Punjab
ਜਨਤਕ ਵਾਹਨਾਂ ਦੇ ਮਾਲਕਾਂ ਨੂੰ ਵੀ ਸਾਰੇ ਟੈਕਸਾਂ ਤੋਂ 6 ਮਹੀਨੇ ਲਈ ਛੋਟ ਦਿੱਤੀ ਜਾਵੇ : ਡਾ. ਦਲਜੀਤ ਸਿੰਘ ਚੀਮਾ
- ਅਕਾਲੀ ਦਲ ਵੱਲੋਂ ਮੁੱਖ ਮੰਤਰੀ ਤੋਂ ਟੈਕਸੀ ਤੇ ਆਟੋ ਡਰਾਈਵਰਾਂ ਵਾਸਤੇ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਿੱਤੀ ਰਾਹਤ ਦੀ ਮੰਗ
ਚੰਡੀਗੜ੍ਹ, 11 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਸਾਰੇ ਟੈਕਸੀ, ਆਟੋ ਰਿਕਸ਼ਾ, ਸਕੂਲ ਬੱਸਾਂ ਤੇ ਕੈਬਜ਼ ਦੇ ਨਾਲ ਨਾਲ ਟੈਂਪੂ ਤੇ ਟਰੱਕਾਂ ਸਮੇਤ ਸਮਾਣ ਢੋਣ ਵਾਲੇ ਵਾਹਨਾਂ ਦੇ ਡਰਾਈਵਰਾਂ ਨੂੰ 5 ਹਜ਼ਾਰ ਰੁਪਏ ਮਹੀਨੇ ਦੀ ਵਿੱਤੀ ਰਾਹਤ ਦਿੱਤੀ ਜਾਵੇ ਤੇ ਨਾਲ ਹੀ ਲਾਕ ਡਾਊਨ ਦੇ ਅਰਸੇ ਦੇ ਸਾਰੇ ਟੈਕਸ ਵੀ ਮੁਆਫ ਕਰ ਦਿੱਤੇ ਜਾਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਕਸਬਿਆਂ ਤੇ ਸ਼ਹਿਰਾਂ ਵਿਚ ਹਜ਼ਾਰਾਂ ਟੈਕਸੀਆਂ ਤੇ ਆਟੋ ਰਿਕਸ਼ਾ ਡਰਾਈਵਰਾਂ ਤੇ ਮਾਲਕਾਂ ਦਾ ਕੰਮ ਬੀਤੇ ਤਿੰਨ ਮਹੀਨਿਆਂ ਦੌਰਾਨ ਬਹੁਤ ਬੁਰੀ ਤਰ੍ਹਾ ਪ੍ਰਭਾਵਤ ਹੋਇਆ ਹੈ ਤੇ ਇਹਨਾਂ ਵਿਚੋਂ ਬਹੁਤਿਆਂ ਨੂੰ ਗੁਰਦੁਆਰਾ ਸਾਹਿਬਾਨ ਵਿਚ ਲੰਗਰ ਛਕਣਾ ਪਿਆ ਤੇ ਸਮਾਜਿਕ ਸੰਸਥਾਵਾਂ ਤੋਂ ਮਦਦ ਲੈਣੀ ਪਈ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਸਕੂਲ ਤੇ ਪ੍ਰਾਈਵੇਟ ਬੱਸਾਂ ਤੇ ਟਰੱਕਾਂ, ਮਿੰਨੀ ਬੱਸਾਂ, ਮੈਕਸੀ ਕੈਬ ਦੇ ਨਾਲ ਸਮਾਨ ਢੋਹਣ ਵਾਲੇ ਵਾਹਨਾਂ ਦੇ ਡਰਾਈਵਰ ਵੀ ਤਿੰਨ ਮਹੀਨਿਆਂ ਵਿਚ ਕੰਮ ਵਿਹੂਣੇ ਹੋ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਸਾਰੇ ਪਬਲਿਕ ਵਾਹਨ ਚਲਾਉਣ ਵਾਲੇ ਡਰਾਈਵਰਾਂ ਜਿਹਨਾਂ ਕੋਲ ਜਾਇਜ਼ ਡਰਾਈਵਰ ਲਾਇਸੰਸ ਹੈ, ਨੂੰ ਪਿਛਲੇ ਤਿੰਨ ਮਹੀਨਿਆਂ ਦੇ ਸਮੇਂ ਲਈ ਤੇ ਜਦੋਂ ਤੱਕ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ ਉਦੋਂ ਤੱਕ ਲਈ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਿੱਤੀ ਮਦਦ ਦੇਣੀ ਚਾਹੀਦੀ ਹੈ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਇਹਨਾਂ ਸਾਰੇ ਵਾਹਨਾਂ ਦੇ ਸਾਰੇ ਕਮਰਸ਼ੀਅਲ ਟੈਕਸ ਭਾਵੇਂ ਉਹ ਰੋਡ ਟੈਕਸ ਹੋਵੇ, ਪਰਮਿਟ ਫੀਸ ਹੋਵੇ ਜਾਂ ਮਿਉਂਸਪਲ ਟੈਕਸ ਹੋਵੇ, ਲੰਘੇ ਤਿੰਨ ਮਹੀਨਿਆਂ ਸਮੇਤ ਛੇ ਮਹੀਨਿਆਂ ਵਾਸਤੇ ਮੁਆਫ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਵਾਹਨ ਮਾਲਕ ਇਸ ਅਰਸੇ ਦੌਰਾਨ ਦੇ ਟੈਕਸ ਦੇ ਰੀਫੰਡ ਦੇ ਜ਼ਿੰਮੇਵਾਰ ਵੀ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹ ਕਦਮ ਇਹਨਾਂ ਕਮਰਸ਼ੀਅਲ ਵਾਹਨਾਂ ਦੇ ਮਾਲਕਾਂ ਨੂੰ ਬਚਾਉਣ ਲਈ ਲਾਜ਼ਮੀ ਹਨ ਕਿਉਂਕਿ ਉਹ ਪਹਿਲਾਂ ਹੀ ਵਾਹਨ ਖਰੀਦਣ ਲਈ ਬੈਂਕਾਂ ਤੋਂ ਲਏ ਕਰਜ਼ਿਆਂ ਦੀਆਂ ਕਿਸ਼ਤਾਂ ਭਰਨ ਵਿਚ ਅਸਮਰਥ ਹਨ।
ਉਹਨਾਂ ਕਿਹਾ ਕਿ ਸਰਕਾਰ ਨੂੰ ਪ੍ਰਾਈਵੇਟ ਕਮਰਸ਼ੀਅਲ ਵਾਹਨਾਂ ਦੇ ਮਾਲਕਾਂ ਨੂੰ ਪਏ ਘਾਟੇ ਦੇ ਮੁਲਾਂਕਣ ਲਈ ਇਕ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ ਤਾਂ ਜੋ ਕਿ ਇਸ ਸੈਕਟਰ ਨੂੰ ਸੰਕਟ ਵਿਚੋਂ ਕੱਢਣ ਦੀ ਰਣਨੀਤੀ ਤਿਆਰ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਨਾਲ ਹੀ ਈ ਰਿਕਸ਼ਾ ਸਮੇਤ ਸਾਰੇ ਰਿਕਸ਼ਾ ਡਰਾਈਵਰਾਂ ਜੋ ਲਾਕ ਡਾਊਨ ਦੇ ਅਰਸੇ ਦੌਰਾਨ ਕਮਾਈ ਕਰਨ ਵਿਚ ਅਸਮਰਥ ਰਹੇ ਹਨ, ਨੂੰ ਵੀ 2500 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਰਾਹਤ ਦੇਣੀ ਚਾਹੀਦੀ ਹੈ।