Punjab
ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਵਿਖੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਲਹਿਰਾਉਣਗੇ ਕੌਮੀ ਝੰਡਾ

ਪਟਿਆਲਾ:
ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਸਬੰਧੀ ਅੱਜ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿਖੇ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਕੌਮੀ ਝੰਡਾ ਲਹਿਰਾਉਣਗੇ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਪਟਿਆਲਾ ਦੇ ਮਹਾਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿਖੇ ਹੋਣ ਵਾਲੇ ਸਮਾਗਮ ਲਈ ਸਮੁੱਚੇ ਪ੍ਰਬੰਧ ਸੁਚਾਰੂ ਅਤੇ ਖੂਬਸੂਰਤ ਢੰਗ ਨਾਲ ਸਮੇਂ ਸਿਰ ਨੇਪਰੇ ਚੜ੍ਹਾ ਲਏ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਆਜ਼ਾਦੀ ਦਿਹਾੜੇ ਮੌਕੇ ਪੁਲਿਸ, ਆਈ.ਆਰ.ਬੀ., ਐਨ.ਸੀ.ਸੀ., ਸਕਾਊਟਸ ਤੇ ਗਾਇਡਜ ਦੀ ਪਰੇਡ ਸਮੇਤ ਵੱਖ-ਵੱਖ ਵਿਭਾਗਾਂ ਦੇ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ, ਸੱਭਿਆਚਾਰਕ ਪ੍ਰੋਗਰਾਮ ਅਤੇ ਮੁਟਿਆਰਾਂ ਵੱਲੋਂ ਗਿੱਧਾ ਤੇ ਨੌਜਵਾਨਾਂ ਵੱਲੋਂ ਭੰਗੜਾ ਵੀ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ਲਈ ਰਿਹਰਸਲਾਂ ਚੱਲ ਰਹੀਆਂ ਹਨ।
ਮੀਟਿੰਗ ਵਿੱਚ ਐਸ.ਐਸ.ਪੀ ਦੀਪਕ ਪਾਰੀਕ, ਏ.ਡੀ.ਸੀ. ਗੌਤਮ ਜੈਨ, ਐਸ.ਡੀ.ਐਮ. ਪਟਿਆਲਾ ਇਸਮਿਤ ਵਿਜੈ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਨਮਨ ਮੜਕਨ, ਸਹਾਇਕ ਕਮਿਸ਼ਨਰ ਕਿਰਨ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।