Punjab
ਅਮਰੂਦ ਦੇ ਬਾਗਾਂ ਵਿੱਚ ਖਾਦਾਂ ਪਾਉਣ ਦਾ ਹੁਣ ਢੁਕਵਾਂ ਸਮਾਂ : ਡਿਪਟੀ ਡਾਇਰੈਕਟਰ

ਪਟਿਆਲਾ: ਅਮਰੂਦ ਦੇ ਬਾਗਾਂ ਤੋਂ ਸਰਦੀ ਦੇ ਫਲਾਂ ਦੀ ਵਧੀਆਂ ਕੁਆਲਿਟੀ ਪ੍ਰਾਪਤ ਕਰਨ ਲਈ ਰਸਾਇਣਿਕ ਖਾਦਾਂ ਪਾਉਣ ਦਾ ਹੁਣ ਢੁਕਵਾਂ ਸਮਾਂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਰਾਜ ਨੋਡਲ ਅਫ਼ਸਰ (ਅਮਰੂਦ) ਡਾ. ਨਿਰਵੰਤ ਸਿੰਘ -ਕਮ- ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲਾ ਨੇ ਦੱਸਿਆ ਕਿ ਉਮਰ ਮੁਤਾਬਕ ਅਮਰੂਦ ਦੇ ਬਾਗਾਂ ਨੂੰ 100 ਤੋਂ 500 ਗ੍ਰਾਮ ਯੂਰੀਆ, 250 ਗ੍ਰਾਮ ਤੋਂ ਸਵਾ ਕਿੱਲੋ ਸੁਪਰ ਫਾਸਫੇਟ ਅਤੇ 50 ਤੋਂ 750 ਗ੍ਰਾਮ ਮਿਉਰੇਟ ਆਫ਼ ਪੋਟਾਸ਼ ਪ੍ਰਤੀ ਬੂਟਾ ਪਾਈ ਜਾਵੇ।
ਉਨ੍ਹਾਂ ਦੱਸਿਆ ਅਮਰੂਦ ਦੇ ਫਲ ਨੂੰ ਕਾਣਾ ਕਰਨ ਵਾਲੀ ਫਰੂਟ ਫਲਾਈ (ਫਲ ਦੀ ਮੱਖੀ) ਦੀ ਰੋਕਥਾਮ ਲਈ ਟਰੈਪ ਲਗਾਉਣ ਦਾ ਵੀ ਹੁਣ ਢੁਕਵਾਂ ਸਮਾਂ ਹੈ। ਇਹ ਟਰੈਪ ਪ੍ਰਤੀ ਏਕੜ 16 ਲਗਾਏ ਜਾਂਦੇ ਹਨ ਅਤੇ ਬਾਗਬਾਨੀ ਵਿਭਾਗ, ਬਾਰਾਂਦਰੀ ਬਾਗ ਪਟਿਆਲਾ ਅਤੇ ਕੇ.ਵੀ.ਕੇ ਰੌਣੀ ਵਿਖੇ ਫਰੂਟ ਫਲਾਈ ਟਰੈਪ ਉਪਲਬਧ ਹਨ। ਇਸ ਮਹੀਨੇ ਦੌਰਾਨ ਬਾਗਾਂ ਦੀ ਵਹਾਈ ਜ਼ਰੂਰ ਕੀਤੀ ਜਾਵੇ ਤਾਂ ਜੋ ਫਲ ਦੀ ਮੱਖੀ ਦੇ ਲਾਰਵੇ ਧੁੱਪ ਨਾਲ ਨਸ਼ਟ ਹੋ ਸਕਣ।
ਡਾ. ਨਿਰਵੰਤ ਸਿੰਘ ਨੇ ਦੱਸਿਆ ਕਿ ਅਮਰੂਦਾਂ ਦੇ ਬਾਗ ਵਿੱਚ ਇਸ ਮਹੀਨੇ ਜ਼ਿੰਕ ਦੀ ਘਾਟ ਆ ਜਾਂਦੀ ਹੈ ਜਿਸ ਕਾਰਨ ਪੱਤਿਆਂ ਦਾ ਅਕਾਰ ਛੋਟਾ ਅਤੇ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਟਾਹਣੀਆਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ 1 ਕਿੱਲੋ ਜ਼ਿੰਕ ਸਲਫੇਟ ਅਤੇ ਅੱਧਾ ਕਿੱਲੋ ਅਣਬੁਝਿਆ ਚੂਨਾ 100 ਲੀਟਰ ਪਾਣੀ ਵਿੱਚ ਪਾਕੇ ਜੂਨ ਮਹੀਨੇ ਦੌਰਾਨ 2-3 ਸਪਰੇਅ ਕਰਨਾ ਚਾਹੀਦਾ ਹੈ ਅਤੇ ਗਰਮੀ ਤੋਂ ਬਚਾਅ ਲਈ ਬੂਟਿਆਂ ਦੇ ਤਣਿਆ ਨੂੰ ਕਲੀ ਵੀ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਨਦੀਨਾਂ ਦੀ ਰੋਕਥਾਮ ਲਈ ਬੂਟਿਆਂ ਦੀ ਛਤਰੀ ਹੇਠ ਪਰਾਲੀ ਵਿਛਾ ਦੇਣੀ ਚਾਹੀਦੀ ਹੈ।ਪ੍ਰਤੀ ਏਕੜ 4 ਟਨ ਪਰਾਲੀ ਦੀ ਵਰਤੋਂ ਨਾਲ ਫਲ ਦੀ ਕੁਆਲਿਟੀ ਅਤੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ।