Punjab
ਡੇਅਰੀ ਵਿਭਾਗ ਵੱਲੋਂ ਲਗਾਇਆ ਦੁੱਧ ਖਪਤਕਾਰ ਜਾਗਰੂਕਤਾ ਕੈਂਪ
ਪਟਿਆਲਾ: ਆਮ ਦੁੱਧ ਖਪਤਕਾਰ ਤੱਕ ਸਾਫ਼ ਅਤੇ ਸ਼ੁੱਧ ਦੁੱਧ ਦੀ ਪਹੁੰਚ ਯਕੀਨੀ ਬਣਾਉਣ ਹਿਤ ਡਿਪਟੀ ਡਾਇਰੈਕਟਰ ਡੇਅਰੀ ਕੁਲਦੀਪ ਸਿੰਘ ਜੱਸੋਵਾਲ ਦੀ ਟੀਮ ਵੱਲੋਂ ਵਾਰਡ ਨੰਬਰ 11, ਪਟਿਆਲਾ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਲੋਕਾਂ ਵੱਲੋਂ ਘਰਾਂ ਵਿੱਚ ਵਰਤਿਆ ਜਾਣ ਵਾਲੇ ਦੁੱਧ ਦੀ ਮੌਕੇ ‘ਤੇ ਹੀ ਮੁਫ਼ਤ ਜਾਂਚ ਕਰਕੇ ਦੁੱਧ ਵਿਚਲੀ ਹਾਨੀਕਾਰਕ ਮਿਲਾਵਟ ਤੋਂ ਇਲਾਵਾ ਦੁੱਧ ਦੀ ਕੁਆਲਿਟੀ ਬਾਰੇ ਜਾਣੂ ਕਰਵਾਇਆ ਗਿਆ। ਕੈਂਪ ਦੌਰਾਨ ਜ਼ਿਆਦਤਰ ਲੋਕਾਂ ਨੂੰ ਆਪਣੇ ਘਰ ਵਿੱਚ ਦੁੱਧ ਦਾ ਮੁੱਲ ਅਤੇ ਕੁਆਲਿਟੀ ਦਾ ਪਹਿਲੀ ਵਾਰੀ ਪਤਾ ਲੱਗਿਆ। ਇਸ ਕੈਂਪ ਵਿੱਚ ਕੁੱਲ 22 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੇ ਗਏ, ਜਿਨ੍ਹਾਂ ਵਿੱਚੋਂ 18 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ 15 ਤੋਂ 40 ਫ਼ੀਸਦ ਤੱਕ ਪਾਈ ਗਈ ਅਤੇ 4 ਸੈਂਪਲ ਮਿਆਰਾਂ ਅਨੁਸਾਰ ਪਾਏ ਗਏ। ਇਨ੍ਹਾਂ ਸੈਂਪਲਾਂ ਦੀ ਯੂਰੀਆ, ਨਿਊਟ੍ਰਾਇਲਜਰ ਹਾਨੀਕਾਰਕ ਰਸਾਇਣਾਂ ਸਬੰਧੀ ਕੋਈ ਪੁਸ਼ਟੀ ਨਹੀਂ ਪਾਈ ਗਈ।
ਡਿਪਟੀ ਡਾਇਰੈਕਟਰ ਨੇ ਕਿਹਾ ਕਿ ਦੁੱਧ ਇੱਕ ਸੰਪੂਰਨ ਖੁਰਾਕ ਹੋਣ ਦੇ ਨਾਤੇ ਇਹ ਇੱਕ ਨਵ-ਜੰਮੇ ਬੱਚੇ ਤੋਂ ਲੈ ਕੇ ਬੁੱਢੇ ਦੀ ਖੁਰਾਕ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਸੋ ਭਵਿੱਖ ਵਿੱਚ ਇਸ ਤਰਾਂ ਦੇ ਹੋਰ ਮੁਫ਼ਤ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਸਮੇਂ-ਸਮੇਂ ਤੇ ਲਗਾਏ ਜਾਂਦੇ ਰਹਿਣਗੇ। ਅਜਿਹੇ ਕੈਂਪਾਂ ਦਾ ਮਨੋਰਥ ਦੁੱਧ ਖਪਤਕਾਰਾਂ ਵਿੱਚ ਸਾਫ਼ ਅਤੇ ਸ਼ੁੱਧ ਦੁੱਧ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਕੁੱਝ ਸ਼ਰਾਰਤੀ ਅਨਸਰ ਆਪਣੇ ਲਾਲਚ ਲਈ ਦੁੱਧ ਵਿੱਚ ਮਿਲਾਵਟ ਕਰਦੇ ਹਨ। ਜਿਸ ਨਾਲ ਲੋਕਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ। ਕਈ ਕੇਸਾਂ ਵਿੱਚ ਮਾਰੂ ਬਿਮਾਰੀਆਂ ਲੱਗਣ ਦਾ ਵੀ ਖ਼ਤਰਾ ਬਣ ਜਾਂਦਾ ਹੈ। ਇਸ ਮੌਕੇ ਡਿਊਟੀ ਦਲਬੀਰ ਕੁਮਾਰ ਡੇਅਰੀ ਵਿਕਾਸ ਇੰਸਪੈਕਟਰ, ਕੁਲਵਿੰਦਰ ਸਿੰਘ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।