Punjab
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਨਾਨਕਸ਼ਾਹੀ ਕੈਲੰਡਰ

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਾਨਕਸ਼ਾਹੀ ਸੰਮਤ 555 (ਸਾਲ 2023-24) ਦਾ ਕੈਲੰਡਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ। ਇਸ ਸਾਲ ਦਾ ਨਾਨਕਸ਼ਾਹੀ ਕੈਲੰਡਰ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹਾਦਤ ਦੇ 200 ਸਾਲਾ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਅਤੇ ਜੈਤੋ ਦੇ ਮੋਰਚੇ ਦੇ 100 ਸਾਲਾਂ ਨੂੰ ਸਮਰਪਿਤ ਹੈ।
ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਇਸ ਕੈਲੰਡਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਅਤੇ ਆਉਣ ਵਾਲੇ ਸ਼ਤਾਬਦੀ ਦਿਹਾੜਿਆਂ ਨਾਲ ਸਬੰਧਤ ਤਸਵੀਰਾਂ ਲਗਾਈਆਂ ਗਈਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਸਾਲ ਅਹਿਮ ਸ਼ਤਾਬਦੀ ਦਿਵਸ ਆ ਰਹੇ ਹਨ, ਜੋ ਕੌਮੀ ਏਕਤਾ ਨਾਲ ਮਨਾਏ ਜਾਣਗੇ।
ਇਸ ਵਾਰ ਨਾਨਕਸ਼ਾਹੀ ਸੰਮਤ 555 ਦਾ ਕੈਲੰਡਰ ਆਮ ਨਾਲੋਂ ਇੱਕ ਮਹੀਨਾ ਪਹਿਲਾਂ ਜਾਰੀ ਕੀਤਾ ਗਿਆ ਹੈ। ਇਸ ਦਾ ਮਕਸਦ ਸੰਗਤ ਨੂੰ ਗੁਰੂ ਪਰਵਾਸ ਅਤੇ ਇਤਿਹਾਸਕ ਦਿਹਾੜਿਆਂ ਬਾਰੇ ਪਹਿਲਾਂ ਤੋਂ ਹੀ ਜਾਣੂ ਕਰਵਾਉਣਾ ਹੈ ਕਿਉਂਕਿ ਸੰਗਤਾਂ ਅਕਸਰ ਇਸ ਸਬੰਧੀ ਸੁਝਾਅ ਭੇਜਦੀਆਂ ਰਹਿੰਦੀਆਂ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਕੌਮ ਵਿੱਚ ਏਕਤਾ ਬਣੀ ਰਹੇ।