Punjab
ਸਮਰਾਲਾ ਨੇੜੇ ਸੜਕ ਹਾਦਸੇ ਦੌਰਾਨ ਮਾਂ-ਧੀ ਦੀ ਮੌਤ, ਪਿਓ ਗੰਭੀਰ ਜ਼ਖ਼ਮੀ

ਸੋਮਵਾਰ ਨੂੰ ਸਮਰਾਲਾ ਨੇੜੇ ਹੋਏ ਕੁੱਬੇ ਟੋਲ ਪਲਾਜ਼ਾ ਵਿਖੇ ਮੋਟਰਸਾਈਕਲ ਸਵਾਰ ਇਕ ਪਰਿਵਾਰ ਦੇ ਦੋ ਜੀਆਂ ਦੀ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ ਹੈ। ਮਰਨ ਵਾਲਿਆਂ ’ਚ 34 ਸਾਲਾਂ ਇਕ ਜ਼ਨਾਨੀ ਅਤੇ ਉਸ ਦੀ 6 ਸਾਲ ਦੀ ਮਾਸੂਮ ਧੀ ਸ਼ਾਮਲ ਹੈ, ਜਦੋਂ ਕਿ ਮੋਟਰਸਾਈਕਲ ਚਾਲਕ ਮ੍ਰਿਤਕ ਜਨਾਨੀ ਦੇ ਪਤੀ ਸਮੇਤ ਇਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਨ੍ਹਾਂ ਨੂੰ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਵਾਸੀ ਪਿੰਡ ਲਲਤੋਂ (ਲੁਧਿਆਣਾ) ਅੱਜ ਸਵੇਰੇ ਆਪਣੀ ਪਤਨੀ ਇੰਦਰਜੀਤ ਕੌਰ ਅਤੇ ਧੀ ਗਗਨਦੀਪ ਕੌਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਧਰੇ ਜਾ ਰਿਹਾ ਸੀ। ਸਮਰਾਲਾ ਨੇੜੇ ਪਿੰਡ ਕੁੱਬੇ ਦੇ ਟੋਲ ਪਲਾਜ਼ਾ ਵਿਖੇ ਪੁੱਜਣ ’ਤੇ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨਾਲ ਇਨ੍ਹਾਂ ਦੀ ਸਿੱਧੀ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸਾਬਤ ਹੋਈ ਕਿ ਮੋਟਰਸਾਈਕਲ ਦੇ ਪਿੱਛੇ ਬੈਠੀ ਸੁਖਵੀਰ ਸਿੰਘ ਦੀ ਪਤਨੀ ਇੰਦਰਜੀਤ ਕੌਰ ਅਤੇ ਉਸ ਦੀ ਮਾਸੂਮ ਧੀ ਗਗਨਦੀਪ ਕੌਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਕਾਰ ਦਾ ਚਾਲਕ ਜਿਸ ਦੀ ਪਛਾਣ ਲੁਧਿਆਣਾ ਦੇ ਦੁੱਗਰੀ ਵਾਸੀ ਰਵਿੰਦਰ ਸਿੰਘ ਵਜੋਂ ਹੋਈ ਹੈ, ਸਮੇਤ ਮੋਟਰਸਾਈਕਲ ਚਾਲਕ ਸੁਖਵੀਰ ਸਿੰਘ ਦੇ ਗੰਭੀਰ ਸੱਟਾਂ ਵੱਜੀਆਂ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।