Punjab
ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵਲੋਂ ਗਾਵਾਂ ਦੀ ਭਲਾਈ ਲਈ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ
ਚੰਡੀਗੜ੍ਹ,
ਪੰਜਾਬ ਗਊ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵੱਲੋਂ ਗਾਵਾਂ ਦੀ ਭਲਾਈ ਅਤੇ ਸਾਂਭ-ਸੰਭਾਲ ਲਈ ਮੁੱਦਿਆਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ ਗਈ।
ਸ਼ਰਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਗਾਵਾਂ ਦੀ ਸਾਂਭ-ਸੰਭਾਲ ਹਿੱਤ ਬਿਜਲੀ, ਸਾਫ਼ ਪਾਣੀ, ਸ਼ੈੱਡਾਂ ਅਤੇ ਵਿਸ਼ੇਸ਼ ਤੌਰ ‘ਤੇ ਡਾਕਟਰੀ ਇਲਾਜ ਦੇ ਨਾਲ-ਨਾਲ ਗਾਵਾਂ ਸਬੰਧੀ ਸੈੱਸ ਇਕੱਠਾ ਕਰਕੇ ਰਾਜ ਦੀਆਂ ਗਊਸ਼ਾਲਾਵਾਂ ਨੂੰ ਰਾਸ਼ੀ ਦੇਣ ਬਾਰੇ ਵਿਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਗਊਸ਼ਾਲਾਵਾਂ ਨੂੰ ਬਿਹਤਰ ਬਣਾਉਣ ਲਈ ਇਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੀ ਜ਼ਰੂਰਤ ਵੱਲ ਵੀ ਸਪੀਕਰ ਦਾ ਧਿਆਨ ਦੁਆਇਆ ਗਿਆ। ਉਨ੍ਹਾਂ ਦੱਸਿਆ ਕਿ ਸਪੀਕਰ ਸੰਧਵਾਂ ਨੇ ਗਾਵਾਂ ਦੀ ਭਲਾਈ ਲਈ ਕੀਤੇ ਜਾ ਰਹੇ ਅਤੇ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਗੱਲਬਾਤ ਦਿਲਚਸਪੀ ਨਾਲ ਸੁਣੀ ਅਤੇ ਫੌਰੀ ਮਸਲਿਆਂ ਨੂੰ ਜਲਦੀ ਹੱਲ ਕਰਾਉਣ ਦਾ ਭਰੋਸਾ ਦਿੱਤਾ। ਚੇਅਰਮੈਨ ਨੇ ਕਿਹਾ ਕਿ ਪੰਜਾਬ ਸਰਕਾਰ ਗਊ ਭਲਾਈ ਅਤੇ ਗਾਵਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਨਾਲ ਸਾਧੂ ਰਾਮ ਖੁਸਲਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।