ਖੇਡਾਂ ਲਈ ਭਾਰਤੀ ਦਲ ਦੇ ਝੰਡਾਬਰਦਾਰ ਚੁਣਿਆ ਗਿਆ ਹੈ। ਦੋਵੇਂ 23 ਜੁਲਾਈ ਨੂੰ ਹੋਣ ਵਾਲੇ ਟੋਕੀਓ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ’ਚ ਭਾਰਤ ਦੀ ਅਗਵਾਈ ਕਰਨਗੇ। ਓਲੰਪਿਕ ਖੇਡਾਂ 8 ਅਗਸਤ 2021 ਤਕ ਹੋਣਗੀਆਂ। ਸਟਾਰ ਪਹਿਲਵਾਨ ਬਜਰੰਗ ਪੂਨੀਆ ਓਲੰਪਿਕ ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਭਾਰਤੀ ਦਲ ਦੇ ਝੰਡਾਬਰਦਾਰ ਹੋਣਗੇ। ਇਸ ਤੋਂ ਪਹਿਲਾਂ ਓਲੰਪਿਕ ਗੋਲਡ ਮੈਡਲ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 2016 ਦੀਆਂ ਰੀਓ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਦਲ ਦੀ ਅਗਵਾਈ ਕੀਤੀ ਸੀ, ਉਨ੍ਹਾਂ ਨੂੰ ਝੰਡਾਬਰਦਾਰ ਚੁਣਿਆ ਗਿਆ ਸੀ। ਐੱਮ. ਸੀ. ਮੈਰੀਕਾਮ ਓਲੰਪਿਕ ਤਮਗਾ ਜਿੱਤਣ ਵਾਲੀ ਇਕਲੌਤੀ ਭਾਰਤੀ ਮਹਿਲਾ ਮੁੱਕੇਬਾਜ਼ ਹਨ। ਮੈਰੀਕਾਮ ਨੇ ਲੰਡਨ ਓਲੰਪਿਕ 2012 ਦੇ 51 ਕਿਲੋਗ੍ਰਾਮ ਫਲਾਈਵੇਟ ਵਰਗ ਵਿਚ ਕਾਂਸੀ ਤਮਗਾ ਜਿੱਤਿਆ ਸੀ। ਮੈਰੀਕਾਮ ਦੇ ਨਾਂ ਵਿਸ਼ਵ ਚੈਂਪੀਅਨਸ਼ਿਪ ਵਿਚ ਸਭ ਤੋਂ ਵੱਧ ਜਿੱਤਣ ਦਾ ਰਿਕਾਰਡ ਹੈ। ਉਹ ਇਸ ਮਾਮਲੇ ਵਿਚ ਪੁਰਸ਼ ਮੁੱਕੇਬਾਜ਼ ਕਿਊਬਾ ਦੇ ਫੇਲਿਕਸ ਸੇਵਾਨ ਨੂੰ ਪਿਛੇ ਛੱਡ ਚੁੱਕੀ ਹੈ, ਜਿਨ੍ਹਾਂ ਦੇ ਨਾਂ ਵਿਸ਼ਵ ਚੈਂਪੀਅਨਸ਼ਿਪ ਵਿਚ 7 ਤਮਗੇ ਸਨ। ਮੌਜੂਦਾ ਕਾਮਨਵੈਲਥ ਗੇਮਜ਼ ਤੇ ਏਸ਼ੀਆਈ ਖੇਡਾਂ ਦੇ ਚੈਂਪੀਅਨ ਬਜਰੰਗ ਪੂਨੀਆ ਪਹਿਲੀ ਵਾਰ ਓਲੰਪਿਕ ਵਿਚ ਉਤਰਨਗੇ।