Punjab
ਪੀ.ਐਮ. ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ ਲਈ ਈ-ਕੇ.ਵਾਈ.ਸੀ ਕਰਵਾਉਣੀ ਜ਼ਰੂਰੀ : ਮੁੱਖ ਖੇਤੀਬਾੜੀ ਅਫ਼ਸਰ
ਪਟਿਆਲਾ:
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਪੀ.ਐਮ.ਕਿਸਾਨ ਸਨਮਾਨ ਨਿਧੀ ਸਕੀਮ ਅਧੀਨ ਲਾਭ ਲੈਣ ਵਾਲੇ ਲਾਭਪਾਤਰੀਆਂ ਦੀ ਈ-ਕੇ.ਵਾਈ.ਸੀ ਨਿਸ਼ਚਿਤ ਕਰਵਾਉਣ ਦੀ ਆਖਰੀ ਮਿਤੀ 7 ਸਤੰਬਰ 2022 ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਿਤੀ ਤੱਕ ਕਿਸਾਨ ਆਪਣੀ ਈ-ਕੇ.ਵਾਈ.ਸੀ ਜ਼ਰੂਰ ਕਰਵਾਉਣ, ਅਜਿਹਾ ਨਾ ਕਰਨ ਦੀ ਸੂਰਤ ਵਿਚ ਇਸ ਸਕੀਮ ਅਧੀਨ ਮਿਲਣ ਵਾਲੀ ਵਿੱਤੀ ਰਾਸ਼ੀ ਬੰਦ ਹੋ ਜਾਵੇਗੀ ਅਤੇ ਲਾਭਪਾਤਰੀ ਦੇ ਤੌਰ ਉਤੇ ਨਾਮ ਕੱਟਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 1 ਲੱਖ 18 ਹਜ਼ਾਰ 327 ਲਾਭਪਾਤਰੀਆਂ ਵਿਚੋਂ 54 ਹਜ਼ਾਰ 342 ਲਾਭਪਾਤਰੀਆਂ ਨੇ ਹੀ ਈ-ਕੇ.ਵਾਈ.ਸੀ ਕਰਵਾਈ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਈ-ਕੇ.ਵਾਈ.ਸੀ ਕਰਵਾਉਣ ਦੀ ਵਿੱਧੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਵੈਬਸਾਈਟ www.pmkisan.gov.in ਉਤੇ ਜਾਂ ਫੇਰ ਕਾਮਨ ਸਰਵਿਸ ਸੈਂਟਰਾਂ ਰਾਹੀਂ ਜਾਂ ਮੋਬਾਇਲ ਐਪ ਰਾਹੀਂ 7 ਸਤੰਬਰ 2022 ਤੱਕ ਇਹ ਕੰਮ ਮੁਕੰਮਲ ਕਰ ਸਕਦੇ ਹਨ ਅਤੇ ਕਿਸਾਨਾਂ ਦੇ ਆਧਾਰ ਨਾਲ ਲਿੰਕ ਮੋਬਾਇਲ ਉਪਰ ਓ.ਟੀ.ਪੀ ਆਉਣ ਉਪਰੰਤ ਈ-ਕੇ.ਵਾਈ.ਸੀ ਮੁਕੰਮਲ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਸਕੱਤਰ ਖੇਤੀਬਾੜੀ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨ ਮੁੱਖ ਖੇਤੀਬਾੜੀ ਅਫ਼ਸਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਇਸ ਕੰਮ ਨੂੰ ਕਰਵਾਉਣ ਲਈ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਆਪਣੀ ਈ-ਕੇ.ਵਾਈ.ਸੀ. 7 ਸਤੰਬਰ ਤੋਂ ਪਹਿਲਾਂ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਜਾਂਦੀ ਵਿੱਤੀ ਰਾਸ਼ੀ ਨੂੰ ਜਾਰੀ ਰੱਖਣ ਲਈ ਕਿਸਾਨ ਸਮੇਂ ਰਹਿੰਦਿਆਂ ਤਰਜੀਹੀ ਤੌਰ ਉਤੇ ਈ-ਕੇ.ਵਾਈ.ਸੀ. ਕਰਵਾਉਣਾ ਯਕੀਨੀ ਬਣਾਉਣ।