Connect with us

India

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਗੈਰ-ਬਾਸਮਤੀ ਦੀਆਂ ਪੀ.ਆਰ. 128 ਅਤੇ 129 ਕਿਸਮਾਂ ਦੀ ਕਾਸ਼ਤ ਕਰਨ ਦੀ ਸਲਾਹ

Published

on



ਚੰਡੀਗੜ, 14 ਮਈ :
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ’ਤੇ ਸੂਬੇ ਦੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਗੈਰ-ਬਾਸਮਤੀ (ਪਰਮਲ) ਦੀਆਂ ਪੀ.ਆਰ.-128 ਅਤੇ ਪੀ.ਆਰ.-129 ਕਿਸਮਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ ਹੈ ਜੋ ਫ਼ਸਲ ਦੇ ਛੇਤੀ ਪੱਕਣ, ਪਾਣੀ ਦੀ ਘੱਟ ਖ਼ਪਤ ਅਤੇ ਪਰਾਲੀ ਨੂੰ ਸਾੜੇ ਬਿਨਾਂ ਢੁਕਵੇਂ ਪ੍ਰਬੰਧਨ ਦੀਆਂ ਆਪਣੀਆਂ ਵਿਲੱਖਣ ਵਿਸ਼ੇਸ਼ਤਾਵਾਂ ਕਰਕੇ ਕਾਫ਼ੀ ਕਾਰਗਰ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਕਮਿਸ਼ਨਰ (ਵਿਕਾਸ) ਵਿਸਵਾਜੀਤ ਖੰਨਾ ਨੇ ਦੱਸਿਆ ਕਿ ਇਨਾਂ ਦੋਵਾਂ ਨਵੀਆਂ ਕਿਸਮਾਂ ਨੂੰ ਮਿਲਿੰਗ ਇੰਡਸਟਰੀ ਦੇ ਨੁਮਾਇੰਦਿਆਂ ਤੋਂ ਪਹਿਲਾਂ ਹੀ ਪ੍ਰਵਾਨਗੀ ਮਿਲ ਚੁੱਕੀ ਹੈ, ਜੋ ਸੂਬੇ ਦੇ ਕਿਸਾਨਾਂ ਨੂੰ ਚੌਲਾਂ ਦੀ ਕਿਸਮ ਜਾਰੀ ਕਰਨ ਲਈ ਜ਼ਰੂਰੀ ਹੈ। ਉਨਾਂ ਇਹ ਵੀ ਦੱਸਿਆ ਕਿ ਸਾਲ 2019 ਅਤੇ 2020 ਵਿੱਚ ਮਿਲਿੰਗ ਟਰਾਇਲ ਵੱਡੇ ਪੱਧਰ ’ਤੇ ਕਰਵਾਏ ਗਏ ਸਨ।
ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਮੋਗਾ ਅਤੇ ਲੁਧਿਆਣਾ ਜ਼ਿਲਿਆਂ ਦੇ ਕੁਝ ਕਿਸਾਨਾਂ ਵੱਲੋਂ ਲੰਮੀ ਮਿਆਦ ਅਤੇ ਵੱਧ ਪਾਣੀ ਦੀ ਖ਼ਪਤ ਵਾਲੀਆਂ ਕਿਸਮਾਂ ਦੀ ਥਾਂ ਇਹ ਦੋਵੇਂ ਨਵੀਆਂ ਕਿਸਮਾਂ ਅਪਣਾਉਣ ਦੀ ਉਮੀਦ ਹੈ। ਇਨਾਂ ਜ਼ਿਲਿਆਂ ਵਿੱਚ ਕਈ ਟਰਾਇਲ ਕੀਤੇ ਗਏ ਹਨ ਅਤੇ ਜਿਨਾਂ ਦੇ ਨਤੀਜੇ ਕਾਫ਼ੀ ਚੰਗੇ ਰਹੇ ਹਨ।

ਖੰਨਾ ਨੇ ਇਹ ਵੀ ਦੱਸਿਆ ਕਿ ਇਹ ਉੱਨਤ ਕਿਸਮਾਂ ਸਰਕਾਰ ਦੁਆਰਾ ‘ਕਸਟਮ ਮਿਲਿੰਗ ਪਾਲਿਸੀ’ ਤਹਿਤ ਕੱਚੇ ਚੌਲਾਂ ਦੀ ਕੁੱਲ ਚਾਵਲ ਦੀ ਰਿਕਵਰੀ ਜੋ ਕਿ 67 ਫੀਸਦੀ ਨਿਰਧਾਰਤ ਕੀਤੀ ਗਈ ਹੈ, ਨੂੰ ਪੂਰਾ ਕਰਦੇ ਹਨ ਅਤੇ ਵੱਖ-ਵੱਖ ਗੁਣਵੱਤਾ ਮਾਪਦੰਡਾਂ ਲਈ ਹੋਰ ਕਿਸਮਾਂ ਦੀ ਤੁਲਨਾ ਵਿੱਚ ਜ਼ਿਆਦਾ ਸਵੀਕਾਰਯੋਗ ਹਨ।
ਵਧੀਕ ਮੁੱਖ ਸਕੱਤਰ ਨੇ ਇਨਾਂ ਕਿਸਮਾਂ ਦੀ ਸਮੁੱਚੀ ਕੀਮਤ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਕਿ ਇਹ ਕਾਸ਼ਤਕਾਰਾਂ ਦੇ ਵਡੇਰੇ ਹਿੱਤ ਵਿੱਚ ਹੋਵੇਗਾ ਕਿ ਉਹ ਪੀਆਰ 128 ਅਤੇ ਪੀਆਰ 129 ਨੂੰ ਉਨਾਂ ਦੀਆਂ ਪਰਮਲ ਚੌਲਾਂ ਦੀਆਂ ਕਿਸਮਾਂ ਵਿੱਚ ਸ਼ਾਮਲ ਕਰਨ। ਸ੍ਰੀ ਖੰਨਾ ਨੇ ਉਮੀਦ ਜਤਾਈ ਕਿ ਇਹ ਦੋਵੇਂ ਗੈਰ-ਬਾਸਮਤੀ ਕਿਸਮਾਂ ਅਨਮੋਲ ਕੁਦਰਤੀ ਵਸੀਲੇ ਪਾਣੀ ਦੀ ਬੱਚਤ ਦੇ ਨਾਲ-ਨਾਲ ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਮੌਸਮ ਦੇ ਬਦਲਾਅ ਅਤੇ ਨਵੇਂ ਕੀੜੇ/ਬਿਮਾਰੀ ਦੇ ਖਤਰੇ ਦੇ ਪ੍ਰਭਾਵ ਨੂੰ ਘਟਾਉਣ ਲਈ ਮਹੱਤਵਪੂਰਨ ਸਾਬਤ ਹੋਣਗੀਆਂ।
ਇਨਾਂ ਨਵੀਆਂ ਕਿਸਮਾਂ ਦੇ ਛੇਤੀ ਪੱਕਣ ਸਬੰਧੀ ਪੀ.ਏ.ਯੂ. ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਪੀਆਰ 128 ਅਤੇ ਪੀਆਰ 129 ਦੋਵੇਂ ਕਿਸਮਾਂ ਪਨੀਰੀ ਲਾਉਣ ਤੋਂ ਬਾਅਦ ਕ੍ਰਮਵਾਰ 111 ਅਤੇ 108 ਦਿਨਾਂ ਵਿਚ ਪੱਕਦੀਆਂ ਹਨ (ਪੂਸਾ 44 ਦੁਆਰਾ ਪੱਕਣ ਲਏ ਗਏ 130 ਦਿਨਾਂ ਦੇ ਮੁਕਾਬਲੇ) ਅਤੇ ਇਸ ਤਰਾਂ ਇਨਾਂ ਨੂੰ ਘੱਟ ਪਾਣੀ ਦੀ ਜ਼ਰੂਰਤ ਹੈ ਅਤੇ ਲੁਆਈ ਦੀ 10/20 ਜੂਨ ਦੀ ਨਿਰਧਾਰਤ ਤਰੀਕ ਅਨੁਸਾਰ ਇਨਾਂ ਦੇ ਸਹੀ ਬੈਠਣ ਦੀ ਉਮੀਦ ਹੈ ਅਤੇ ਇਸ ਦੇ ਨਾਲ ਹੀ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾਂ ਢੁਕੇਵੇਂ ਪ੍ਰਬੰਧਨ ਲਈ ਲੋੜੀਂਦੀ ਸਮਾਂ ਵੀ ਬਚਦਾ ਹੈ। ਉਨਾਂ ਇਹ ਵੀ ਕਿਹਾ ਕਿ ਇਨਾਂ ਨਵੀਆਂ ਕਿਸਮਾਂ ਦੀ ਕਾਸ਼ਤ ਖੇਤੀਬਾੜੀ ਬਿਜਲੀ ਸਬਸਿਡੀ ’ਤੇ ਪੈ ਰਹੇ ਵਾਧੂ ਬੋਝ ਨੂੰ ਬਚਾਉਣ ਵਿਚ ਵੀ ਸੂਬੇ ਦੀ ਸਹਾਇਤਾ ਕਰੇਗੀ।
ਕਾਬਿਲੇਗੌਰ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਮਜ਼ਦੂਰਾਂ ਦੀ ਘਾਟ ਦੇ ਸਬੰਧ ਵਿੱਚ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਸਮਝਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਲੁਆਈ ਅਤੇ ਪਨੀਰੀ ਦੀ ਬਿਜਾਈ ਦੀ ਤਰੀਕ ਪਹਿਲਾਂ ਹੀ 10 ਦਿਨ ਅਗੇਤੀ ਕਰ ਦਿੱਤੀ ਹੈ। ਝੋਨੇ ਦੀ ਬਿਜਾਈ ਦਾ ਕੰਮ 10 ਮਈ ਤੋਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਝੋਨੇ ਦੀ ਲੁਆਈ ਦਾ ਕੰਮ 10 ਜੂਨ, 2020 ਨੂੰ ਸ਼ੁਰੂ ਹੋਵੇਗਾ।
ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਪੀਏਯੂ ਨੇ ਕਈ ਵਿਆਪਕ ਖੋਜ ਟਰਾਇਲਾਂ ਤੋਂ ਬਾਅਦ ਪਰਮਲ ਚੌਲ ਦੀਆਂ ਦੋ ਨਵੀਆਂ ਕਿਸਮਾਂ, ਪੀਆਰ 128 ਅਤੇ ਪੀਆਰ 129 ਵਿਕਸਤ ਕੀਤੀਆਂ ਹਨ, ਜੋ ਕਿਸਮਾਂ ਨੂੰ ਮਨਜ਼ੂਰੀ ਦੇਣ ਵਾਲੀ ਸੂਬਾਈ ਕਮੇਟੀ ਦੁਆਰਾ ਫਰਵਰੀ, 2020 ਵਿੱਚ ਕਾਸ਼ਤ ਲਈ ਪੰਜਾਬ ਭਰ ਵਿੱਚ ਜਾਰੀ ਕੀਤੀਆਂ ਗਈਆਂ ਸਨ।
ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਸਾਲ 2016 ਤੋਂ 2019 ਤੱਕ ਪੀਆਰ 128 ਅਤੇ ਪੀਆਰ 129 ਦੇ ਫੀਲਡ ਅਤੇ ਲੈਬਾਰਟਰੀ ਟੈਸਟ ਕੀਤੇ ਗਏ। ਇਨਾਂ ਚਾਰ ਸਾਲਾਂ ਦੌਰਾਨ ਪੂਰੇ ਧਿਆਨ ਨਾਲ 17 ਖੋਜ ਟਰਾਇਲ ਲੁਧਿਆਣਾ, ਪਟਿਆਲਾ, ਕਪੂਰਥਲਾ ਅਤੇ ਗੁਰਦਾਸਪੁਰ ਵਿਖੇ ਕੀਤੇ ਗਏ।
ਸ੍ਰੀ ਖੰਨਾ ਨੇ ਦੱਸਿਆ ਕਿ ਸਾਲ 2019 ਵਿੱਚ, ਖੇਤੀਬਾੜੀ ਵਿਭਾਗ ਅਤੇ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਪਾਸਾਰ ਸਿੱਖਿਆਵਾਂ ਵੱਲੋਂ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ 223 ਕਿਸਾਨਾਂ ਦੇ ਫੀਲਡ ਟਰਾਇਲ ਕੀਤੇ ਗਏ।

Continue Reading
Click to comment

Leave a Reply

Your email address will not be published. Required fields are marked *