Punjab
ਦਵਾਈਆਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ : ਬਲਬੀਰ ਸਿੰਘ ਸਿੱਧੂ
- ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਵਿਭਾਗ ਦੀ ਕਾਰਗੁਜ਼ਾਰੀ ਦੀ ਕੀਤੀ ਸਮੀਖਿਆ
ਚੰਡੀਗੜ੍ਹ, 10 ਜੂਨ : ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਵਿਭਾਗ ਦੀ ਕਾਰਗੁਜ਼ਾਰੀ ਅਤੇ ਲਾਕਡਾਊਨ ਦੇ ਸਮੇਂ ਦੌਰਾਨ ਜ਼ਰੂਰੀ ਦਵਾਈਆਂ ਉਪਲੱਬਧ ਕਰਾਉਣ ਵਿਚ ਵਿਭਾਗ ਦੀ ਭੂਮਿਕਾ ਦੀ ਸਮੀਖਿਆ ਕਰਨ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਕਿਸਾਨ ਭਵਨ ਵਿਖੇ ਰਾਜ ਪੱਧਰੀ ਮੀਟਿੰਗ ਕੀਤੀ ਗਈ।
ਮੰਤਰੀ ਨੇ ਕਿਹਾ ਕਿ ਗੁਣਵੱਤਾ ਉਪਾਵਾਂ ਦੀ ਜਾਂਚ ਦੀ ਕੋਸ਼ਿਸ਼ ਵਜੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਜੋ ਗੈਰ ਮਿਆਰੀ ਦਵਾਈਆਂ ਅਤੇ ਹੋਰ ਮੈਡੀਕਲ ਉਤਪਾਦਾਂ ਦੀ ਵਿਕਰੀ ਕਰਨ ਵਿੱਚ ਸ਼ਾਮਲ ਹਨ, ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ਵਿੱਚ ਵੇਚੀਆਂ ਜਾ ਰਹੀਆਂ ਦਵਾਈਆਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਕਿਉਂਕਿ ਰਾਜ ਭਰ ਵਿੱਚ ਨਿਯਮਾਂ ਦੀ ਸਹੀ ਪਾਲਣਾ ਨੂੰ ਯਕੀਨੀ ਬਣਾਉਣਾ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਵਿਭਾਗ ਦੀ ਜ਼ਿੰਮੇਵਾਰੀ ਹੈ। ਓਨ੍ਹਾਂ ਕਿਹਾ ਕਿ ਸੂਬੇ ਵਿੱਚ ਜ਼ਰੂਰੀ ਦਵਾਈਆਂ ਦੀ ਘਾਟ ਤੋਂ ਬਚਣ ਲਈ ਹਰ ਤਰ੍ਹ ਦੀਆਂ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਜ਼ਰੂਰੀ ਪ੍ਰਬੰਧ ਕੀਤੇ ਜਾਣ।
ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਨੇ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਐਫ.ਡੀ.ਏ. ਵੱਲੋਂ ਗੁਣਵੱਤਾ ਜਾਂਚ ਲਈ ਸੈਨੇਟਾਈਜ਼ਰਾਂ ਦੇ 50 ਨਮੂਨੇ ਲਏ ਗਏ ਹਨ ਅਤੇ ਨਾਲ ਹੀ ਭਾਰਤ ਸਰਕਾਰ ਦੁਆਰਾ ਨਿਰਧਾਰਤ ਕੀਮਤਾਂ ਨਾਲੋਂ ਵੱਧ ਰੇਟਾਂ ਤੇ ਸੈਨੀਟਾਈਜ਼ਰ ਵੇਚਣ ਲਈ ਜ਼ਰੂਰੀ ਵਸਤਾਂ ਬਾਰੇ ਐਕਟ ਤਹਿਤ ਤਕਰੀਬਨ 11 ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਸ੍ਰੀ ਪੰਨੂੰ ਨੇ ਦੱਸਿਆ ਕਿ ਪਹਿਲੀ ਤਿਮਾਹੀ ਦੌਰਾਨ ਜਨਵਰੀ ਤੋਂ ਮਾਰਚ ਤੱਕ 2421 ਨਿਰੀਖਣ ਕੀਤੇ ਗਏ , ਜਾਂਚ ਅਤੇ ਵਿਸ਼ਲੇਸ਼ਣ ਲਈ 724 ਨਮੂਨੇ ਲਏ ਗਏ ਸਨ ਜਿਨ੍ਹਾਂ ਚੋਂ 38 ਨਮੂਨੇ ਮਿਆਰੀ ਗੁਣਵੱਤਾ ਦੇ ਨਹੀਂ ਪਾਏ ਗਏ, ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਵੱਖ ਵੱਖ ਉਲੰਘਣਾਵਾਂ ਲਈ 10,54,281 ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ, 67 ਲਾਇਸੈਂਸ ਮੁਅੱਤਲ ਕੀਤੇ ਗਏ ਸਨ, 2 ਲਾਇਸੈਂਸ ਰੱਦ ਕੀਤੇ ਗਏ , ਨਿਯਮਾਂ ਦੀ ਉਲੰਘਣਾ ਲਈ ਡਿਫਾਲਟਰਾਂ ਵਿਰੁੱਧ 39 ਮੁਕੱਦਮੇ ਚਲਾਏ ਗਏ ਅਤੇ ਅਦਾਲਤ ਵੱਲੋਂ 4 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ।
ਮੰਤਰੀ ਨੇ ਦਵਾਈ ਰੈਗੂਲੇਟਰਾਂ ਨੂੰ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਗੁਣਵੱਤਾ ਨੂੰ ਸਖਤੀ ਨਾਲ ਨਿਯਮਤ ਕਰਨ ਦੀ ਸਲਾਹ ਵੀ ਦਿੱਤੀ। ਓਨ੍ਹਾਂ ਕਿਹਾ ਕਿ ਕੋਵਿਡ -19 ਦੇ ਮੱਦੇਨਜ਼ਰ, ਦਵਾਈਆਂ ਦੀ ਗੁਣਵਤਾ ਪ੍ਰਤੀ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਤੇ ਜੇਕਰ ਕੋਈ ਵੀ ਗ੍ਰਾਹਕਾਂ ਤੋਂ ਜ਼ਿਆਾਦਾ ਪੈਸੇ ਲੈਂਦਾ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਡਰੱਗਜ਼ ਪ੍ਰਸ਼ਾਸਨ ਦਾ ਮੁੱਢਲਾ ਉਦੇਸ਼ ਲੋਕਾਂ ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਦਵਾਈਆਂ ਸਸਤੀਆਂ ਕੀਮਤਾਂ ‘ਤੇ ਉਪਲਬਧ ਕਰਵਾਉਣਾ ਹੈ ਤਾਂ ਜੋ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਮਰੀਜ਼ਾਂ ‘ਤੇ ਵਿੱਤੀ ਬੋਝ ਘੱਟ ਕੀਤਾ ਜਾ ਸਕੇ। ਓਨ੍ਹਾਂ ਕਿਹਾ ਕਿ ਕੈਮਿਸਟ ਐਸੋਸੀਏਸ਼ਨ ਦੇ ਨਾਲ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਮਿਆਰੀ ਕੁਆਲਟੀ ਅਤੇ ਸੁਰੱਖਿਅਤ ਦਵਾਈਆਂ ਦੀ ਪਹੁੰਚ ਸਬੰਧੀ ਢਾਂਚਾ ਤਿਆਰ ਕੀਤਾ ਜਾ ਸਕੇ।
ਸਟੇਟ ਡਰੱਗ ਕੰਟ੍ਰੋਲਰ ਕਮ ਜੁਆਇੰਟ ਕਮਿਸ਼ਨਰ, ਐਫ ਐਂਡ ਡੀਏ ਪਰਦੀਪ ਸਿੰਘ ਮੱਟੂ ਨੇ ਕਿਹਾ ਕਿ ਦਵਾਈਆਂ, ਕਾਸਮੈਟਿਕ, ਖੂਨ ਅਤੇ ਖੂਨ ਸਬੰਧੀ ਪਦਾਰਥਾਂ ਦੀ ਗੁਣਵੱਤਾ ਸਬੰਧੀ ਰਾਜ ਦੇ ਹਰੇਕ ਜ਼ਿਲ੍ਹੇ ਵਿੱਚ ਨਿਯੁਕਤ ਕੀਤੇ ਗਏ ਡਰੱਗਜ਼ ਕੰਟਰੋਲ ਅਧਿਕਾਰੀਆਂ ਵਲੋਂ ਨਜ਼ਰਸਾਨੀ ਕੀਤੀ ਜਾ ਰਹੀ ਹੈ। ਡਰੱਗ ਰੈਗੂਲੇਟਰ ਨਿਯਮਿਤ ਤੌਰ ‘ਤੇ ਬਾਜ਼ਾਰ ਅਤੇ ਸਰਕਾਰੀ ਤੇ ਨਿੱਜੀ ਸਿਹਤ ਸੰਸਥਾਵਾਂ ਤੋਂ ਨਮੂਨੇ ਲੈਂਦੇ ਹਨ ਤਾਂ ਜੋ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਡਰੱਗਜ਼ ਐਡਮਨਿਸਟ੍ਰੇਸ਼ਨ ਨੇ ਜੋਖਮ ਅਧਾਰਤ ਰਣਨੀਤੀ ਅਤੇ ਮੌਸਮ ਦੇ ਰੁਝਾਨਾਂ ਦੇ ਅਧਾਰ ਤੇ ਸੈਂਪਲ ਲੈਣ ਲਈ ਪ੍ਰੋਟੋਕੋਲ ਅਤੇ ਪੂਰਨ ਗੁਣਵੱਤਾ ਪ੍ਰਬੰਧਨ ਪ੍ਰਣਾਲੀ ਨੂੰ ਨਿਰਧਾਰਤ ਕੀਤਾ ਹੈ।