Punjab
ਡਿਜੀਟਲ ਇੰਡੀਆ ਪੁਰਸਕਾਰ ਲਈ ਇਲੈਕਟ੍ਰੋਨਿਕ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਅਰਜ਼ੀਆਂ ਦੀ ਮੰਗ

ਪਟਿਆਲਾ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਇਲੈਕਟ੍ਰੋਨਿਕ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ‘ਡਿਜੀਟਲ ਇੰਡੀਆ ਪੁਰਸਕਾਰ’ ਲਈ 15 ਸਤੰਬਰ ਤੱਕ ਆਨ ਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਪੋਰਟਲ ਆਫ਼ ਇੰਡੀਆ ਰਾਹੀਂ ਪ੍ਰਦਾਨ ਕੀਤੇ ਜਾਂਦੇ ਇਨ੍ਹਾਂ ਪੁਰਸਕਾਰਾਂ ਦਾ ਮੁੱਖ ਮਕਸਦ ਨਵੀਆਂ ਡਿਜੀਟਲ ਤਕਨੀਕਾਂ ਨੂੰ ਉਤਸ਼ਾਹਿਤ ਕਰਨਾ ਹੈ ਤੇ ਸਟਾਰਟਅੱਪ ਨੂੰ ਇਸ ਖੇਤਰ ਲਈ ਪ੍ਰੇਰਿਤ ਕਰਨਾ ਹੈ।
ਉਨ੍ਹਾਂ ਦੱਸਿਆ ਕਿ ‘ਡਿਜੀਟਲ ਇੰਡੀਆ ਪੁਰਸਕਾਰ’ ਵੱਖ-ਵੱਖ ਸੱਤ ਸ਼੍ਰੇਣੀਆਂ ਵਿੱਚ ਪ੍ਰਦਾਨ ਕੀਤੇ ਜਾਣੇ ਹਨ, ਜਿਸ ਵਿੱਚ ਡਿਜੀਟਲ ਖੇਤਰ ਵਿੱਚ ਜ਼ਮੀਨੀ ਪੱਧਰ ਉਤੇ ਕੀਤੀ ਪਹਿਲਕਦਮੀ ਲਈ, ਡਾਟਾ ਸ਼ੇਅਰਿੰਗ ਤੇ ਸਮਾਜਿਕ-ਆਰਥਿਕ ਵਿਕਾਸ ਦੇ ਖੇਤਰ ਵਿੱਚ ਕੀਤੇ ਕੰਮ ਲਈ, ਪਬਲਿਕ ਡਿਜੀਟਲ ਪਲੇਟਫ਼ਾਰਮ, ਨਾਗਰਿਕਾਂ ਦਾ ਡਿਜੀਟਲ ਸਸ਼ਕਤੀਕਰਨ, ਕਾਰੋਬਾਰ ਸ਼ੁਰੂ ਕਰਨ ਲਈ ਡਿਜੀਟਲ ਪਹਿਲਕਦਮੀਆਂ, ਸਟਾਰਟਅੱਪ ਦੇ ਸਹਿਯੋਗ ਨਾਲ ਡਿਜੀਟਲ ਪਹਿਲਕਦਮੀਆਂ ਤੇ ਉਤਮ ਵੈਬ ਤੇ ਮੋਬਾਇਲ ਪਹਿਲਕਦਮੀਆਂ ਲਈ ਇਹ ਪੁਰਸਕਾਰ ਦਸੰਬਰ ਮਹੀਨੇ ਵਿੱਚ ਪ੍ਰਦਾਨ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਅਤੇ ਬਿਨੈ ਕਰਨ ਲਈ ਚਾਹਵਾਨ 15 ਸਤੰਬਰ ਤੱਕ ਵੈਬਸਾਈਟ https://awards.gov.in/ ਉਤੇ ਜਾ ਕੇ ਆਨ ਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਜੋ ਇਸ ਪੁਰਸਕਾਰ ਲਈ ਯੋਗਤਾ ਪੂਰੀ ਕਰਦੇ ਹਨ ਅਪਲਾਈ ਕਰਨ ਲਈ ਕਿਹਾ ਹੈ ਇਸ ਤੋਂ ਇਲਾਵਾ ਹੋਰਨਾਂ ਨੂੰ ਵੀ ਡਿਜੀਟਲ ਇੰਡੀਆ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਨਾ ਮਿਲ ਸਕੇ।