Connect with us

Punjab

ਡੇਅਰੀ ਕਿੱਤੇ ਦੀ ਸਿਖਲਾਈ ਪ੍ਰਾਪਤ ਕਰਕੇ ਅਤੇ ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਲੈ ਕੇ ਆਪਣੀ ਆਮਦਨ ਵਧਾਉ: ਲਾਲਜੀਤ ਸਿੰਘ ਭੁੱਲਰ ਵੱਲੋਂ ਦੁੱਧ ਉਤਪਾਦਕਾਂ ਨੂੰ ਅਪੀਲ

Published

on

ਚੰਡੀਗੜ੍ਹ:

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਨੌਜਵਾਨਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਵਚਨਬੱਧਤਾ ਤਹਿਤ ਅੱਜ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਦੇ ਨਾਲ-ਨਾਲ ਖੇਤੀਬਾੜੀ ਦੇ ਵੱਖੋ-ਵੱਖ ਸਹਾਇਕ ਕਿੱਤੇ ਜ਼ਰੂਰ ਅਪਨਾਉਣ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਡੇਅਰੀ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ, ਗੁਣਵੱਤਾ ਭਰਪੂਰ ਦੁੱਧ ਉਤਪਾਦਨ ਲਈ ਸਿਖਲਾਈ ਦੇਣ ਸਣੇ ਡੇਅਰੀ ਕਿੱਤਾ ਸ਼ੁਰੂ ਕਰਨ ਹਿੱਤ ਵਿੱਤੀ ਸਹਾਇਤਾ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ 50 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਨਵਾਂ ਡੇਅਰੀ ਯੂਨਿਟ ਸਥਾਪਤ ਕਰਨ ਲਈ 2 ਤੋਂ 20 ਦੁਧਾਰੂ ਪਸ਼ੂਆਂ ਦੀ ਖ਼ਰੀਦ ਵਾਸਤੇ ਜਨਰਲ ਵਰਗ ਨੂੰ 17,500 ਰੁਪਏ ਪ੍ਰਤੀ ਪਸ਼ੂ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀ ਨੂੰ 23,100 ਰੁਪਏ ਪ੍ਰਤੀ ਪਸ਼ੂ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਦੁੱਧ ਉਤਪਾਦਕਾਂ ਨੂੰ ਸਾਫ਼ ਦੁੱਧ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਡਬਲ ਟੀਟ ਕੱਪ ਮਿਲਕਿੰਗ ਮਸ਼ੀਨ ‘ਤੇ 50% (ਵੱਧ ਤੋਂ ਵੱਧ 24,366 ਰੁਪਏ) ਸਬਸਿਡੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹਰੇ ਚਾਰੇ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ‘ਤੇ 5.60 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਦੁੱਧ ਉਤਪਾਦਕ/ਕਿਸਾਨ ਵਾਧੂ ਹਰੇ ਚਾਰੇ ਵਾਲੇ ਮਹੀਨਿਆਂ ਦੌਰਾਨ ਹਰੇ ਚਾਰੇ ਤੋਂ ਸਾਈਲੇਜ ਜਾਂ ਆਚਾਰ ਬਣਾ ਕੇ, ਚਾਰੇ ਦੀ ਤੋਟ ਵਾਲੇ ਮਹੀਨਿਆਂ ਦੌਰਾਨ ਇਨ੍ਹਾਂ ਗੱਠਾਂ ਨੂੰ ਵੇਚ ਸਕਦੇ ਹਨ। ਹਰੇ ਚਾਰੇ ਦੇ ਆਚਾਰ ਦੀਆਂ ਗੱਠਾਂ ਨੂੰ ਪੰਜਾਬ ਦੇ ਨਾਲ-ਨਾਲ ਹੋਰਨਾਂ ਰਾਜਾਂ ਵਿੱਚ ਵੀ ਭੇਜ ਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇਸ ਤਰ੍ਹਾਂ ਛੋਟੇ ਅਤੇ ਸ਼ਹਿਰੀ ਡੇਅਰੀ ਫ਼ਾਰਮਰਾਂ ਨੂੰ ਵਾਜਬ ਕੀਮਤ ਉੱਤੇ ਸਾਰਾ ਸਾਲ ਸੰਤੁਲਿਤ ਪਸ਼ੂ ਖ਼ੁਰਾਕ ਉਪਲਬਧ ਹੋ ਸਕਦੀ ਹੈ ਅਤੇ ਨੌਜਵਾਨ ਨੂੰ ਰੋਜ਼ਗਾਰ ਹਾਸਲ ਹੋਵੇਗਾ।

ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਡੇਅਰੀ ਕਿੱਤੇ ਨੂੰ ਕਾਮਯਾਬ ਕਰਨ ਲਈ ਪਸ਼ੂ-ਧਨ ਪ੍ਰਬੰਧਨ, ਖ਼ੁਰਾਕ, ਸਿਹਤ ਸਹੂਲਤਾਂ, ਬਿਹਤਰ ਮੰਡੀਕਰਨ ਅਤੇ ਸੂਚਨਾ ਤਕਨਾਲੌਜੀ ਦੀ ਵਰਤੋਂ ਅਹਿਮ ਪਹਿਲੂ ਹਨ, ਜਿਨ੍ਹਾਂ ਬਾਰੇ ਨੌਜਵਾਨਾਂ ਨੂੰ ਜਾਣੂ ਕਰਵਾਉਣ ਲਈ ਸੂਬੇ ਵਿੱਚ 9 ਸਿਖਲਾਈ ਕੇਂਦਰਾਂ ਰਾਹੀਂ ਦੋ ਹਫ਼ਤੇ ਦਾ ਡੇਅਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤਾਂ ਜੋ ਇਸ ਕੋਰਸ ਉਪਰੰਤ ਨੌਜਵਾਨ ਆਪਣੇ ਘਰਾਂ ਤੋਂ ਹੀ ਸਵੈ-ਰੋਜ਼ਗਾਰ ਸ਼ੁਰੂ ਕਰ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ ਹਰ ਸਾਲ ਲਗਭਗ 6,000 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ 4 ਹਫ਼ਤੇ ਦਾ ਡੇਅਰੀ ਉੱਦਮ ਸਿਖਲਾਈ ਪ੍ਰੋਗਰਾਮ ਵੀ ਚਲਾਇਆ ਜਾਂਦਾ ਹੈ ਜਿਸ ਵਿੱਚ ਮੌਜੂਦਾ ਦੁੱਧ ਉਤਪਾਦਕਾਂ ਨੂੰ ਵਿਗਿਆਨਕ ਤਰੀਕੇ ਨਾਲ ਡੇਅਰੀ ਦਾ ਕਿੱਤਾ ਅਪਣਾਉਣ ਲਈ ਐਡਵਾਂਸ ਸਿਖਲਾਈ ਦਿੱਤੀ ਜਾਂਦੀ ਹੈ। ਹਰ ਸਾਲ 1000 ਸਿਖਿਆਰਥੀਆਂ ਨੂੰ ਐਡਵਾਂਸ ਸਿਖਲਾਈ ਦਿੱਤੀ ਜਾਂਦੀ ਹੈ।

ਕੈਬਨਿਟ ਮੰਤਰੀ ਨੇ ਦੁੱਧ ਉਤਪਾਦਕਾਂ/ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਖਲਾਈ ਪ੍ਰਾਪਤ ਕਰਨ ਲਈ ਜਾਂ ਇਨ੍ਹਾਂ ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਲੈਣ ਲਈ ਆਪਣੇ ਨੇੜਲੇ ਡਿਪਟੀ ਡਾਇਰੈਕਟਰ ਡੇਅਰੀ ਦਫ਼ਤਰ ਜਾਂ ਇੰਚਾਰਜ ਸਿਖਲਾਈ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਡੇਅਰੀ ਵਿਕਾਸ ਵਿਭਾਗ ਦੇ ਹੈਲਪਲਾਈਨ ਨੰਬਰ 0172-5027285 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।