Connect with us

Punjab

ਮਾਡਲ ਸਕੂਲ ਦੇ ਵਿਦਿਆਰਥੀਆਂ ਨੇ‘ਲੋਕਤੰਤਰ ਦਾ ਤਿਉਹਾਰ’ ਨੁੱਕੜ ਨਾਟਕ ਰਾਹੀਂ ਵੋਟਰ ਨੂੰ ਕੀਤਾ ਜਾਗਰੂਕ

Published

on

ਪਟਿਆਲਾ: ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਵਿੱਚ, ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵੋਟਰ ਜਾਗਰੂਕਤਾ ਲਈ ਨੁੱਕੜ ਨਾਟਕ ‘ਲੋਕਤੰਤਰ ਦਾ ਤਿਉਹਾਰ’ ਖੇਡਿਆ ਗਿਆ। ਸਵੀਪ ਨੋਡਲ ਅਫ਼ਸਰ, ਸਨੌਰ ਸਤਵੀਰ ਸਿੰਘ ਗਿੱਲ ਦੀ ਦੇਖਰੇਖ ‘ਚ ਹੋਏ ਇਸ ਨਾਟਕ ‘ਲੋਕਤੰਤਰ ਦਾ ਤਿਉਹਾਰ’ ਮਾਡਲ ਸਕੂਲ, ਦੇ ਵਿਦਿਆਰਥੀਆਂ ਵੱਲੋਂ ਖੇਡਿਆ ਗਿਆ। ਜਿਸ ਰਾਹੀਂ ਕਲਾਕਾਰਾਂ ਨੇ ਵੱਖ–ਵੱਖ ਕਿਰਦਾਰਾਂ ਰਾਹੀ ਵੱਧ ਤੋਂ ਵੱਧ ਵੋਟਾਂ ਪਾਉਣ, ਚੋਣ ਕਮਿਸ਼ਨ ਦੀਆ ਸਹੂਲਤਾਂ ਦਾ ਫ਼ਾਇਦਾ ਉਠਾਉਣ ਤੇ ਚੋਣ ਪ੍ਰਣਾਲੀ ਦੇ ਹੋਰਨਾ ਪੱਖਾਂ ਤੇ ਚਾਨਣਾ ਪਾਇਆ। ਇਸ ਮੌਕੇ ਹਾਜ਼ਰ ਦਰਸ਼ਕਾਂ ਨੇ ਸੌ ਫ਼ੀਸਦੀ ਮਤਦਾਨ ਕਰਨ ਲਈ ਸਹੁੰ ਵੀ ਚੱਕੀ।

ਇਸ ਮੌਕੇ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਮੁਲਾਜ਼ਮਾਂ ਤੇ ਨੌਜਵਾਨਾਂ ਦੀ ਬਹੁਤ ਅਹਿਮ ਭੂਮਿਕਾ ਹੈ। ਜਿਸ ਲਈ ਮੁਲਾਜ਼ਮਾਂ ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਮਤਦਾਨ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਹੋਰਨਾ ਵੋਟਰਾਂ ਨੂੰ ਵੀ ਮਤਦਾਨ ਲਈ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਮੁਲਾਜ਼ਮ ਵਰਗ ਦੇ ਸੌ ਫ਼ੀਸਦੀ ਮਤਦਾਨ ਲਈ ਪਹਿਲਾ ਤੋਂ ਹੀ ਸਰਗਰਮੀਆਂ ਆਰੰਭ ਕੀਤੀਆਂ ਹੋਈਆਂ ਹਨ। ਇਸ ਦੇ ਨਾਲ ਹੀ ਨੌਜਵਾਨਾ ਨੂੰ ਚੋਣ ਮਿੱਤਰ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ, ਜਿਸ ਲਈ ਨੌਜਵਾਨਾਂ ਖ਼ਾਸ ਕਰਕੇ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਸਵੈ-ਇੱਛਾ ਨਾਲ ਬਜ਼ੁਰਗ, ਦਿਵਿਆਂਗ ਤੇ ਹੋਰਨਾਂ ਲੋੜਵੰਦ ਵੋਟਰਾਂ ਨੂੰ ਮਤਦਾਨ ਕੇਂਦਰ ਤੱਕ ਲਿਆਉਣ ’ਚ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

ਇਸ ਮੌਕੇ ਜ਼ਿਲ੍ਹਾ ਆਈਕੋਨ ਜਗਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਭਾਸ਼ਾ ਦੇ ਵਿੱਚ ਸੁਨੇਹਾ ਦਿੱਤਾ ਕਿ ਉਹ ਲੋਕਤੰਤਰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ। ਇਸ ਮੌਕੇ ਸਤਵੀਰ ਸਿੰਘ ਗਿੱਲ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਮਤਦਾਨ ਕਰਨ ਤੇ ਹੋਰਨਾ ਵੋਟਰਾਂ ਦੀ ਮਦਦ ਕਰਨ। ਇਸ ਮੌਕੇ ਸਕੂਲ ਪ੍ਰਿੰਸੀਪਲ, ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।