punjab
ਬੇਰਹਮ ਮਾਂ ਪਿਓ ਨਵਜਨਮੀ ਫੁੱਲਾਂ ਵਰਗੀ ਧੀ ਨੂੰ ਯੂਨੀਕ ਹੋਮ ਦੇ ਅੱਗੇ ਛੱਡ ਹੋਏ ਫਰਾਰ

ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਬਾਦਸ਼ਾਹਪੁਰ ਵਿਖੇ ਸਥਿਤ ਇਕ ਯੂਨੀਕ ਹੋਮ ਦੇ ਗੇਟ ਦੇ ਬਾਹਰ ਅਣਪਛਾਤੇ 2 ਔਰਤਾਂ ਅਤੇ 1 ਵਿਅਕਤੀ ਵੱਲੋਂ ਨਵਜਨਮੀ ਬੱਚੀ ਨੂੰ ਛੱਡ ਕੇ ਫਰਾਰ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਘਟਨਾ ਦੀ ਜਾਣਕਾਰੀ ਯੂਨੀਕ ਹੋਮ ਦੇ ਚੇਅਰਮੈਨ ਵੱਲੋਂ ਥਾਣਾ ਲਾਂਬੜਾ ਦੀ ਪੁਲਿਸ ਨੂੰ ਦਿੱਤੀ ਗਈ, ਸੂਚਨਾ ਮਿਲਦੇ ਹੀ ਇੰਚਾਰਜ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕੀਤੀ। ਫੁੱਲਾਂ ਵਰਗੀ ਉਕਤ ਬੱਚੀ ਨੇ ਚਿੱਟੇ ਅਤੇ ਗੁਲਾਬੀ ਰੰਗ ਫੁੱਲਾਂ ਵਾਲੀ ਫਰਾਕ ਪਾਈ ਹੋਈ ਸੀ। ਪੰਘੂੜੇ ‘ਚ ਪਈ ਬਿਲਕੁਲ ਹੀ ਬੇਸੁਧ ਸੀ। ਉਕਤ ਬੱਚੀ ਨੂੰ ਸਭ ਤੋਂ ਪਹਿਲਾਂ ਗੇਟ ਮੈਨ ਗੁਲਾਬ ਚੰਦ ਨੇ ਵੇਖਿਆ ਸੀ, ਜਿਸ ਨੇ ਬਾਅਦ ਇਸ ਦੀ ਜਾਣਕਾਰੀ ਪ੍ਰਕਾਸ਼ ਕੌਰ ਨੂੰ ਦਿੱਤੀ। ਥਾਣਾ ਲਾਂਬੜਾ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਚਿੱਟੇ ਰੰਗ ਦੀ ਕਾਰ ਵਿਚ 2 ਔਰਤਾਂ ਅਤੇ 1 ਵਿਅਕਤੀ ਯੂਨੀਕ ਹੋਮ ਦੇ ਬਾਹਰ ਇਕ ਨਵਜਨਮੀ ਬੱਚੀ ਨੂੰ ਛੱਡ ਕੇ ਫਰਾਰ ਹੋ ਗਏ ਹਨ। ਉਸ ਨੇ ਦੱਸਿਆ ਕਿ ਯੂਨੀਕ ਹੋਮ ਦੇ ਚੇਅਰਮੈਨ ਨਵਜਨਮੀ ਬੱਚੀ ਨੂੰ ਆਪਣੀ ਕਾਰ ਵਿਚ ਲੈ ਕੇ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਨਵਜਨਮੀ ਬੱਚੀ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਜਲੰਧਰ ਦੇ ਦਿੱਤੀ ਸੀ, ਜਿਸ ਨੂੰ 72 ਘੰਟਿਆਂ ਲਈ ਮੁਰਦਾਘਰ ਵਿਚ ਰੱਖਿਆ। ਦੂਜੇ ਪਾਸੇ ਪੁਲਿਸ ਨੇ ਨਵਜਨਮੀ ਬੱਚੀ ਨੂੰ ਯੂਨੀਕ ਹੋਮ ਦੇ ਬਾਹਰ ਛੱਡਣ ਵਾਲੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਥਾਣਾ ਲਾਂਬੜਾ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਨੇੜਲੇ ਲਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਬਹੁਤ ਜਲਦੀ ਪੁਲਿਸ ਦੀ ਹਿਰਾਸਤ ਵਿਚ ਹੋਣਗੇ। ਅਨਾਥ ਬੱਚੀਆਂ ਨੂੰ ਯੂਨੀਕ ਹੋਮ ਵਿਚ ਪਾਲਣ ਵਾਲੀ ਬੀਬੀ ਪ੍ਰਕਾਸ਼ ਕੌਰ ਨੇ ਆਪਣੀ ਗੋਦ ’ਚ ਰੱਖ ਕੇ 6 ਕਿਲੋਮੀਟਰ ਦਾ ਸਫ਼ਰ ਕਰਕੇ ਉਸ ਨੂੰ ਦੋਆਬਾ ਹਸਪਤਾਲ ਪਹੁੰਚਾਇਆ। ਉਹ ਵੀ ਬੱਚੀ ਨੂੰ ਵੇਖ ਕੇ ਬੇਹੱਦ ਭਾਵੁਕ ਹੋ ਗਈ। ਉਨ੍ਹਾਂ ਨੂੰ ਦੁੱਖ ਹੈ ਕਿ ਬੱਚੀ ਜੇਕਰ ਉਥੇ ਪਹੁੰਚ ਹੀ ਗਈ ਸੀ ਤਾਂ ਕੁਝ ਦੇਰ ਤੱਕ ਹੋਰ ਸਾਹ ਚੱਲਦੇ ਰਹਿੰਦੇ ਤਾਂ ਉਹ ਬੱਚੀ ਨੂੰ ਬਚਾ ਸਕਦੇ ਪਰ ਅਫ਼ਸੋਸ ਬੱਚੀ ਦੇ ਸਾਹ ਰੁਕ ਚੁੱਕੇ ਸਨ। ਲਾਂਬੜਾ ਪੁਲਿਸ ਨੇ ਕੇਸ ’ਚ ਸੈਕਸ਼ਨ 318 ਲਗਾਈ ਹੈ। ਇਸ ’ਚ ਦੋ ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਲਾਸ਼ ਨੂੰ ਖੁਰਦ ਕਰਨ ਦੇ ਮਾਮਲਿਆਂ ਇਹ ਧਾਰਾ ਲਗਾਈ ਜਾਂਦੀ ਹੈ। ਜੇਕਰ ਪੋਸਟਮਾਰਟਮ ਵਿਚ ਡਾਕਟਰਾਂ ਨੂੰ ਜੇਕਰ ਕੋਈ ਗੜਬੜੀ ਮਿਲਦੀ ਹੈ ਤਾਂ ਪੁਲਸ 302 ਦੇ ਤਹਿਤ ਮਾਮਲੇ ਦਰਜ ਕਰ ਸਕਦੀ ਹੈ।