Connect with us

Punjab

ਸਰਕਾਰੀ ਸਕੂਲਾਂ ਲਈ 16.33 ਕਰੋੜ ਤੋਂ ਵੱਧ ਦੀਆਂ ਖਰੀਦੀਆਂ ਜਾਣਗੀਆਂ ਕਿਤਾਬਾਂ

Published

on

vijay inder singla

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਸਕੂਲ ਸਿੱਖਿਆ ਵਿਭਾਗ ਨੇ ਅਕਾਦਮਿਕ ਸੈਸ਼ਨ 2021-22 ਦੌਰਾਨ ਕਿਤਾਬਾਂ ਖਰੀਦਣ ਵਾਸਤੇ 16.33 ਕਰੋੜ ਤੋਂ ਵੱਧ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ। ਇਸ ਦਾ ਉਦੇਸ਼ ਸਕੂਲ ਲਾਇਬ੍ਰੇਰੀਆਂ ਦਾ ਪੱਧਰ ਉੱਚਾ ਚੁੱਕਣਾ ਅਤੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਵਧੀਆ ਕਿਤਾਬਾਂ ਮੁਹੱਈਆ ਕਰਵਾਉਣਾ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਸਮੁੱਚੇ 19145 ਸਕੂਲਾਂ ਨੂੰ ਕਿਤਾਬਾਂ ਖਰੀਦਣ ਵਾਸਤੇ 16 ਕਰੋੜ 33 ਲੱਖ ਅਤੇ 80 ਹਜ਼ਾਰ ਰੁਪਏ ਦੀ ਕੁੱਲ ਰਾਸ਼ੀ ਦਿੱਤੀ ਗਈ ਹੈ। ਬੁਲਾਰੇ ਅਨਸਾਰ ਇਸ ਸਮੇਂ ਸੂਬੇ ਵਿੱਚ 12830 ਪ੍ਰਾਇਮਰੀ, 2655 ਅੱਪਰ ਪ੍ਰਾਇਮਰੀ, 1697 ਸੈਕੰਡਰੀ ਅਤੇ 1963 ਸੀਨੀਅਰ ਸੈਕੰਡਰੀ ਸਕੂਲ ਹਨ ਅਤੇ ਇਨ੍ਹਾਂ ਨੂੰ ਕ੍ਰਮਵਾਰ 641.5 ਲੱਖ, 345.15 ਲੱਖ, 254.55 ਲੱਖ ਅਤੇ 392.6 ਲੱਖ ਰੁਪਏ ਜਾਰੀ ਕੀਤੇ ਗਏ ਹਨ।

ਬੁਲਾਰੇ ਅਨੁਸਾਰ ਲਾਇਬ੍ਰੇਰੀਆਂ ਲਈ ਪੁਸਤਕਾਂ ਖਰੀਦਣ ਵਾਸਤੇ ਸਕੂਲ ਪੱਧਰ ’ਤੇ ਕਮੇਟੀਆਂ ਬਨਾਉਣ ਅਤੇ ਮਾਹਿਰ ਕਮੇਟੀ ਵੱਲੋਂ ਸਿਫਾਰਸ਼ ਕੀਤੀਆਂ ਕਿਤਾਬਾਂ ਹੀ ਖਰੀਦਣ ਲਈ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।  ਵਿਭਾਗ ਵੱਲੋਂ ਪੰਜਾਬ ਦੇ ਇਤਿਹਾਸ, ਸਭਿਆਚਾਰ, ਭੂਗੋਲ, ਸਮਾਜ, ਲੋਕ ਸਾਹਿਤ, ਜਾਂ ਬੋਲੀਆਂ ਆਧਾਰਤ ਵਧੇਰੇ ਪੁਸਤਕਾਂ ਖਰੀਦਣ ਲਈ ਕਿਹਾ ਗਿਆ ਹੈ। ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ ਅਤੇ ਉਨ੍ਹਾਂ ਨੂੰ ਇਸ ਪਾਸੇ ਵੱਲ ਅਕ੍ਰਸ਼ਿਤ ਕਰਨ ਲਈ ਰੰਗਦਾਰ ਤੇ ਸਚਿੱਤਰ ਪੁਸਤਕਾਂ ਦੀ ਖਰੀਦ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਸਰਕਾਰੀ ਪਬਲਿਸ਼ਰ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਖਰੀਦਣ ਸਮੇਂ ਉਨ੍ਹਾਂ ਦੀ ਨੀਤੀ ਅਨੁਸਾਰ ਡਿਸਕਾਉਟ ਲੈਣ, ਨੈਸ਼ਨਲ ਬੁੱਕ ਟ੍ਰਸਟ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ 25 ਫੀਸਦੀ ਅਤੇ ਪ੍ਰਾਈਵੇਟ ਪਬਲਿਸ਼ਰਾਂ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ ਘੱਟੋ-ਘੱਟ 40 ਫੀਸਦੀ ਡਿਸਕਾਉਟ ਲੈਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।