News
ਕੀ ਸਰਹੱਦਾਂ ਦੇ ਫਾਂਸਲੇ ਪਾਉਣਗੇ ਮਾਂ ਧੀ ‘ਚ ਦੂਰੀ ?

ਕਾਦੀਆਂ, 28 ਜੂਨ: ਇਥੋਂ ਪਾਕਿਸਤਾਨ ਗਏ ਦੋ ਪਰਿਵਾਰ ਜੋਕਿ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਪਾਕਿਸਤਾਨ ਗਏ ਹੋਏ ਹਨ ਅਤੇ ਕੋਵਿਡ-19 ਕਾਰਨ ਭਾਰਤ-ਪਾਕਿਸਤਾਨ ਬਾਰਡਰ ਬੰਦ ਹੋਣ ਕਾਰਨ ਪਾਕਿਸਤਾਨ ‘ਚ ਫ਼ੱਸ ਗਏ ਸਨ। ਉਨ੍ਹਾਂ ਦੀ ਕੱਲ ਸਵੇਰੇ ਪਾਕਿਸਤਾਨ ਤੋਂ ਕਾਦੀਆਂ ਲਈ ਵਾਪਸੀ ਹੋਵੇਗੀ। ਭਾਰਤ ਸਰਕਾਰ ਵੱਲੋਂ ਭਾਰਤ ਵਾਪਸ ਪਰਤਣ ਵਾਲੇ ਜਿਨ੍ਹਾਂ ਲੋਕਾਂ ਦੀ ਲਿਸਟ ਜਾਰੀ ਕੀਤੀ ਹੈ ਉਸ ‘ਚ ਰਫ਼ੀਕ ਅਹਿਮਦ ਪਾਕ ਮੂਲ ਦੀ ਪਤਨੀ ਉਮੈਰਾ ਰਫ਼ੀਕ ਦਾ ਨਾਂ ਸ਼ਾਮਿਲ ਨਹੀਂ ਹੈ।
ਜਦਕਿ ਉਮੈਰਾ ਦੀ ਇੱਕ ਸਾਲਾ ਬੇਟੀ ਆਇਸ਼ਾ ਤਯਬਾ ਜੋਕਿ ਮਾਂ ਦੇ ਦੁੱਧ ਤੇ ਨਿਰਭਰ ਹੈ ਉਸਦਾ ਨਾਂ ਵਾਪਸ ਭਾਰਤ ਪਰਤਣ ਵਾਲੇ ਲੋਕਾਂ ਦੀ ਲਿਸਟ ‘ਚ ਸ਼ਾਮਿਲ ਕੀਤਾ ਗਿਆ ਹੈ। ਜਿਸਦੇ ਕਾਰਨ ਰਫ਼ੀਕ ਅਹਿਮਦ ਅਤੇ ਉਸਦੀ ਪਤਨੀ ਉਮੈਰਾ ਸਦਮੇ ‘ਚ ਆ ਗਏ ਹਨ। ਰਫ਼ੀਕ ਅਹਿਮਦ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਿਆਹ ਦੇ 12 ਸਾਲਾਂ ਬਾਅਦ ਬੇਟੀ ਨੇ ਜਨਮ ਲਿਆ ਹੈ ਅਤੇ ਉਹ ਮਾਂ ਦੇ ਬਿਨਾਂ ਨਹੀਂ ਰਹਿ ਸਕਦੀ ਹੈ। ਉਹ ਬੇਟੀ ਨੂੰ ਮਾਂ ਤੋਂ ਜੁਦਾ ਨਹੀਂ ਕਰ ਸਕਦੇ ਹਨ। ਕੱਲ ਉਮੈਰਾ ਰਫ਼ੀਕ ਆਪਣੇ ਪਤੀ ਅਤੇ ਬੇਟੀ ਨਾਲ ਵਾਹਗਾ ਬਾਰਡਰ ‘ਚ ਭਾਰਤ ਜਾਣ ਲਈ ਪਹੁੰਚਣਗੇ। ਦੂਜੇ ਪਾਸੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਮਾਨੂਅਲ ਨਾਹਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਮੈਰਾ ਦੇ ਪਰਿਵਾਰ ਨਾਲ ਵਾਪਸੀ ਲਈ ਪੱਤਰ ਲਿਖਿਆ ਹੈ। ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਨੂੰ ਵੀ ਉਮੈਰਾ ਦੇ ਸਪਰਿਵਾਰ ਨਾਲ ਆਉਣ ਦੀ ਇਜਾਜ਼ਤ ਦਿੱਤੇ ਜਾਣ ਦੀ ਅਪੀਲ ਕੀਤੀ ਹੈ।