Punjab
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ‘ਮਹਿਲਾ ਕਵੀ ਦਰਬਾਰ’ ਦਾ ਆਯੋਜਨ
ਪਟਿਆਲਾ: ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ‘ਮਹਿਲਾ ਕਵੀ ਦਰਬਾਰ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਚੰਦਨਦੀਪ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਨੇ ਕਿਹਾ ਕਿ ‘ਸਾਨੂੰ ਸੁਨਹਿਰੇ ਭਵਿੱਖ ਲਈ ਔਰਤ ਤੇ ਮਰਦ ਦੇ ਫ਼ਰਕ ਨੂੰ ਖਤਮ ਕਰਨ ਲਈ ਹੱਕਾਂ ਵਿਚ ਸਮਾਨਤਾ ਲਿਆਉਣੀ ਪਵੇਗੀ ਅਤੇ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਪਵੇਗਾ। ਇਸ ਮੌਕੇ ਉਨ੍ਹਾਂ ਨੇ ਸੰਸਾਰ ਪੱਧਰ ਤੇ ਜਾਰੀ ਹੋਣ ਵਾਲੇ ਸੰਦੇਸ਼ ਅਤੇ ਥੀਮ ਬਾਰੇ ਵੀ ਚਰਚਾ ਕੀਤੀ। ‘ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਏ ਵੀਰਪਾਲ ਕੌਰ ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ”ਔਰਤ ਹੁਣ ਹਰ ਖੇਤਰ ਵਿਚ ਮੱਲ੍ਹਾਂ ਮਾਰ ਰਹੀ ਹੈ।
ਇਸ ਮੌਕੇ ਹਰਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਪਟਿਆਲਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਬਦਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ‘ਔਰਤ ਅਤੇ ਮਰਦ ਦੋਵੇਂ ਸਮਾਜ ਦੀ ਉਸਾਰੀ ਲਈ ਬਰਾਬਰ ਯੋਗਦਾਨ ਪਾ ਰਹੇ ਹਨ।’ ਸਮਾਗਮ ਦੀ ਮੁੱਖ ਮਹਿਮਾਨ ਵਜੋਂ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ‘ਹੁਣ ਸ਼ਹਿਰੀ ਅਤੇ ਪੜ੍ਹੀ ਲਿਖੀ ਔਰਤ ਦੇ ਨਾਲ ਨਾਲ ਪੇਂਡੂ ਸੁਆਣੀਆਂ ਵੀ ਔਰਤਾਂ ਦੇ ਹੱਕਾਂ ਪ੍ਰਤੀ ਜਾਗਰੂਕ ਹੋ ਚੁੱਕੀਆਂ ਹਨ।’
ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਮਹਿਲਾ ਕਵੀ ਦਰਬਾਰ ਮੌਕੇ ਆਸ਼ਾ ਕਿਰਨ, ਰਾਜਵਿੰਦਰ ਕੌਰ ਜਟਾਣਾ, ਨਰਿੰਦਰਪਾਲ ਕੌਰ, ਪਰਮਦੀਪ ਕੌਰ, ਡਾ. ਇੰਦਰਪਾਲ ਕੌਰ, ਡਾ. ਵੀਰਪਾਲ ਕੌਰ, ਡਾ. ਨਿਰਮਲ ਗਰਗ, ਕਿਰਨ ਪਾਹਵਾ, ਮਨਪ੍ਰੀਤ ਅਚਾਨਕ, ਸੰਦੀਪ ਜਸਵਾਲ ਅਤੇ ਸਤਨਾਮ ਚੌਹਾਨ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਅਤੇ ਔਰਤ ਦੀ ਦਿਸ਼ਾ ਤੇ ਦਸ਼ਾ ਬਾਰੇ ਚਾਨਣਾ ਪਾਇਆ। ਸਮਾਗਮ ਦੌਰਾਨ ਆਏ ਹੋਏ ਸਾਹਿਤਕਾਰਾਂ, ਪਤਵੰਤੇ ਸੱਜਣਾਂ ਦਾ ਬਲਵਿੰਦਰ ਸਿੰਘ (ਸਟੇਟ ਐਵਾਰਡੀ) ਖੋਜ ਅਫ਼ਸਰ, ਪਟਿਆਲਾ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਔਰਤਾਂ ਦੀ ਦਸ਼ਾਂ ਬਾਰੇ ਗਲਬਾਤ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।
ਤੇਜਿੰਦਰ ਸਿੰਘ ਗਿੱਲ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ ਗਿਆ ਅਤੇ ਵਿਭਾਗੀ ਰਸਾਲਿਆਂ ਦੀ ਮੈਂਬਰਸ਼ਿਪ ਲਈ ਵੱਖਰੇ ਕਾਊਂਟਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪ੍ਰਿਤਪਾਲ ਕੌਰ, ਹਰਭਜਨ ਕੌਰ, ਕੰਵਲਜੀਤ ਕੌਰ, ਸਤਨਾਮ ਸਿੰਘ, ਪਰਵੀਨ ਕੁਮਾਰ, ਅਸ਼ਰਫ਼ ਮਹਿਮੂਦ ਨੰਦਨ, ਗੁਰਦਰਸ਼ਨ ਗੁਸੀਲ, ਬਲਬੀਰ ਜਲਾਲਾਬਾਦੀ, ਡਾ. ਸੁਖਦਰਸ਼ਨ ਸਿੰਘ ਚਹਿਲ, ਡਾ. ਸੰਤੋਖ ਸਿੰਘ ਸੁੱਖੀ, ਸਤਪਾਲ ਸਿੰਘ ਚਹਿਲ, ਨਵਨੀਤ ਕੌਰ, ਸੁਰੇਸ਼ ਕੁਮਾਰ, ਬਿਕਰਮ ਸਿੰਘ ਅਤੇ ਸੋਨੂ ਕੁਮਾਰ ਨੇ ਸ਼ਿਰਕਤ ਕੀਤੀ।