Connect with us

Punjab

ਹੁਣ ਜੇਬ ‘ਚ ਨਗਦੀ ਲਿਜਾਣੀ ਪੈ ਸਕਦੀ ਮਹਿੰਗੀ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਪੂਰੀ ਖ਼ਬਰ

Published

on

ਜੇਕਰ ਤੁਸੀਂ ਘਰੋਂ ਬਾਹਰ ਦੂਰ-ਦੁਰਾਡੇ ਜਾਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਹੇ ਹੋ, ਤਾਂ ਇਹ ਖ਼ਬਰ ਧਿਆਨ ਨਾਲ ਪੜ ਲਓ। ਹੁਣ ਤੁਸੀਂ ਆਪਣੀ ਜੇਬ ਜਾਂ ਪਰਸ ਵਿੱਚ 50,000 ਜਾਂ ਇਸ ਤੋਂ ਵੱਧ ਨਗਦੀ ਪਾ ਕੇ ਕਿਤੇ ਵੀ ਨਹੀਂ ਜਾ ਸਕਦੇ ਹੋ। ਜੇਕਰ ਤੁਸੀਂ ਐਮਰਜੈਂਸੀ ਸਥਿਤੀ ਵਿੱਚ ਨਗਦੀ ਨਾਲ ਲਿਜਾਣੀ ਚਾਹੁੰਦੇ ਹੋ ਤਾਂ ਹੁਣ ਕੁਝ ਕੁ ਗੱਲਾਂ ਧਿਆਨ ਵਿੱਚ ਰੱਖਣੀਆਂ ਪੈਣੀਆਂ ਹਨ। ਦਰਅਸਲ ਇਨੀਂ ਦਿਨੀ ਪੰਜਾਬ ਵਿੱਚ ਚੁਣਾਵੀਂ ਮਾਹੌਲ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਇਸ ਤਹਿਤ ਮੁੱਖ ਚੋਣ ਅਧਿਕਾਰੀ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕੋਈ ਵਿਅਕਤੀ ਸਫ਼ਰ ਦੌਰਾਨ 50 ਹਜ਼ਾਰ ਜਾਂ ਇਸ ਤੋਂ ਵੱਧ ਨਗਦੀ ਲੈ ਕੇ ਜਾ ਰਿਹਾ ਹੈ, ਤਾਂ ਉਸ ਨੂੰ ਸਬੂਤ ਵਜੋਂ ਆਪਣੇ ਨਾਲ ਢੁਕਵੇਂ ਦਸਤਾਵੇਜ਼ ਜਿਵੇਂ ਕਿ ਬੈਂਕ ਦੀ ਰਸੀਦ ਆਪਣੇ ਨਾਲ ਜ਼ਰੂਰ ਰੱਖਣ। ਖਾਸ ਕਰਕੇ ਵਪਾਰੀ, ਜਿਨ੍ਹਾਂ ਨੂੰ ਅਜਿਹੇ ਮਾਮਲਿਆਂ ਵਿੱਚ ਆਪਣੇ ਕੋਲ ਰਸੀਦ ਬੁੱਕ ਜਾਂ ਕੋਈ ਹੋਰ ਢੁਕਵਾਂ ਦਸਤਾਵੇਜ ਸਬੂਤ ਦੇ ਤੌਰ ‘ਤੇ ਰੱਖਣਾ ਚਾਹੀਦਾ ਹੈ। ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲ਼ੋਂ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਦਿੱਤੀ। ਸਵਾਲਾਂ ਦੇ ਜਵਾਬ ਦਿੰਦਿਆਂ ਸੀ.ਈ.ਓ ਵੱਲੋਂ ਹੋਰ ਕੀ ਲੋਕਾਂ ਨੂੰ ਅਪੀਲ ਕੀਤੀ ਗਈ, ਆਓ ਮਾਰਦੇ ਹਾਂ ਉਸ ‘ਤੇ ਇਕ ਨਜ਼ਰ…

ਮੁੱਖ ਚੋਣ ਅਧਿਕਾਰੀ ਦੀ ਲੋਕਾਂ ਨੂੰ ਅਪੀਲ-

  • ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ਅੰਦਰ ਮੋਬਾਇਲ ਜਾਂ ਅਜਿਹੀ ਕੋਈ ਵੀ ਹੋਰ ਚੀਜ਼ ਨਾਲ ਲੈ ਕੇ ਜਾਣ ਦੀ ਸਖ਼ਤ ਮਨਾਹੀ ਹੈ।
  • ਮੁੱਖ ਚੋਣ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੀ ਰਿਪੋਰਟ ਲਈ ਸੀ ਵਿਜਿਲ ਐਪ, ਟੋਲ ਫ੍ਰੀ ਨੰਬਰ 1950 ਅਤੇ ਭਾਰਤੀ ਚੋਣ ਕਮਿਸ਼ਨ ਦੇ ਕੌਮੀ ਸ਼ਿਕਾਇਤ ਸੇਵਾ ਪੋਰਟਲ (ਐੱਨ.ਜੀ.ਪੀ.ਐੱਸ.) ਦੀ ਜ਼ਰੂਰ ਵਰਤੋਂ ਕਰਨ।
  • ਸੂਬੇ ਅੰਦਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੱਕ ਫਲੈਕਸ ਬੋਰਡ, ਹੋਰਡਿੰਗ ਸਿਰਫ ਜ਼ਿਲ੍ਹਾਂ ਚੋਣ ਅਧਿਕਾਰੀ ਜਾਂ ਦਫ਼ਤਰ ਮੁੱਖ ਚੋਣ ਅਫ਼ਸਰ ਦੀ ਮਨਜ਼ੂਰੀ ਨਾਲ ਸਿਰਫ ਨਿਰਧਾਰਿਤ ਥਾਵਾਂ ‘ਤੇ ਲਾਏ ਜਾ ਸਕਦੇ ਹਨ।
  • ਕੋਈ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਧਰਮ ਦੇ ਨਾਂ ਤੇ ਵੋਟਾਂ ਨਹੀਂ ਮੰਗ ਸਕਦਾ ਹੈ।
  • ਸੀ ਵਿਜਿਲ ਐਪ ਰਾਹੀਆਂ ਪ੍ਰਾਪਤ ਸ਼ਿਕਾਇਤਾਂ ‘ਤੇ ਸਬੰਧਿਤ ਦਫ਼ਤਰ ਵੱਲੋਂ 100 ਮਿੰਟਾਂ ਦੇ ਅੰਦਰ-ਅੰਦਰ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ
  • ਕੋਈ ਵੀ ਸਰਕਾਰੀ ਕਰਮਚਾਰੀ ਰਾਜਨੀਤਿਕ ਪਾਰਟੀਆਂ ਲਈ ਪ੍ਰਚਾਰ ਨਹੀਂ ਕਰ ਸਕਦਾ ਹੈ। ਇਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਐੱਫ. ਆਈ. ਆਰ. ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
  • ਗਰਮੀ ਦੇ ਮੱਦਨਜ਼ਰ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਜਿਵੇਂ ਕਿ ਪੋਲਿੰਗ ਵਾਲੀਆਂ ਥਾਵਾਂ ‘ਤੇ ਠੰਡੇ ਪਾਣੀ ਲਈ ਵਾਟਰ ਕੂਲਰ, ਪੱਖੇ, ਬੈਠਣ ਲਈ ਢੁੱਕਵੀਂ ਥਾਂ, ਸ਼ੈੱਡ ਆਦਿ ਦਾ ਪ੍ਰਬੰਧ ਕੀਤਾ ਗਿਆ।

    (ਸਟੋਰੀ – ਇਕਬਾਲ ਕੌਰ, ਵਰਲਡ ਪੰਜਾਬੀ)