Connect with us

Punjab

ਐਮ.ਪੀ. ਪ੍ਰਨੀਤ ਕੌਰ ਹੋਏ ਭਾਵੁਕ; ਪਟਿਆਲਾ ਵਿੱਚ ਸ਼ਾਂਤੀ, ਸਦਭਾਵਨਾ ਦੀ ਕੀਤੀ ਅਪੀਲ

Published

on

ਪਟਿਆਲਾ: ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਵਿੱਚ ਦੋ ਧੜਿਆਂ ਵਿੱਚ ਹੋਈਆਂ ਝੜਪਾਂ ਦੀਆਂ ਘਟਨਾਵਾਂ ਤੋਂ ਬਾਅਦ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕੀਤੀ ਹੈ।

“ਇਸ ਇਤਿਹਾਸਕ ਸ਼ਹਿਰ (ਪਟਿਆਲਾ) ਨਾਲ ਡੂੰਘਾ ਸਬੰਧ ਰੱਖਦੇ ਹੋਏ ਅਤੇ ਇੱਥੇ ਪੰਜਾਹ ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਕੇ, ਅੱਜ ਇੱਥੇ ਜੋ ਕੁਝ ਵਾਪਰਿਆ ਹੈ, ਉਸ ਤੋਂ ਮੈਂ ਬਹੁਤ ਦੁਖੀ ਹਾਂ”, ਪ੍ਰਨੀਤ ਕੌਰ ਨੇ ਇੱਕ ਭਾਵਨਾਤਮਕ ਨੋਟ ਵਿੱਚ ਕਿਹਾ, “ਇਸ ਬਦਸੂਰਤ ਸਥਿਤੀ ਲਈ ਜ਼ਿੰਮੇਵਾਰ ਲੋਕਾਂ ਨਾਲ ਸ਼ਹਿਰ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਲਈ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।”

ਪਟਿਆਲਾ ਦੇ ਸੰਸਦ ਮੈਂਬਰ ਨੇ ਅਫਸੋਸ ਪ੍ਰਗਟ ਕੀਤਾ ਕਿ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਹਿੰਸਾ ਨੂੰ ਵਾਪਰਨ ਤੋਂ ਰੋਕਣ ਲਈ ਕੋਈ ਸਾਵਧਾਨੀ ਨਹੀਂ ਵਰਤੀ। “ਮੈਂ ਹੈਰਾਨ ਹਾਂ ਕਿ ਕਿਉਂ ਦੋ ਟਕਰਾਅ ਵਾਲੇ ਸਮੂਹਾਂ ਨੂੰ ਇੱਕ ਦੂਜੇ ਦੇ ਆਹਮੋ-ਸਾਹਮਣੇ ਆਉਣ ਦੀ ਇਜਾਜ਼ਤ ਦਿੱਤੀ ਗਈ ਅਤੇ ਉਹ ਵੀ ਹਥਿਆਰਾਂ ਦੇ ਨਾਲ, ਜਦੋਂ ਉਨ੍ਹਾਂ ਨੇ ਆਪਣੇ ਇਰਾਦਿਆਂ ਨੂੰ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ”, ਉਨ੍ਹਾਂ ਨੇ ਕਿਹਾ, “ਹੋ ਸਕਦਾ ਹੈ ਕਿ ਸਰਕਾਰ ਵਿੱਚ ਕੋਈ ਵਿਅਕਤੀ ਇਸ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਹੋਵੇ।”

“ਪਟਿਆਲਾ ਦਾ ਸ਼ਾਂਤੀ ਅਤੇ ਸਦਭਾਵਨਾ ਦਾ ਇਤਿਹਾਸ ਰਿਹਾ ਹੈ ਅਤੇ ਲੋਕ ਸੈਂਕੜੇ ਸਾਲਾਂ ਤੋਂ ਇਕੱਠੇ ਰਹਿੰਦੇ ਹਨ ਅਤੇ ਅੱਜ ਜੋ ਕੁਝ ਵਾਪਰਿਆ ਹੈ, ਉਹ ਪਹਿਲੀ ਵਾਰ ਹੋਇਆ ਹੈ”, ਉਨ੍ਹਾਂ ਨੇ ਅਫਸੋਸ ਜ਼ਾਹਰ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਹੀਂ ਹੋਣ ਦਿੱਤੀਆਂ ਜਾਣਗੀਆਂ |