International
ਆਪ੍ਰੇਸ਼ਨ ਅਜੇ: ਇਜ਼ਰਾਈਲ ਤੋਂ ਭਾਰਤੀਆਂ ਦਾ ਦੂਜਾ ਜੱਥਾ ਪਹੁੰਚਿਆ ਨਵੀਂ ਦਿੱਲੀ

14ਅਕਤੂਬਰ 2023: ਇਜ਼ਰਾਈਲ ਅਤੇ ਹਮਾਸ ਵਿਚਾਲੇ ਇਕ ਹਫਤੇ ਤੋਂ ਭਿਆਨਕ ਯੁੱਧ ਚੱਲ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਸ ਜੰਗ ‘ਚ ਹੁਣ ਤੱਕ ਚਾਰ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਇਜ਼ਰਾਈਲ ਵਿੱਚ ਫਸੇ ਭਾਰਤੀਆਂ ਦਾ ਦੂਜਾ ਜੱਥਾ ਸ਼ਨੀਵਾਰ ਨੂੰ ਨਵੀਂ ਦਿੱਲੀ ਪਹੁੰਚ ਗਿਆ। ਆਪਰੇਸ਼ਨ ਅਜੈ ਦੇ ਤਹਿਤ ਦੋ ਨਵਜੰਮੇ ਬੱਚਿਆਂ ਸਮੇਤ 235 ਲੋਕ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪਹੁੰਚੇ। ਵਿਦੇਸ਼ ਰਾਜ ਮੰਤਰੀ ਰੰਜਨ ਸਿੰਘ ਨੇ ਹਵਾਈ ਅੱਡੇ ‘ਤੇ ਲੋਕਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਹੱਥ ਮਿਲਾ ਕੇ ਅਤੇ ਹੱਥ ਜੋੜ ਕੇ ਭਾਰਤੀ ਨਾਗਰਿਕਾਂ ਦਾ ਸਵਾਗਤ ਕੀਤਾ।
ਫਲਾਈਟ ਨੇ ਰਾਤ 11 ਵਜੇ ਇਜ਼ਰਾਈਲ ਤੋਂ ਉਡਾਣ ਭਰੀ
ਭਾਰਤੀ ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ ਭਾਰਤ ਲਈ ਉਡਾਣਾਂ ਦੇ ਦੂਜੇ ਬੈਚ ‘ਚ 235 ਭਾਰਤੀ ਸ਼ਾਮਲ ਹਨ। ਇਸ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਜਹਾਜ਼ ਨੇ ਤੇਲ ਅਵੀਵ ਤੋਂ ਰਾਤ 11.02 ਵਜੇ ਉਡਾਣ ਭਰੀ। ਭਾਰਤੀ ਦੂਤਾਵਾਸ ਨੇ ਕਿਹਾ ਕਿ ਦੂਤਾਵਾਸ ਨੇ ਤੀਜੇ ਬੈਚ ਵਿੱਚ ਸ਼ਾਮਲ ਲੋਕਾਂ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਹੈ। ਲੋਕਾਂ ਨੂੰ ਅਗਲੀਆਂ ਉਡਾਣਾਂ ਲਈ ਦੁਬਾਰਾ ਸੁਨੇਹਾ ਭੇਜਿਆ ਜਾਵੇਗਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ੁੱਕਰਵਾਰ-ਸ਼ਨੀਵਾਰ ਅੱਧੀ ਰਾਤ ਨੂੰ ਟਵਿੱਟਰ ‘ਤੇ ਪੋਸਟ ਕੀਤਾ, “235 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੂਜੀ ਫਲਾਈਟ ਤੇਲ ਅਵੀਵ, ਇਜ਼ਰਾਈਲ ਤੋਂ ਰਵਾਨਾ ਹੋਈ।” ਯਾਤਰੀ ਮੁੱਖ ਤੌਰ ‘ਤੇ ਉਹ ਸਨ ਜੋ ਇਜ਼ਰਾਈਲ ਵਿਚ ਰਹਿ ਰਹੇ ਸਨ ਅਤੇ ਕੰਮ ਕਰ ਰਹੇ ਸਨ। ਉਨ੍ਹਾਂ ਇਸ ਉਪਰਾਲੇ ਲਈ ਭਾਰਤ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।