National
ਹੁਣ ਗਲੇ ‘ਚ ਕਕਾਰਨੁਮਾ ਖੰਡਾ ਜਾਂ ਕਿਰਪਾਨ ਪਾ ਕੇ ਹਵਾਈ ਸਫ਼ਰ ਕਰਨਾ ਹੋਵੇਗਾ ਔਖਾ !

ਅੰਤਰਰਾਸ਼ਟਰੀ ਫਲਾਈਟ ‘ਚ ਸਫਰ ਕਰਨ ਵਾਲੇ ਅੰਮ੍ਰਿਤਧਾਰੀ ਸਿੱਖ ਯਾਤਰੀਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਧਾਗੇ ‘ਚ ਪਰੋ ਕੇ ਗਲੇ ‘ਚ ਪਾਏ ਧਾਰਮਿਕ ਚਿੰਨ ਕਿਰਪਾਨ-ਖੰਡੇ ਨੂੰ ਪਾ ਕੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਅਜਿਹਾ ਭਾਰਤ ਦੇ ਹਵਾਈ ਅੱਡਿਆਂ ਜਿਨ੍ਹਾਂ ‘ਚੋਂ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਸ਼ਾਮਲ ਹਨ, ਤੋਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੀ ਉਦਾਹਰਨ ਹਾਲ ਹੀ ਦੌਰਾਨ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿ ਅੰਮ੍ਰਿਤਸਰ ਹਵਾਈ ਅੱਡੇ ਟਰਮੀਨਲ ਦੇ ਬਾਹਰ ਦੀ ਦੱਸੀ ਜਾ ਰਹੀ ਹੈ। ਇਸ ਵਾਇਰਲ ਵੀਡੀਓ ‘ਚ ਅੰਮ੍ਰਿਤਧਾਰੀ ਸਿੱਖ ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ਟਰਮੀਨਲ ਦੇ ਬਾਹਰ ਕਹਿ ਰਹੇ ਹਨ ਕਿ ਉਹਨਾਂ ਨੂੰ ਸੁਰੱਖਿਆ ਜਾਂਚ ਦੌਰਾਨ ਜਹਾਜ਼ ‘ਚ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਕਿਉਂਕਿ ਉਹਨਾਂ ਨੇ ਗਲੇ ਵਿੱਚ ਪਾਈ 1-ਇੰਚ ਤੋਂ ਵੀ ਛੋਟੀ ਜਿਹੀ ਕਿਰਪਾਨ ਉਤਾਰਨ ਤੋਂ ਇਨਕਾਰ ਕਰ ਦਿੱਤਾ ਸੀ।
ਕੀ ਹੈ ਪੂਰਾ ਮਾਮਲਾ –
ਦਰਅਸਲ ਇਹ ਅੰਮ੍ਰਿਤਧਾਰੀ ਯਾਤਰੀ ਅਮਰੀਕਾ ਦੇ ਰਹਿਣ ਵਾਲੇ ਪ੍ਰਭਪ੍ਰੀਤ ਸਿੰਘ ਹਨ, ਜਿਨ੍ਹਾਂ ਨੇ ਪਿਛਲੇ ਹਫ਼ਤੇ ਅੰਮ੍ਰਿਤਸਰ ਤੋਂ ਨਿਊਯਾਰਕ ਲਈ ਸਫਰ ਕੀਤਾ ਸੀ। ਉਨ੍ਹਾਂ ਨੇ ਕਿਹਾ, “ਮੈਂ ਪਹਿਲੀ ਵਾਰ ਅੰਮ੍ਰਿਤਸਰ ਤੋਂ ਨਿਊਯਾਰਕ ਤੱਕ ਦਾ ਸਫ਼ਰ ਕੀਤਾ। ਸਿਕਿਊਰਿਟੀ ਨੇ ਮੈਨੂੰ ਛੋਟੀ ਕਿਰਪਾਨ ਲਾਹੁਣ ਲਈ ਕਿਹਾ। ਜਦਕਿ ਇਹ ਦੋ ਇੰਚ ਤੋਂ ਘੱਟ ਸੀ। ਮੈਂ ਬਹੁਤ ਵਾਰ ਅਮਰੀਕਾ, ਕੈਨੇਡਾ ਅਤੇ ਯੂਰਪ ਤੋਂ ਸਫਰ ਕੀਤਾ ਹੈ, ਪਰ ਖੰਡਾ-ਕਿਰਪਾਨ ਲਾਹੁਣ ਲਈ ਨਹੀਂ ਕਿਹਾ। ਪਿਛਲੇ 10 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਜਦੋਂ ਮੈਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਫ਼ਰ ਕੀਤਾ ਹੈ।
ਕਾਰਜਕਾਰੀ ਨਿਰਦੇਸ਼ਕ ਸੰਦੀਪ ਅਗਰਵਾਲ ਵੱਲੋਂ ਸਪੱਸ਼ਟੀਕਰਨ-
ਹਾਲਾਂਕਿ ਦੂਜੇ ਪਾਸੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ (BCAS)ਦੇ ਨਿਯਮ ਹਮੇਸ਼ਾ ਲਾਗੂ ਰਹੇ ਹਨ। ਅੰਮ੍ਰਿਤਸਰ ਹਵਾਈ ਅੱਡੇ ਦੇ ਕਾਰਜਕਾਰੀ ਨਿਰਦੇਸ਼ਕ ਸੰਦੀਪ ਅਗਰਵਾਲ ਨੇ ਕਿਹਾ, “ਇਹ BCAS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਜਾ ਰਿਹਾ ਹੈ। ਅਸੀਂ ਇੱਥੇ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹਾਂ। ਸੰਗਠਨ ਆਪਣੀਆਂ ਪ੍ਰਤੀਨਿਧਤਾਵਾਂ ਦੇ ਸਕਦਾ ਹੈ ਪਰ ਸਿਰਫ਼ ਭਾਰਤ ਸਰਕਾਰ ਹੀ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰ ਸਕਦੀ ਹੈ ਜਾਂ ਕੋਈ ਫੈਸਲਾ ਲੈ ਸਕਦੀ ਹੈ।” ਉਨ੍ਹਾਂ ਨੇ ਕਿਹਾ, “ਨਿਯਮਾਂ ਦੇ ਅਨੁਸਾਰ, ਕੋਈ ਵੀ ਯਾਤਰੀ ਅੰਤਰਰਾਸ਼ਟਰੀ ਉਡਾਣਾਂ ‘ਤੇ ਕਿਰਪਾਨ ਜਾਂ ਕੁਝ ਵੀ ਇਸ ਦੇ ਬਦਲੇ ਜਾਂ ਕੋਈ ਵੀ ਧਾਤੂ ਦੀ ਚੀਜ਼ ਨਹੀਂ ਲਿਜਾ ਸਕਦਾ ਹੈ। ਇਹ ਨਿਯਮ ਪਹਿਲਾਂ ਤੋਂ ਬਣਿਆ ਹੋਇਆ ਹੈ ਅਤੇ ਕੁਝ ਮਹੀਨੇ ਪਹਿਲਾਂ ਇਸਨੂੰ ਦੁਬਾਰਾ ਲਾਗੂ ਕੀਤਾ ਗਿਆ ਹੈ।”
ਸਿੱਖ ਭਾਈਚਾਰੇ ਵੱਲੋਂ ਅਪੀਲ-
ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਕਾਸ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ – ਅੰਮ੍ਰਿਤਸਰ ਵਿਕਾਸ ਮੰਚ ਅਤੇ ਵਿਦੇਸ਼ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਮੋਹਤਬਰ ਮੈਂਬਰਾਂ ਨੇ ਪੱਤਰ ਲਿੱਖ ਕੇ ਇਹ ਮੁੱਦਾ ਭਾਰਤ ਸਰਕਾਰ ਦੇ ਹਵਾਬਾਜ਼ੀ ਮੰਤਰੀ ਸ਼੍ਰੀ ਰਾਮਮੋਹਨ ਨਾਇਡੂ, ਕੇਂਦਰੀ ਮੰਤਰੀ ਸ. ਹਰਦੀਪ ਸਿੰਘ ਪੁਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਸ. ਇਕਬਾਲ ਸਿੰਘ ਲਾਲਪੁਰਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ, ਭਾਜਪਾ ਦੇ ਰਾਸ਼ਟਰੀ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਅਤੇ ਹੋਰਨਾਂ ਸਿੱਖ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਉਹਨਾਂ ਨੂੰ ਇਨਾਂ ਪਾਬੰਦੀਆਂ ਦੇ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਹੈ। ਮੰਤਰੀ ਨਾਇਡੂ ਅਤੇ ਹੋਰਨਾਂ ਨੂੰ ਲਿਖੇ ਆਪਣੇ ਪੱਤਰ ਵਿੱਚ, ਇਹਨਾਂ ਆਗੂਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗਲੇ ‘ਚ ਪਾਈ ਇਹ ਛੋਟੀ ਕਿਰਪਾਨ, ਭਾਰਤ ‘ਚ ਘਰੇਲੂ ਉਡਾਣਾਂ ‘ਚ ਲੈ ਕੇ ਜਾਣ ਵਾਲੀਆਂ ਵੱਡੀ ਕਿਰਪਾਨ ਵਾਂਗ ਗਾਤਰੇ ‘ਚ ਪਾ ਕਮਰ ਦੁਆਲੇ ਨਹੀਂ ਬਲਕਿ ਧਾਗੇ ਨਾਲ ਗਲੇ ‘ ਚ ਪਾਈਆਂ ਜਾਂਦੀਆਂ ਹਨ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਅਤੇ ਇਨੀਸ਼ੀਏਟਿਵ ਦੇ ਕਨਵੀਨਰ ਅਨੰਤਦੀਪ ਸਿੰਘ ਢਿੰਲੋਂ ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਕਿ ਅੰਤਰਰਾਸ਼ਟਰੀ ਉਡਾਨਾਂ ਲਈ ਸੁਰੱਖਿਆ ਜਾਂਚ ਦੌਰਾਨ ਸਿੱਖ ਯਾਤਰੀਆਂ ਨੂੰ ਧਾਗੇ ‘ਚ ਗਲੇ ਵਿਚ ਪਾਈ ਸਿਰਫ ਇੱਕ ਇੰਚ ਵਾਲੀ ਛੋਟੀ ਕਿਰਪਾਨ, ਖੰਡਾ ਅਤੇ ਕੰਗੇ ਵਰਗੀਆਂ ਧਾਰਮਿਕ ਵਸਤਾਂ ਉਤਾਰਣ ਲਈ ਕਿਹਾ ਜਾ ਰਿਹਾ ਹੈ। ਅਮਰੀਕਾ, ਕੈਨੇਡਾ ਅਤੇ ਨੀਦਰਲੈਂਡ ਵਰਗੇ ਵਿਦੇਸ਼ੀ ਹਵਾਈ ਅੱਡਿਆਂ ਤੋਂ ਭਾਰਤ ਆ ਰਹੇ ਸਿੱਖ ਯਾਤਰੀਆਂ ਨੂੰ ਇਹ ਚਿੰਨ੍ਹ ਪਹਿਨਣ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ, ਪਰ ਵਾਪਸੀ ਵੇਲੇ ਭਾਰਤੀ ਹਵਾਈ ਅੱਡਿਆਂ, ਜਿਵੇਂ ਕਿ ਅੰਮ੍ਰਿਤਸਰ ਅਤੇ ਦਿੱਲੀ ‘ਤੇ, ਉਹਨਾਂ ਨੂੰ ਇਹ ਚਿੰਨ੍ਹ ਉਤਾਰਣ ਲਈ ਮਜ਼ਬੂਰ ਕੀਤਾ ਜਾਂਦਾ ਹੈ।
ਗੁਮਟਾਲਾ ਨੇ ਕਿਹਾ, “ਅੰਮ੍ਰਿਤਸਰ ਅਤੇ ਦਿੱਲੀ ਹਵਾਈ ਅੱਡਿਆਂ ਤੋਂ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਬਹੁਤ ਸਾਰੇ ਅੰਮ੍ਰਿਤਧਾਰੀ ਸਿੱਖ ਯਾਤਰੀਆਂ ਨੇ ਸਾਡੇ ਤੱਕ ਪਹੁੰਚ ਕਰ ਦੱਸ਼ਿਆ ਕਿ ਇਹਨਾਂ ਛੋਟੇ ਆਕਾਰ ਦੇ ਧਾਰਮਿਕ ਵਸਤੂਆਂ ਨੂੰ ਹਟਾਉਣ ਲਈ ਮਜਬੂਰ ਕੀਤੇ ਜਾਣਾ, ਉਹਨਾਂ ਦੀ ਆਪਣੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੈ। ਸਰਕਾਰ ਨੂੰ ਇਸ ਦੇ ਹੱਲ ਸੰਬੰਧੀ ਜਲਦ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ।”ਢਿੱਲੋ ਨੇ ਨਿਰਾਸ਼ਾ ਪ੍ਰਗਟ ਕਰਦੇ ਕਿਹਾ ਕਿ, “ਇਹ ਸਮੱਸਿਆ ਸਿਰਫ ਭਾਰਤੀ ਹਵਾਈ ਅੱਡਿਆਂ ‘ਤੇ ਹੀ ਆ ਰਹੀ ਹੈ। ਇਸ ਵਾਸਤੇ ਅਸੀਂ ਮੰਤਰੀ ਨਾਇਡੂ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ ਕਿਉਂਕਿ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ (ਬੀ.ਸੀ.ਏ.ਐਸ) ਮਹਿਕਮਾ ਜੋ ਅਜਿਹੀਆਂ ਹਵਾਬਾਜ਼ੀ ਸੰਬੰਧੀ ਸੁਰੱਖਿਆ ਨੀਤੀਆਂ ਤਿਆਰ ਕਰਦਾ ਹੈ, ਹਵਾਬਾਜ਼ੀ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ।”