Punjab
ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫਤਰ ਵਿਖੇ ਨੁੱਕੜ ਨਾਟਕ ‘ਨਾਰਕੋ ਟੈਸਟ’ ਦਾ ਆਯੋਜਨ
ਪਟਿਆਲਾ : ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫਤਰ ਵਿਖੇ ਅੱਜ ਸੰਯੁਕਤ ਨਿਰਦੇਸ਼ਕਾਂ ਡਾ. ਵੀਰਪਾਲ ਕੌਰ ਦੀ ਅਗਵਾਈ ‘ਚ ਨੁੱਕੜ ਨਾਟਕ ‘ਨਾਰਕੋ ਟੈਸਟ’ ਖੇਡਿਆ ਗਿਆ। ਡਾ. ਵੀਰਪਾਲ ਕੌਰ ਨੇ ਨਾਟਕ ਮੰਡਲੀ ਦਾ ਸਵਾਗਤ ਕਰਦਿਆ ਕਿਹਾ ਕਿ ਨਾਟਕ ਸਾਹਿਤ ਦੀ ਬਹੁਤ ਪ੍ਰਭਾਵਸ਼ਾਲੀ ਵਿਧਾ ਹੈ, ਜਿਸ ਦਾ ਦਰਸ਼ਕਾਂ ‘ਤੇ ਤੁਰੰਤ ਅਸਰ ਦਿਖਾਈ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਨਾਟਕ ਰਾਹੀਂ ਕਲਾਕਾਰ ਸਮਾਜ ਨੂੰ ਬਹੁਤ ਹੀ ਸਰਲ ਤੇ ਮਨੋਰੰਜਕ ਤਰੀਕੇ ਨਾਲ ਹਰ ਪ੍ਰਕਾਰ ਦੀ ਸੇਧ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨਾਟਕ ਦ ਵਿਰਾਸਤ ਬਹੁਤ ਅਮੀਰ ਹੈ, ਜਿਸ ਨੂੰ ਕਾਇਮ ਰੱਖਣ ਲਈ ਪੰਜਾਬ ‘ਚ ਬਹੁਤ ਸਾਰੀਆਂ ਸੰਸਥਾਵਾਂ ਤੇ ਰੰਗਕਰਮੀ ਸਰਗਰਮ ਹਨ। ਜੋ ਪੰਜਾਬੀ ਨਾਟਕ ਲਈ ਸ਼ੁਭ ਸ਼ਗਨ ਹੈ ਅਤੇ ਵਿਭਾਗ ਅਜਿਹੀਆਂ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਨ੍ਹਾਂ ਕਲਾਕਾਰਾਂ ਸੰਨੀ ਸਿੱਧੂ, ਨਵਤੇਜ ਤੇਜਾ ਤੇ ਮੁਖਵਿੰਦਰ ਮੁਖੀ ਨੂੰ ਸਨਮਾਨਿਤ ਵੀ ਕੀਤਾ। ਮੰਚ ਸੰਚਾਲਨ ਸਹਾਇਕ ਨਿਰਦੇਸ਼ਕ ਅਸ਼ਰਫ ਮਹਿਮੂਦ ਨੰਦਨ ਨੇ ਬਾਖ਼ੂਬੀ ਕੀਤਾ।
ਸਰਵਜੀਤ ਸਵਾਮੀ ਦਾ ਲਿਖਿਆ ਤੇ ਸੰਨੀ ਸਿੱਧੂ ਦੁਆਰਾ ਨਿਰਦੇਸ਼ਤ ‘ਨਾਰਕੋ ਟੈਸਟ’ ਬਹੁਪਰਤੀ ਵਿਸ਼ੇ ਵਾਲਾ ਨਾਟਕ ਸੀ। ਜਿਸ ਵਿੱਚ ਅਦਾਕਾਰਾਂ ਨੇ ਵੱਖ-ਵੱਖ ਭੂਮਿਕਾਵਾਂ ਰਾਹੀਂ ਸਾਡੇ ਦੇਸ਼ ਦੇ ਸਮਾਜਿਕ ਢਾਂਚੇ ‘ਚ ਫੈਲੀਆਂ ਕੁਰੀਤੀਆਂ ਨੂੰ ਬੇਨਕਾਬ ਕੀਤਾ ਅਤੇ ਇਨ੍ਹਾਂ ‘ਤੇ ਡੂੰਘਾ ਵਿਅੰਗ ਵੀ ਕਸਿਆ। ਮਦਾਰੀ ਤੇ ਜਮੂਰੇ ਦਰਮਿਆਨ ਸੰਵਾਦਾਂ ਰਾਹੀਂ ਇਹ ਨਾਟਕ ਅੱਗੇ ਵਧਦਾ ਹੈ ਤੇ ਅਖੀਰ ‘ਚ ਲੋਕਾਂ ਨੂੰ ਜਾਗਰੂਕ ਹੋਣ ਤੇ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾਉਣ ਦਾ ਹੋਕਾ ਦਿੰਦਾ ਹੈ।
ਇਸ ਮੌਕੇ ਭਾਸ਼ਾ ਵਿਭਾਗ ਦੀ ਡਿਪਟੀ ਡਾਇਰੈਕਟਰ ਪ੍ਰਿਤਪਾਲ ਕੌਰ ਤੇ ਹਰਪ੍ਰੀਤ ਕੌਰ, ਸਹਾਇਕ ਨਿਰਦੇਸ਼ਕਾਂ ਕਮਲਜੀਤ ਕੌਰ, ਹਰਭਜਨ ਕੌਰ, ਜਸਪ੍ਰੀਤ ਕੌਰ, ਸੁਰਿੰਦਰ ਕੌਰ, ਸੁਖਪ੍ਰੀਤ ਕੌਰ, ਅਸ਼ਰਫ ਮਹਿਮੂਦ ਨੰਦਨ, ਸਤਨਾਮ ਸਿੰਘ, ਆਲੋਕ ਚਾਵਲਾ, ਅਮਰਿੰਦਰ ਸਿੰਘ ਤੇ ਪਰਵੀਨ ਕੁਮਾਰ ਵਿਭਾਗ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।