Punjab
ਨਗਰ ਨਿਗਮ ਚੰਡੀਗੜ੍ਹ ਨਾਲ ਸਬੰਧਤ ਆਨਲਾਈਨ ਸੇਵਾਵਾਂ ਹਿੰਦੀ ਭਾਸ਼ਾ ‘ਚ ਵੀ ਹੋਣਗੀਆਂ ਉਪਲੱਬਧ

ਚੰਡੀਗੜ੍ਹ : ਚੰਡੀਗੜ੍ਹ ਦੇ ਮੇਅਰ ਸ੍ਰੀ ਰਵੀਕਾਂਤ ਸ਼ਰਮਾ ਨੇ ਅੱਜ ਇੱਥੇ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿੱਤਰਾ (IAS) ਦੀ ਮੌਜੂਦਗੀ ਵਿੱਚ ਨਗਰ ਨਿਗਮ ਚੰਡੀਗੜ੍ਹ ਦੀ ਬਿਲਡਿੰਗ ਵਿਖੇ “ਹਿੰਦੀ ਪਖਵਾੜਾ” ਦੀ ਰਸਮੀ ਸ਼ੁਰੂਆਤ ਕੀਤੀ।ਨਗਰ ਨਿਗਮ ਚੰਡੀਗੜ੍ਹ ਦੇ ਵੱਖ ਵੱਖ ਵਿੱਗਾਂ ਦੇ ਸਾਰੇ ਮੁਖੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਮੇਅਰ ਨੇ ਕਿਹਾ ਕਿ 7 ਤੋਂ 21 ਸਤੰਬਰ, 2021 ਤੱਕ ਹੋਣ ਵਾਲੇ ਹਿੰਦੀ ਪਖਵਾੜੇ ਦੌਰਾਨ ਵੱਖ -ਵੱਖ ਪ੍ਰੋਗਰਾਮ ਕਰਵਾਏ ਜਾਣਗੇ।
ਉਨਾਂ ਕਿਹਾ ਕਿ ਦਫਤਰ ਵਿੱਚ ਹਿੰਦੀ ਭਾਸਾ ਨੂੰ ਉਤਸਾਹਤ ਕਰਨ ਲਈ ਨਗਰ ਨਿਗਮ ਚੰਡੀਗੜ ਵਿੱਚ “ਹਿੰਦੀ ਵਿਭਾਗ” ਬਣਾਉਣ ਦੀਆਂ ਸੰਭਾਵਨਾ ਵੀ ਤਲਾਸ਼ੀ ਜਾਵੇਗੀ। ਮੇਅਰ ਨੇ ਕਿਹਾ ਕਿ ਪਾਣੀ ਦੇ ਬਿੱਲ ਅੰਗਰੇਜ਼ੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਹਿੰਦੀ ਪਖਵਾੜਾ ਦੌਰਾਨ ਵੱਖ -ਵੱਖ ਮੁਕਾਬਲੇ ਕਰਵਾਏ ਜਾਣਗੇ ਜਿਨਾਂ ਵਿੱਚ ਲੇਖ ਲਿਖਣਾ, ਸਲੋਗਨ ਲਿਖਣਾ, ਸੰਕਲਪ, ਹੱਥ ਲਿਖਤ ਮੁਕਾਬਲੇ ਤੋਂ ਇਲਾਵਾ ਕਹਾਣੀ ਲਿਖਣਾ ਆਦਿ ਸ਼ਾਮਲ ਹਨ। ਉਨਾਂ ਕਿਹਾ ਕਿ ਜੇਤੂਆਂ ਨੂੰ 21 ਸਤੰਬਰ, 2021 ਨੂੰ ਇਨਾਮ ਦਿੱਤੇ ਜਾਣਗੇ।
ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ, ਆਈਏਐਸ ਨੇ ਇਸ ਮੌਕੇ ਕਿਹਾ ਕਿ ਚੰਡੀਗੜ ਦੇ ਨਾਗਰਿਕਾਂ ਦੀ ਅਸਾਨੀ ਲਈ ਨਗਰ ਨਿਗਮ ਚੰਡੀਗੜ ਨਾਲ ਸਬੰਧਤ ਸਾਰੀਆਂ ਆਨਲਾਈਨ ਸੇਵਾਵਾਂ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ ਭਾਸ਼ਾ ਵਿੱਚ ਵੀ ਉਪਲਬਧ ਹੋਣਗੀਆਂ। ਉਨਾਂ ਸਬੰਧਤ ਅਧਿਕਾਰੀਆਂ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਇਸ ਨੂੰ ਅਮਲ ਵਿੱਚ ਲਿਆਉਣ ਲਈ ਹਦਾਇਤ ਕੀਤੀ।
ਉਨਾਂ ਕਿਹਾ ਕਿ ਅਧਿਕਾਰੀ ਅਤੇ ਕਰਮਚਾਰੀ ਦਫਤਰ ਵਿੱਚ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ ਵਧੇਰੇ ਯਤਨ ਕਰਨਗੇ ਅਤੇ ਵਿਕਰੇਤਾਵਾਂ ਅਤੇ ਹੋਰ ਲਾਇਸੈਂਸ ਧਾਰਕਾਂ ਸਮੇਤ ਚੰਡੀਗੜ ਵਾਸੀਆਂ ਨੂੰ ਸਾਰੇ ਸੰਚਾਰ/ਜਨਤਕ ਨੋਟਿਸ ਹਿੰਦੀ ਭਾਸ਼ਾ ਵਿੱਚ ਵੀ ਦਿੱਤੇ ਜਾਣਗੇ।