Connect with us

National

ਇਤਿਹਾਸ ਦੇ ਪੰਨਿਆਂ ਚ’ ਨਵਾਂ ਜ਼ਿਲ੍ਹਾ ‘ਮਲੇਰਕੋਟਲਾ’

Published

on

malerkotla

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ 14 ਮਈ ਨੂੰ ਈਦ-ਉਲ-ਫਿਤਰ ਦੇ ਸ਼ੁਭ ਅਵਸਰ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਮਲੇਰਕੋਟਲਾ ਨੂੰ ਪੰਜਾਬ 23 ਵਾਂ ਜ਼ਿਲ੍ਹਾ ਬਨਾਉਣ ਦਾ ਐਲਾਨ ਕੀਤਾ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਰਅਸਲ ਮਲੇਰਕੋਟਲਾ ਦੀ ਵਿਧਾਇਕਾ ਬੀਬੀ ਰਜੀਆ ਸੁਲਤਾਨਾ (ਕੈਬਨਿਟ ਮੰਤਰੀ) ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੀ ਸਰਕਾਰ ਬਨਣ ’ਤੇ ਹਲਕੇ ਦੇ ਲੋਕਾਂ ਨਾਲ ਇਸ ਤਹਿਸੀਲ ਨੂੰ ਜ਼ਿਲ੍ਹਾ ਬਨਾਉਣ ਦਾ ਵਾਅਦਾ ਕੀਤਾ ਸੀ। ਮਲੇਰਕੋਟਲਾ ਨੂੰ ਜ਼ਿਲ੍ਹਾ ਬਨਾਉਣ ਦਾ ਐਲਾਨ ਕਰਕੇ ਉਸੇ ਵਾਅਦੇ ਨੂੰ ਪੂਰਾ ਕੀਤਾ ਹੈ।

ਹੁਣ 7 ਜੂਨ 2021 ਨੂੰ ਕੈਪਟਨ ਅਮਰਿੰਦਰ ਸਿੰਘ ਮਲੇਰਕੋਟਲਾ ਨੂੰ ਪੰਜਾਬ ਦੇ 23ਵੇਂ ਜ਼ਿਲ੍ਹਾ ਵਜੋਂ ਮਾਨਤਾ ਦੇਣ ਜਾ ਰਹੇ ਹਨ। ਜਦ ਕਿ ਉਸੇ ਦਿਨ ਉਹ ਮਲੇਰਕੋਟਲਾ ਵਿਖੇ ਨਵਾਬ ਸ਼ੇਰ ਮੁਹੰਮਦ ਖਾਨ ਮੈਡੀਕਲ ਕਾਲਜ, ਗਰਲਜ ਕਾਲਜ ਅਤੇ ਇਕ ਵੂਮੈਨ ਪੁਲਸ ਸਟੇਸ਼ਨ ਅਤੇ ਨਵੇਂ ਬਸ ਸਟੈਂਡ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਵੀ ਰੱਖਣਗੇ। (ਜ਼ਿਕਰਯੋਗ ਹੈ ਕਿ ਮਲੇਰਕੋਟਲਾ ‘ਚ ਨਵੇਂ ਬਨਣ ਜਾ ਰਹੇ ਨਵਾਬ ਸ਼ੇਰ ਮੁਹੰਮਦ ਖਾਨ ਮੈਡੀਕਲ ਕਾਲਜ, ਗਰਲਜ ਕਾਲਜ ਅਤੇ ਨਵੇਂ ਵੂਮੈਨ ਪੁਲਸ ਸਟੇਸ਼ਨ ਦੇ ਲਿਆਉਣ ’ਚ ਤੇ ਇਸ ਤੋਂ ਪਹਿਲਾਂ ਇਥੇ ਪੰਜਾਬ ਉਰਦੂ ਅਕਾਦਮੀ ਅਤੇ ਬੀ. ਐੱਡ ਕਾਲਜ ਲਿਆਉਣ ’ਚ ਬੀਬੀ ਰਜੀਆ ਸੁਲਤਾਨਾ (ਕੈਬਨਿਟ ਮੰਤਰੀ) ਦੀ ਅਹਿਮ ਭੂਮਿਕਾ ਰਹੀ ਹੈ। ਇਹ ਕਿ 2 ਜੂਨ ਪੰਜਾਬ ਕੈਬਨਿਟ ਨੇ ਮਲੇਰਕੋਟਲਾ ਨੂੰ ਬਾਕਾਇਦਾ ਜ਼ਿਲ੍ਹਾ ਬਣਾਉਣ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ। ਇਸ ਮੌਕੇ ਪੰਜਾਬ ਕੈਬਨਿਟ ਵੱਲੋਂ ਸਬ ਤਹਿਸੀਲ ਅਮਰਗੜ੍ਹ, ਜੋ ਮਲੇਰਕੋਟਲਾ ਸਬ ਡਿਵੀਜ਼ਨ ਦਾ ਹਿੱਸਾ ਸੀ, ਨੂੰ ਵੀ ਤਹਿਸੀਲ ਬਣਾਉਣ ਦੀ ਮਨਜ਼ੂਰੀ ਦਿੱਤੀ।

ਮਲੇਰਕੋਟਲਾ ਜ਼ਿਲ੍ਹੇ ਵਿੱਚ ਹੁਣ ਤਿੰਨ ਸਬ ਡਿਵੀਜ਼ਨ ਮਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 192 ਪਿੰਡ, 62 ਪਟਵਾਰ ਸਰਕਲ ਅਤੇ 6 ਕਾਨੂੰਨਗੋ ਸਰਕਲ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਮੰਤਰੀ ਮੰਡਲ ਵੱਲੋਂ ਨਵੇਂ ਜ਼ਿਲ੍ਹੇ ਲਈ ਮੁੱਖ ਮੰਤਰੀ ਨੂੰ 12 ਵਿਭਾਗਾਂ ਪੁਲਸ, ਪੇਂਡੂ ਵਿਕਾਸ ਤੇ ਪੰਚਾਇਤ, ਸਮਾਜਿਕ ਨਿਆਂ ਅਤੇ ਘੱਟ ਗਿਣਤੀ, ਖੇਤੀਬਾੜੀ ਅਤੇ ਕਿਸਾਨ ਵਿਕਾਸ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ, ਸਿਹਤ, ਸਿੱਖਿਆ (ਪ੍ਰਾਇਮਰੀ ਅਤੇ ਸੈਕੰਡਰੀ), ਰੋਜ਼ਗਾਰ ਉਤਪੱਤੀ, ਉਦਯੋਗ ਅਤੇ ਵਣਜ, ਖੁਰਾਕ ਸਿਵਲ ਸਪਲਾਈ ਤੇ ਉਪਭੋਗਤਾ ਮਾਮਲੇ ਤੋਂ ਇਲਾਵਾ ਵਿੱਤ ਦੇ ਦਫ਼ਤਰਾਂ ਲਈ ਨਵੀਆਂ ਅਸਾਮੀਆਂ ਸਿਰਜੇ ਜਾਣ ਨੂੰ ਮਨਜ਼ੂਰੀ ਦੇਣ ਲਈ ਮੁੱਖ ਮੰਤਰੀ ਨੂੰ ਅਧਿਕਾਰ ਸੌਂਪ ਦਿੱਤੇ। ਇਸ ਸੰਦਰਭ ਵਿੱਚ ਪਿਛਲੇ ਦਿਨੀਂ ਮਲੇਰਕੋਟਲਾ ਜ਼ਿਲ੍ਹਾ ਦੀ ਪਹਿਲੇ ਡੀ. ਸੀ ਵਜੋਂ ਮੈਡਮ ਅੰਮ੍ਰਿਤ ਗਿੱਲ ( ਆਈ.ਏ.ਐੱਸ.) ਅਤੇ ਜਦੋਂ ਕਿ ਪਹਿਲੇ ਐੱਸ.ਐੱਸ.ਪੀ. ਵਜੋਂ ਕੰਵਰਦੀਪ ਕੌਰ (ਆਈ.ਪੀ.ਐੱਸ.) ਨੇ ਆਪਣੇ-ਆਪਣੇ ਅਹੁਦੇ ਸੰਭਾਲ ਲਏ ਹਨ।

ਆਓ ਅੱਜ ਆਪਾਂ ਇਸ ਨਵੇਂ ਜ਼ਿਲ੍ਹਾ ਬਨਣ ਵਾਲੇ ਮਲੇਰਕੋਟਲਾ ਦੇ ਇਤਿਹਾਸਕ ਪਿਛੋਕੜ ਦੇ ਸੰਦਰਭ ਵਿੱਚ ਕੁੱਝ ਖ਼ਾਸ ਅਤੇ ਦਿਲਚਸਪ ਗੱਲਾਂ ਜਾਨਣ ਦੀ ਕੋਸ਼ਿਸ਼ ਕਰਦੇ ਹਾਂ। ਜਦ ਕਦੇ ਵੀ ਅਸੀਂ ਪੰਜਾਬ ਦੇ ਇਤਿਹਾਸਕ ਪੰਨਿਆਂ ਨੂੰ ਪਲਟਦੇ ਹਾਂ ਤਾਂ ਇਨ੍ਹਾਂ ’ਚੋਂ ਮਲੇਰਕੋਟਲਾ ਆਪਣੀ ਇਕ ਵੱਖਰੀ ਅਤੇ ਵਿਲੱਖਣ ਭਾਈਚਾਰਕ ਸਾਂਝ ਦਾ ਪ੍ਰਤੀਕ ਬਣ ਸਾਹਮਣੇ ਆ ਖਲੋਂਦਾ ਹੈ। ਮਲੇਰਕੋਟਲਾ ਦੇ ਇਤਿਹਾਸ ਤੇ ਝਾਤ ਮਾਰਨ ਤੋਂ ਪਹਿਲਾਂ ਆਓ ਪਹਿਲਾਂ ਸਮਝਦੇ ਹਾਂ ਕਿ ਉਕਤ ਰਿਆਸਤ ਦਾ ਨਾਂ ਮਲੇਰਕੋਟਲਾ ਕਿਵੇਂ ਪਿਆ। ਪ੍ਰਸਿੱਧ ਵਿਦਵਾਨ ਡਾ.ਰਤਨ ਸਿੰਘ ਜੱਗੀ ਇਸ ਸਬੰਧੀ ਲਿਖਦੇ ਹਨ ਕਿ ‘ਮਲੇਰਕੋਟਲਾ’ ਨਾਂ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ। ‘ਮਹਲੇਰ’ ਨਾਂ ਦਾ ਪਿੰਡ ਰਾਜਪੂਤ ਚੌਧਰੀ ਮਹਲੇਰ ਸਿੰਘ ਦਾ ਵਸਾਇਆ ਹੋਇਆ ਸੀ। ਇਸ ਦੇ ਬਰਬਾਦ ਹੋ ਜਾਣ ਤੋਂ ਬਾਅਦ ਪੁਰਾਣੇ ਥੇਹ ’ਤੇ ਇਸ ਨੂੰ ਨਵੇਂ ਸਿਰਿਓਂ ਵਸਾਇਆ ਗਿਆ ਅਤੇ ਉਸ ਦਾ ਨਾਂ ‘ਮਲੇਰ’ ਪ੍ਰਚਲਿਤ ਹੋਇਆ। ਇਸ ਪਿੰਡ ਦੇ ਨਾਲ ਹੀ ਸੰਨ 1657 ਈ. ਵਿੱਚ ਨਵਾਬ ਬਾਯਜ਼ੀਦ ਖ਼ਾਨ ਨੇ ‘ਕੋਟਲਾ’ ਨਾਂ ਦੀ ਆਬਾਦੀ ਬਣਾਈ। ਇਹ ਦੋਵੇਂ ਨਾਂ ਮਿਲ ਕੇ ‘ਮਲੇਰਕੋਟਲਾ’ ਬਣਿਆ। ਜਦੋਂ ਕਿ ਇਸ ਤੋਂ ਪਹਿਲਾਂ ਰਿਆਸਤ ਦੇ ਬਾਨੀ ਸ਼ੇਖ਼ ਸਦਰ-ਉਦ-ਦੀਨ ਸਦਰ-ਏ-ਜਹਾਂ ਦਾ ਜਨਮ 1434 ਈ: ਨੂੰ ਅਫ਼ਗ਼ਾਨਿਸਤਾਨ ਦੇ ਦਰਾਬੰਦ ਵਿਖੇ ਹੋਇਆ।

ਇਸ ਸੰਬੰਧੀ ਸ਼ੇਖ ਸਦਰ-ਉਦ-ਦੀਨ ਦੇ ਖਾਨਦਾਨ ਦੀ ਪੰਦਰਵੀਂ ਪੁਸ਼ਤ ’ਚੋਂ ਮੌਜੂਦ ਸਾਹਿਬਜ਼ਾਦਾ ਅਜਮਲ ਖਾਨ ਸ਼ੇਰਵਾਨੀ ਦੱਸਦੇ ਹਨ ਕਿ ਸਦਰ-ਉਦ-ਦੀਨ ਸ਼ੇਰਵਾਨੀ ਅਫ਼ਗ਼ਾਨ ਸਨ, ਜੋ ਅਫਗਾਨਿਸਤਾਨ ਦੇ ਦਰਾਬੰਦ ਵਿਖੇ ਪੈਦਾ ਹੋਏ ਅਤੇ ਜਵਾਨ ਹੋ ਕੇ ਫੌਜ ’ਚ ਭਰਤੀ ਹੋ ਗਏ, ਬਾਅਦ ਵਿੱਚ ਉਨ੍ਹਾਂ ਆਪਣੇ ਇਕ ਸੂਫ਼ੀ ਪੀਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣ ਕਰਦਿਆਂ ਫੌਜ ਦੀ ਨੌਕਰੀ ਛੱਡ ਪੰਜਾਬ ਦੀ ਧਰਤੀ ਉੱਪਰ ‘ਭੁਮਸੀ’ ਨਾਂ ਦੀ ਜਗ੍ਹਾ ਤੇ ਆ ਕੇ ਡੇਰਾ ਲਾ ਲਿਆ। ਜ਼ਿਕਰਯੋਗ ਹੈ ਕਿ ਸ਼ੇਖ ਸਦਰ-ਉਦ-ਦੀਨ ਵਹਾਓਦੀਨ ਜ਼ਿਕਰੀਆ ਦੇ ਪੋਤੇ ਰੁਕਨ-ਏ-ਆਲਮ ਨੂੰ ਆਪਣਾ ਪੀਰ-ਓ-ਮੁਰਸ਼ਦ ਮੰਨਦੇ ਸਨ, ਜੋ ਸੋਹਰਾਵਰਦੀ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ ਜਦੋਂ ਸ਼ੇਖ ਸਦਰ-ਉਦ-ਦੀਨ ਨੂੰ ਰੁਕਨ-ਏ-ਆਲਮ ਨੇ ਹੁਕਮ ਦਿੱਤਾ ਕਿ ਤੁਸੀਂ ਦੀਨ ਫੈਲਾਉਣ ਲਈ ਭਾਵ ਰੱਬ ਦੇ ਰਸਤੇ ਤੋਂ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਪੰਜਾਬ ਜਾਓ ਤਾਂ ਸ਼ੇਖ ਸਦਰ-ਉਦ-ਦੀਨ ਨੇ ਆਪਣੇ ਪੀਰ ਦੇ ਆਖੇ ਲੱਗਦਿਆਂ ਪੰਜਾਬ ਦੀ ਭੁਮਸੀ ਨਾਂ ਦੀ ਥਾਂ ਤੇ ਆਕੇ ਡੇਰਾ ਲਾ ਲਿਆ।

ਇਸ ਸੰਬੰਧੀ ਸ਼ੇਖ ਸਦਰ-ਉਦ-ਦੀਨ ਦੇ ਇੱਕ ਵਾਕਿਆ ਦਾ ਜ਼ਿਕਰ ਕਰਦਿਆਂ ਡਾ.ਰਤਨ ਸਿੰਘ ਜੱਗੀ ਲਿਖਦੇ ਹਨ ਇਕ ਵਾਰ ਸੁਲਤਾਨ ਬਹਿਲੋਲ ਲੋਧੀ, ਆਪਣੇ ਵਜ਼ੀਰ ਹਾਮਿਦ ਖ਼ਾਨ ਨਾਲ ਭੁਮਸੀ ਨਾਂ ਦੇ ਸਥਾਨ ਕੋਲੋਂ ਲੰਘਦੇ ਸਮੇਂ, ਸ਼ੇਖ ਸਦਰ-ਉਦ-ਦੀਨ ਦੇ ਕੋਲ ਕੁੱਝ ਸਮੇਂ ਲਈ ਠਹਿਰਿਆ ਅਤੇ ਉਸ ਪਾਸੋਂ ਦੁਆ ਮੰਗਵਾਈ ਕਿ ਉਸ ਨੂੰ ਦਿੱਲੀ ਉੱਤੇ ਜਿੱਤ ਪ੍ਰਾਪਤ ਹੋਏ। ਜਿੱਤ ਦਾ ਵਰਦਾਨ ਲੈ ਕੇ ਜਦੋਂ ਬਹਿਲੋਲ ਲੋਧੀ ਨੇ ਦਿੱਲੀ ਨੂੰ ਕਾਬੂ ਕਰ ਲਿਆ ਤਾਂ ਉਸ ਨੇ ਸੰਨ 1454 ਈ. ਵਿਚ ਆਪਣੀ ਪੁੱਤਰੀ ਤਾਜ ਮੁੱਰਸਾ ਬੇਗਮ ਦਾ ਵਿਆਹ ਸ਼ੇਖ ਸਦਰ-ਉਦ-ਦੀਨ ਨਾਲ ਕਰ ਦਿੱਤਾ। ਦਾਜ ਵਜੋਂ ਉਸ ਨੇ 68 ਪਿੰਡਾਂ ਦੀ ਜਾਗੀਰ ਸ਼ੇਖ ਦੇ ਨਾਂ ਲਗਵਾ ਦਿੱਤੀ। ਸੰਨ 1515 ਈ. ਵਿਚ ਸ਼ੇਖ ਸਦਰ-ਉਦ-ਦੀਨ ਦਾ ਦੇਹਾਂਤ (ਇੰਤਕਾਲ) ਹੋ ਗਿਆ।”

ਉਧਰ ਸ਼ੇਖ ਸਦਰ-ਉਦ-ਦੀਨ ਦੇ ਵਿਆਹ ਸੰਬੰਧੀ ਸਾਹਿਬਜ਼ਾਦਾ ਅਜਮਲ ਖਾਨ ਸ਼ੇਰਵਾਨੀ ਦੱਸਦੇ ਹਨ ਕਿ ਜਦੋਂ ਬਹਿਲੋਲ ਲੋਧੀ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਇਆ ਤਾਂ ਲੋਧੀ ਦੀ ਮਾਂ ਨੇ ਆਖਿਆ ਕਿ ਕਿਉਂ ਨਾ ਤੂੰ ਆਪਣੀ ਸਪੁੱਤਰੀ ਤਾਜ ਮੁਰੱਸਾ ਦਾ ਨਿਕਾਹ (ਵਿਆਹ) ਸ਼ੇਖ ਸਦਰ-ਉਦ-ਦੀਨ ਨਾਲ ਕਰਾ ਦੇਵੇਂ ਨਾਲੇ ਉਹ ਆਪਣੇ ਪਠਾਨ ਖਾਨਦਾਨ ’ਚੋਂ ਹੈ ਤਾਂ ਬਹਿਲੋਲ ਨੇ ਮਾਂ ਨੂੰ ਕਿਹਾ ਕਿ ਉਹ ( ਸਦਰ-ਉਦ-ਦੀਨ ) ਤਾਂ ਇਕ ਦਰਵੇਸ਼ ਫਕੀਰ ਹੈ ਉਸ ਦੇ ਕੋਲ ਕੋਈ ਜਾਗੀਰ ਨਹੀਂ। ਇਸ ਤੇ ਬਹਿਲੋਲ ਦੀ ਮਾਂ ਨੇ ਕਿਹਾ ਕਿ ਤੇਰੇ( ਬਹਿਲੋਲ) ਪਾਸ ਤਾਂ ਰੱਬ ਦਾ ਦਿੱਤਾ ਸਭ ਕੁੱਝ ਹੈ ਤੂੰ ਆਪਣੇ ਵੱਲੋਂ ਉਸ ਦੇ ਨਾਂ ਜਾਗੀਰ ਲਗਵਾ ਦੇ ।

ਲਿਹਾਜ਼ਾ ਇਸ ਤੋਂ ਬਾਅਦ ਬਹਿਲੋਲ ਨੇ ਆਪਣੀ ਮਾਂ ਦੇ ਬੋਲ ਪੁਗਾਏ ਤੇ ਆਪਣੀ ਸਪੁਤਰੀ ਤਾਜ ਮੁਰੱਸਾ ਦਾ ਨਿਕਾਹ ਸ਼ੇਖ ਸਦਰ-ਉਦ-ਦੀਨ ਨਾਲ ਕਰ ਦਿੱਤਾ ਤੇ ਨਾਲ ਹੀ ਉਨ੍ਹਾਂ ਦੇ ਨਾਂ 68 ਪਿੰਡ ਕਰਦਿਆਂ ਤਿੰਨ ਲੱਖ ਰੁਪਏ ਨਕਦ ਦਿੱਤੇ । ਤਾਜ ਮੁਰੱਸਾ ਦੀ ਕੁੱਖੋਂ ਦੋ ਬੱਚਿਆਂ ਸ਼ੇਖ ਹਸਨ (ਲੜਕਾ) ਅਤੇ ਮਾਈ ਹਾਫਿਜ਼ਾ ਉਰਫ ਬੀਬੀ ਮਾਂਗੋ (ਲੜਕੀ) ਨੇ ਜਨਮ ਲਿਆ। (ਜ਼ਿਕਰਯੋਗ ਹੈ ਕਿ ਸ਼ੇਖ ਸਦਰ-ਉਦ-ਦੀਨ (ਹੈਦਰ ਸ਼ੇਖ) ਦੀ ਦਰਗਾਹ ਦੇ ਨੇੜੇ, ਜੋ ਮੁੱਖ ਸੇਵਾਦਾਰ ਵਸਦੇ ਹਨ ਅਰਥਾਤ, ਜਿਨ੍ਹਾਂ ਪਾਸ ਦਰਗਾਹ ਦੇ ਇੰਤਜ਼ਾਮ ਦੇ ਜ਼ਿੰਮੇਵਾਰੀ ਹੈ, ਉਹ ਸਾਰੇ ਸ਼ੇਖ ਹਸਨ ਦੀ ਔਲਾਦ ’ਚੋਂ ਹਨ)

ਜਦੋਂ ਕਿ ਸ਼ੇਖ ਸਦਰ-ਉਦ-ਦੀਨ ਦਾ ਦੂਜਾ ਵਿਆਹ ਕਪੂਰਥਲੇ ਦੇ ਰਾਜਪੂਤ ਘਰਾਣੇ ਦੀ ਇਕ ਕੁੜੀ ਨਾਲ ਹੋਇਆ, ਇਸ ਦੀ ਕੁੱਖੋਂ ਦੋ ਲੜਕਿਆਂ ਸ਼ੇਖ ਮੂਸਾ ਅਤੇ ਸ਼ੇਖ ਈਸਾ ਨੇ ਜਨਮ ਲਿਆ ਸ਼ੇਖ ਮੂਸਾ ਬੇ-ਔਲਾਦ(ਲਾ-ਵਲਦ) ਰਹੇ। ਸ਼ੇਖ ਈਸਾ ਦੀ ਔਲਾਦ ਚੋਂ ਪੈਦਾ ਹੋਏ ਬੱਚਿਆਂ ਨੇ ਅੱਗੇ ਚਲ ਕੇ ਨਵਾਬ ਬਣ ਰਿਆਸਤ ਮਲੇਰਕੋਟਲਾ ਦੀ ਬਾਗਡੋਰ ਸੰਭਾਲੀ। (ਜ਼ਿਕਰਯੋਗ ਹੈ ਕਿ ਤਾਜ ਮੁਰੱਸਾ ਬੇਗਮ ਸ਼ੇਖ ਹਸਨ, ਸ਼ੇਖ ਈਸਾ ਅਤੇ ਸ਼ੇਖ ਮੂਸਾ ਦੀਆਂ ਕਬਰਾਂ ਹੈਦਰ ਸ਼ੇਖ ਹੁਰਾਂ ਦੀ ਦਰਗਾਹ ਦੇ ਪਾਸ ਹੀ ਹਨ, ਜਦਕਿ ਸ਼ੇਖ ਸਦਰੁਦੀਨ ਦੀ ਧੀ ਬੀਬੀ ਮਾਂਗੋ ਦੀ ਕਬਰ ਮਲੇਰਕੋਟਲਾ ਦੀ ਵੱਡੀ ਈਦ ਗਾਹ ਦੇ ਨੇੜੇ ਸਥਿਤ ਹੈ। ਇਸ ਦੇ ਇਲਾਵਾ ਰਿਆਸਤ ਦੇ ਵੱਖ-ਵੱਖ ਨਵਾਬਾਂ ਜਿਵੇਂ ਸ਼ੇਰ ਮੁਹੰਮਦ ਖਾਨ ਆਦਿ ਦੀਆਂ ਕਬਰਾਂ ਸਥਾਨਕ ਸਰਹੰਦੀ ਗੇਟ ਦੇ ਸ਼ਾਹੀ ਮਕਬਰਿਆਂ ਵਿੱਚ ਮੌਜੂਦ ਹਨ )।  1656 ਈ: ਵਿੱਚ ਨਵਾਬ ਬਾਯਜ਼ੀਦ ਖ਼ਾਂ ਨੇ ਇਕ ਨਵੀਂ ਆਬਾਦੀ ਨੂੰ ਵਸਾਇਆ ਜਿਸ ਨੂੰ “ਕੋਟਲਾ” ਦਾ ਨਾਂ ਦਿੱਤਾ ਗਿਆ। ਇਸ ਤਰ੍ਹਾਂ ਮਲੇਰ ਅਤੇ ਕੋਟਲਾ ਨੂੰ ਮਿਲ ਕੇ ਰਿਆਸਤ ਮਲੇਰਕੋਟਲਾ ਵਜੂਦ ’ਚ ਆਈ। ਸ਼ਹਿਰ ਦੁਆਲੇ ਬਣੀ ਡੇਢ ਗਜ਼ ਚੌੜੀ ਫ਼ਸੀਲ 1657 ਈ: ‘ਚ ਬਾਯਜ਼ੀਦ ਖ਼ਾਂ ਨੇ ਹੀ ਬਣਵਾਈ ਸੀ, ਜਿਸ ਦੇ ਸੱਤ ਦਰਵਾਜ਼ੇ (ਗੇਟ) ਸਨ, ਜਿਨ੍ਹਾਂ ਨੂੰ ਰਾਤ ਸਮੇਂ ਬੰਦ ਕਰ ਦਿੱਤਾ ਜਾਂਦਾ ਸੀ।

ਇਸ ਤੋਂ ਬਾਅਦ ਬਾਯਜ਼ੀਦ ਖਾਂ ਦੇ ਪੁੱਤਰ ਅਤੇ ਅੱਗੋਂ ਉਨ੍ਹਾਂ ਦੇ ਪੁੱਤਰ ਸਿਲਸਿਲੇਵਾਰ ਗੱਦੀ ‘ਤੇ ਬੈਠਦੇ ਰਹੇ। ਇਥੇ ਜ਼ਿਕਰਯੋਗ ਹੈ ਕਿ ਰਿਆਸਤ ਦੇ ਨਵਾਬ ਆਲਮਗੀਰ ਸ਼ਹਿਨਸ਼ਾਹ ਨਾਲ ਬਿਹਾਰ ਦੀ ਲੜਾਈ ਵਿੱਚ ਸ਼ਾਮਲ ਹੋਏ ਤੇ ਨਤੀਜੇ ਵਜੋਂ ਇਨ੍ਹਾਂ ਨੂੰ ਇਨਾਮ ਦੇ ਤੌਰ ’ਤੇ 70 ਪਿੰਡ ਮਿਲੇ ਸਨ। ਨਵਾਬ ਸ਼ੇਰ ਮੁਹੰਮਦ ਖ਼ਾਨ ਜੋ 1672 ਈ :ਵਿੱਚ ਮਲੇਰਕੋਟਲਾ ਰਿਆਸਤ ਦੇ ਨਵਾਬ ਬਣੇ ਉਨ੍ਹਾਂ ਨੇ ਆਲੇ-ਦੁਆਲੇ ਦੇ ਇਲਾਕੇ ਜਿੱਤ ਕੇ ਰਿਆਸਤ ਦੇ ਸੀਮਾ-ਖੇਤਰ ਨੂੰ ਵਿਸ਼ਾਲਤਾ ਪ੍ਰਦਾਨ ਕੀਤੀ। ਜ਼ਿਕਰਯੋਗ ਹੈ ਕਿ ਸ਼ੇਰਪੁਰ ਦਾ ਇਲਾਕਾ ਇਨ੍ਹਾਂ ਨੇ ਆਬਾਦ ਕੀਤਾ ਸੀ। ਇਹ ਕਿ ਜਦੋਂ ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਇੰਤਕਾਲ ਹੋਇਆ ਉਸ ਸਮੇਂ ਇਨ੍ਹਾਂ ਦੇ ਈਸੜੂ, ਜਰਗ (ਲੁਧਿਆਣਾ), ਰੋਪੜ, ਖ਼ਿਜ਼ਰ ਆਬਾਦ (ਅੰਬਾਲਾ) ਖੁਮਾਣੋਂ, ਪਾਇਲ, ਢਮੋਟ, ਸ਼ੇਰਪੁਰ, ਬਾਲੀਆਂ, ਨੌਗਾਉਂ (ਪਟਿਆਲਾ) ਅਮਲੋਹ, ਕਪੂਰਗੜ੍ਹ (ਨਾਭਾ) ਅਤੇ ਮਲੇਰਕੋਟਲਾ ਆਦਿ ਸਾਰੇ ਇਲਾਕੇ ਇਨ੍ਹਾਂ ਦੇ ਕਬਜ਼ੇ ਅਧੀਨ ਸਨ। ਵੇਖਿਆ ਜਾਵੇ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਦੀ ਹਕੂਮਤ ਦੇ ਦੌਰ ਨੂੰ ਰਿਆਸਤ ਦੇ ਸੁਨਹਿਰੀ ਯੁੱਗ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਸ਼ੇਰ ਮੁਹੰਮਦ ਖਾਨ ਦੇ ਨਵਾਬ ਹੁੰਦਿਆਂ ਹੀ ਸਰਹਿੰਦ ਦਾ ਸਾਕਾ ਵਾਪਰਿਆ, ਜਿਸ ਕਰਕੇ ਅੱਜ ਸਿੱਖ ਕੌਮ ਉਨ੍ਹਾਂ ਨੂੰ “ਹਾਅ ਦਾ ਨਾਅਰਾ” ਮਾਰਨ ਵਾਲੇ ਨਵਾਬ ਵਜੋਂ ਯਾਦ ਕਰਦੀ ਹੈ। ਦਰਅਸਲ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਮਾਸੂਮ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣਵਾ ਦਿੱਤੇ ਜਾਣ ਦੀ ਸਜ਼ਾ ਸੁਣਾਈ ਗਈ ਤਾਂ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਇਸ ਦਾ ਵਿਰੋਧ ਕਰਦਿਆਂ ਬੱਚਿਆਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ’ ਮਾਰਿਆ ਭਾਵੇਂ ਉਸ ਸਮੇਂ ਮੁਗਲ ਹਕੂਮਤ ਵਿਰੁੱਧ ਬੋਲਣਾ ਮੰਨੋ ਅੱਜ-ਕੱਲ੍ਹ ਦੀ ਕਿਸੇ ਵਿਸ਼ਵ ਸ਼ਕਤੀ ਵਿਰੁੱਧ ਬੋਲਣ ਦੇ ਤੁਲ ਸੀ। ਲੇਕਿਨ ਨਵਾਬ ਸ਼ੇਰ ਮੁਹੰਮਦ ਖਾਨ ਨੇ ਆਪਣੇ ਨੁਕਸਾਨ ਦੀ ਪ੍ਰਵਾਹ ਕੀਤੇ ਬਿਨਾਂ ਮਾਸੂਮ ਬੱਚਿਆਂ ਦੀ ਸਜ਼ਾ ਵਿਰੁੱਧ ਆਵਾਜ਼ ਉਠਾਈ ਤੇ ਸੂਬਾ ਸਰਹਿੰਦ ਨੂੰ ਤਾੜਨਾ ਕੀਤੀ ਕਿ ਇਨ੍ਹਾਂ ਮਾਸੂਮ ਬੱਚਿਆਂ ਨੂੰ ਸਜ਼ਾ ਦੇਣਾ ਗ਼ੈਰ-ਇਸਲਾਮੀ ਤੇ ਗ਼ੈਰ-ਇਨਸਾਨੀ ਹੈ। ਇਹੋ ਵਜ੍ਹਾ ਹੈ ਕਿ ਪੂਰੀ ਦੁਨੀਆਂ ਵਿੱਚ ਵਸਦੀ ਸਿੱਖ ਕੌਮ ਅੱਜ ਵੀ ਮਲੇਰਕੋਟਲਾ ਨੂੰ ਅਮਨ ਤੇ ਸ਼ਾਂਤੀ ਦਾ ਗੁਲਦਸਤਾ ਮੰਨਦਿਆਂ ਇਸ ਦਾ ਸਤਿਕਾਰ ਕਰਦੀ ਹੈ ।

ਅੰਗਰੇਜ਼ਾਂ ਦਾ ਦੌਰ ਆਇਆ ਤਾਂ ਮਲੇਰਕੋਟਲਾ ਰਿਆਸਤ ਦੇ ਨਵਾਬਾਂ ਦੇ ਸੰਬੰਧ ਉਨ੍ਹਾਂ ਨਾਲ ਵੀ ਸੁਖਾਵੇਂ ਰਹੇ ਸ਼ਾਇਦ ਇਹੋ ਵਜ੍ਹਾ ਹੈ ਕਿ ਉਨ੍ਹਾਂ ਸਮਿਆਂ ਵਿੱਚ ਮਲੇਰਕੋਟਲਾ ਨੂੰ ਰਿਆਸਤਾਂ ਵਿਚੋਂ 10 ਵਾਂ ਦਰਜਾ ਹਾਸਲ ਸੀ, ਜਿਸ ਦੇ ਚਲਦਿਆਂ ਰਿਆਸਤ ਦੇ ਨਵਾਬਾਂ ਨੂੰ ਵਾਇਸਰਾਏ ਨਾਲ ਸਿੱਧੇ ਤੌਰ ‘ਤੇ ਮਿਲਣ ਦਾ ਹੱਕ ਹਾਸਲ ਸੀ । ਇਹ ਕਿ ਜੇਕਰ ਮਲੇਰਕੋਟਲਾ ਰਿਆਸਤ ਦੇ ਕੁਲ ਖੇਤਰਫਲ ਦੀ ਗੱਲ ਕਰੀਏ ਤਾਂ ਕੁਲ ਰਕਬਾ 167 ਵਰਗ ਮੀਲ, ਕੁਲ ਆਬਾਦੀ 71174, ਮਾਲੀਆ ਲਗਾਨ ਤਕਰੀਬਨ ਸਵਾ ਬਾਰਾਂ ਲੱਖ ਸੀ ਅਤੇ ਇਸ ਦੇ ਨਾਲ ਨਾਲ ਫ਼ੌਜ ਇੰਪੀਰੀਅਲ, ਰਸਾਲੇ ਦੇ 54 ਜਵਾਨ, ਪਲਟਨ ਵਿੱਚ 600 ਜਵਾਨ, ਦੋ ਤੋਪਾਂ ਅਤੇ 11 ਤੋਪਾਂ ਦੀ ਸਲਾਮੀ ਮਿਲਿਆ ਕਰਦੀ ਸੀ।  ਮੇਰੇ ਅੱਬਾ (ਹਾਜੀ ਮੁਹੰਮਦ ਮੁਸ਼ਤਾਕ) ਦੱਸਦੇ ਹਨ ਕਿ 1901 ਈ: ਵਿੱਚ ਜਦੋਂ ਲੁਧਿਆਣਾ-ਮਲੇਰਕੋਟਲਾ ਰੇਲਵੇ ਲਾਈਨ ਵਿਛਾਈ ਗਈ ਸੀ ਤਾਂ ਉਸ ਦੌਰਾਨ ਉਨ੍ਹਾਂ ਦੇ ਦਾਦਾ (ਉਮਰਾ) ਨੇ ਲਾਈਨ ਹੇਠਾਂ ਦੀ ਲੰਘਣ ਵਾਲੇ ਪੁਲਾਂ ਤੇ ਪੁਲੀਆਂ ਬਨਾਉਣ ਲਈ ਊਠਾਂ ਤੇ ਇੱਟਾਂ ਢੋਈਆਂ ਸਨ। ਜੇ ਰਿਆਸਤ ਦੀਆਂ ਤਾਰੀਖ਼ੀ ਇਮਾਰਤਾ ਦੀ ਕਰੀਏ ਤਾਂ ਮਲੇਰਕੋਟਲਾ ਨੂੰ ਖ਼ੂਬਸੂਰਤ ਦਿਖ ਦੇਣ ਲਈ ਮੋਤੀ ਬਾਜ਼ਾਰ 1903 ਈ, ਜੈਪੁਰ ਦੀ ਤਰਜ਼ ‘ਤੇ ਬਣਵਾਇਆ ਗਿਆ, ਇਸਦੇ ਇਲਾਵਾ ਲਾਲ ਬਾਜ਼ਾਰ, ਸਦਰ ਬਾਜ਼ਾਰ, ਲੋਹਾ ਬਾਜ਼ਾਰ, ਬਾਂਸ ਬਜ਼ਾਰ, ਸੱਟਾ ਬਜ਼ਾਰ ਅੱਜ ਵੀ ਮੌਜੂਦ ਹਨ (ਪਰ ਰਿਆਸਤ ਖ਼ਤਮ ਹੋਣ ਦੇ ਚਲਦਿਆਂ ਹੁਣ ਮੋਤੀ ਬਾਜ਼ਾਰ ਨੂੰ ਕਾਫ਼ੀ ਹੱਦ ਤੱਕ ਢਾਹ ਕੇ ਲੋਕ ਨੇ ਆਪਣੀ ਸੁਵਿਧਾ ਅਨੁਸਾਰ ਦੁਕਾਨਾਂ ਬਣਾ ਲਈਆਂ ਹਨ)

ਸ਼ਹਿਰ ਦੇ ਸੱਤ ਦਰਵਾਜ਼ੇ ਸਨ, ਜਿਨ੍ਹਾਂ ਵਿਚ ਸ਼ੇਰਵਾਨੀ ਗੇਟ, ਸੁਨਾਮੀ ਗੇਟ, ਦਿੱਲੀ ਗੇਟ, ਸਰਹਿੰਦੀ ਗੇਟ, ਮੰਡੀ ਗੇਟ, ਮਲੇਰੀ ਗੇਟ, ਢਾਬੀ ਗੇਟ ਸ਼ਾਮਲ ਹਨ। ਇਸ ਦੇ ਇਲਾਵਾ ਕਿਲ੍ਹਾ ਰਹਿਮਤ ਗੜ੍ਹ, ਜਾਮਾ ਮਸਜਿਦ, ਈਦ ਗਾਹ, ਦੀਵਾਨ ਖ਼ਾਨਾ, ਸ਼ੀਸ਼ ਮਹਿਲ, ਮੁਬਾਰਕ ਮੰਜ਼ਿਲ, ਦਰਗਾਹ ਬਾਬਾ ਸ਼ੇਖ਼ ਸਦਰ-ਉਦ-ਦੀਨ ਆਦਿ ਅੱਜ ਵੀ ਸ਼ਹਿਰ ਦੀਆਂ ਮਸ਼ਹੂਰ ਤਾਰੀਖ਼ੀ ਇਮਾਰਤਾਂ ਚ ਸ਼ੁਮਾਰ ਹੁੰਦੀਆਂ ਹਨ। ਇਸ ਤੋਂ ਇਲਾਵਾ ਡੇਰਾ ਆਤਮਾ ਰਾਮ, ਕੂਕਾ ਸਮਾਰਕ, ਗੁਰੂਦੁਆਰਾ ਹਾਅ ਦਾ ਨਾਅਰਾ, ਗੁਰੂਦੁਆਰਾ ਸ਼ਹੀਦਾਂ, ਕਾਲੀ ਮਾਤਾ ਮੰਦਿਰ ਆਦਿ ਧਾਰਮਿਕ ਇਮਾਰਤਾਂ ਸ਼ਹਿਰ ਦੀ ਭਾਈਚਾਰਕ ਸਾਂਝ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਵਿੱਦਿਅਕ ਅਦਾਰਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚੋਂ ਇਸਲਾਮੀਆ ਸੀ. ਸੈ. ਸਕੂਲ, ਐਸ. ਡੀ. ਪੀ. ਪੀ. ਸਕੂਲ, ਜੈਨ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੱਲੀ ਗੇਟ, ਅਹਿਲ-ਏ-ਹਦੀਸ ਸਕੂਲ ਮੋਤੀ ਬਾਜ਼ਾਰ, ਸਰਕਾਰੀ ਕਾਲਜ, ਕੇ. ਆਰ. ਡੀ. ਜੈਨ ਕਾਲਜ, ਅਲ-ਫ਼ਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਾਹਿਬਜ਼ਾਦਾ ਫ਼ਤਹਿ ਸਿੰਘ ਸੀ. ਸੈ. ਸਕੂਲ, ਟਾਊਨ ਸਕੂਲ, ਨਵਾਬ ਸ਼ੇਰ ਮੁਹੰਮਦ ਖ਼ਾਂ ਇੰਸਟੀਚਿਊਟ ਆਫ਼ ਪੰਜਾਬੀ ਯੂਨੀਵਰਸਿਟੀ ਆਦਿ ਤਾਲੀਮ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਇਸ ਦੇ ਇਲਾਵਾ ਮਲੇਰਕੋਟਲਾ ਸਬਜ਼ੀ ਪੈਦਾਵਰ ਦੇ ਖੇਤਰ ਵਿੱਚ ਵੀ ਅਪਣੀ ਮਿਸਾਲ ਆਪ ਹੈ ਇਥੋਂ ਸਬਜ਼ੀਆਂ ਰੋਜ਼ਾਨਾ ਪੰਜਾਬ ਦੇ ਅਲਗ-ਅਲਗ ਸ਼ਹਿਰਾਂ ਅਤੇ ਵੱਡੀ ਗਿਣਤੀ ਵਿੱਚ ਦੂਜੇ ਸੂਬਿਆਂ ਚ ਭੇਜੀਆਂ ਜਾਂਦੀਆਂ ਹਨ।

ਇਸ ਦੇ ਇਲਾਵਾ ਸ਼ਹਿਰ ਸਮਾਲ ਸਕੇਲ ਇੰਡਸਟਰੀ ਦਾ ਇੱਕ ਵੱਡਾ ਹੱਬ ਹੈ। ਸਾਈਕਲ ਪਾਰਟਸ ਸਿਲਾਈ ਮਸ਼ੀਨਾਂ ਦੇ ਪੁਰਜ਼ੇ ਦੇ ਨਾਲ ਧਾਗਾ, ਵੱਡੇ ਰੂਲੇ ਅਤੇ ਲੀਫ ਸਪਰਿੰਗ (ਕਮਾਨੀ) ਆਦਿ ਦੀਆਂ ਮਿੱਲਾਂ ਤੇ ਫੈਕਟਰੀਆਂ ਹਨ। ਇਸ ਦੇ ਨਾਲ ਹੀ ਸ਼ਹਿਰ ਦੇਸ਼ ਦੇ ਆਰਮੀ ਅਤੇ ਪੁਲਸ ਵਾਲਿਆਂ ਦੀ ਯੂਨੀਫਾਰਮ ਦੇ ਮੋਢਿਆਂ ਤੇ ਲੱਗਣ ਵਾਲੀਆਂ ਫੀਤੀਆਂ ਬੈਜ ਅਤੇ ਨੇਮ ਪਲੇਟਾਂ ਆਦਿ ਬਨਾਉਣ ਦੇ ਕੰਮ ਲਈ ਵੀ ਮਲੇਰਕੋਟਲਾ ਪੂਰੇ ਦੇਸ਼ ’ਚ ਮਸ਼ਹੂਰ ਹੈ। ਅੰਤ ਵਿੱਚ ਇਹੋ ਉਮੀਦ ਕਰਦੇ ਹਾਂ ਕਿ ਹੁਣ ਮਲੇਰਕੋਟਲਾ ਦੇ ਜ਼ਿਲ੍ਹਾ ਬਨਣ ਨਾਲ ਜਿੱਥੇ ਇਸ ਦਿਖ ਤੇ ਨੁਹਾਰ ’ਚ ਹੋਰ ਵਧੇਰੇ ਸੁਧਾਰ ਵੇਖਣ ਨੂੰ ਮਿਲੇਗਾ, ਉਥੇ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਨਵੇਂ ਦਰਵਾਜ਼ੇ ਖੁੱਲ੍ਹਣ ਦੀਆਂ ਵੀ ਵੱਡੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ।