Punjab
ਪਾਕਿਸਤਾਨੀ ਕੁੜੀ ਇਕਰਾ ਨੂੰ ਆਨਲਾਈਨ ਲੂਡੋ ਖੇਡਦੇ ਹੋਏ ਯੂਪੀ ਦੇ ਮੁਲਾਇਮ ਨਾਲ ਹੋਇਆ ਪਿਆਰ

19 ਸਾਲਾ ਪਾਕਿਸਤਾਨੀ ਮੁਟਿਆਰ ਇਕਰਾ ਜਿਵਾਨੀ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਫੜ ਕੇ ਵਾਪਸ ਪਾਕਿਸਤਾਨ ਭੇਜ ਦਿੱਤਾ ਹੈ। ਬੀਐਸਐਫ ਜਵਾਨਾਂ ਨੇ ਇਕਰਾ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਹੈ। ਇਕਰਾ ਯੂਪੀ ਵਿਚ ਰਹਿੰਦੇ ਆਪਣੇ ਬੁਆਏਫ੍ਰੈਂਡ ਨੂੰ ਮਿਲਣ ਲਈ ਨੇਪਾਲ ਦੇ ਰਸਤੇ ਭਾਰਤ ਆਈ ਸੀ।
ਜਾਣਕਾਰੀ ਮੁਤਾਬਕ ਇਕਰਾ ਪਾਕਿਸਤਾਨ ਦੇ ਹੈਦਰਾਬਾਦ ਦੀ ਰਹਿਣ ਵਾਲੀ ਹੈ। ਆਨਲਾਈਨ ਲੂਡੋ ਖੇਡਦੇ ਹੋਏ ਉਸ ਨੂੰ ਯੂਪੀ ਦੇ ਨੌਜਵਾਨ ਮੁਲਾਇਮ ਸਿੰਘ ਨਾਲ ਪਿਆਰ ਹੋ ਗਿਆ। ਉਹ ਮੁਲਾਇਮ ਦੇ ਪਿਆਰ ਵਿੱਚ ਇੰਨੀ ਅੰਨ੍ਹੀ ਹੋ ਗਈ ਕਿ ਉਹ ਨੇਪਾਲ ਦੇ ਰਸਤੇ ਭਾਰਤ ਪਹੁੰਚ ਗਈ। ਹਾਲਾਂਕਿ ਉਸ ਨੇ ਵੀਜ਼ਾ ਲਈ ਅਪਲਾਈ ਵੀ ਕੀਤਾ ਸੀ ਪਰ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਨੇਪਾਲ ਦੇ ਰਸਤੇ ਭਾਰਤ ਆਉਣ ਦਾ ਫੈਸਲਾ ਕੀਤਾ ਅਤੇ ਭਾਰਤ ਆ ਕੇ ਵਿਆਹ ਕਰਵਾ ਲਿਆ।
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਕਰਾ 19 ਸਤੰਬਰ 2022 ਨੂੰ ਪਾਕਿਸਤਾਨ ਤੋਂ ਫਲਾਈਟ ਰਾਹੀਂ ਨੇਪਾਲ ਦੇ ਕਾਠਮੰਡੂ ਹਵਾਈ ਅੱਡੇ ‘ਤੇ ਪਹੁੰਚੀ ਸੀ। ਮੁਲਾਇਮ ਉੱਥੇ ਉਸ ਨੂੰ ਲੈਣ ਗਏ ਅਤੇ ਉੱਥੇ ਦੋਵਾਂ ਨੇ ਵਿਆਹ ਕਰਵਾ ਲਿਆ। ਦੋਵੇਂ ਕਰੀਬ ਇੱਕ ਹਫ਼ਤਾ ਨੇਪਾਲ ਵਿੱਚ ਰਹੇ ਅਤੇ ਬਾਅਦ ਵਿੱਚ ਸੋਨਾਲੀ ਬਾਰਡਰ ਤੋਂ ਭਾਰਤ ਆ ਗਏ। ਦੋਵੇਂ ਬੈਂਗਲੁਰੂ ਵਿੱਚ ਇੱਕ ਲੇਬਰ ਕੁਆਰਟਰ ਵਿੱਚ ਰਹਿਣ ਲੱਗੇ। ਪੁਲਿਸ ਨੇ ਇਕਰਾ ਨੂੰ ਵਿਦੇਸ਼ੀ ਰਜਿਸਟ੍ਰੇਸ਼ਨ ਦਫ਼ਤਰ ਦੇ ਹਵਾਲੇ ਕਰ ਦਿੱਤਾ।