Punjab
ਪੰਚਾਇਤ ਯੂਨੀਅਨ ਨੇ ਪੰਜਾਬ ਸਰਕਾਰ ਵਿਰੁੱਧ ਕੱਢਿਆ ਰੋਸ ਮਾਰਚ
ਪਟਿਆਲਾ : ਸਮੁੱਚੇ ਪੰਜਾਬ ਦੇ ਪੰਚ ਸਰਪੰਚਾਂ ਵੱਲੋਂ ਅੱਜ ਪੰਜਾਬ ਸਰਕਾਰ ਵਿਰੁੱਧ ਪਟਿਆਲਾ ਵਿਖੇ ਰੋਸ ਮਾਰਚ ਕੱਢਿਆ ਗਿਆ। ਇੱਥੇ ਪੰਚਾਇਤ ਯੂਨੀਅਨ ਨੇ ਖੰਡਾ ਚੌਕ ਵਿਖੇ ਧਰਨਾ ਦਿੱਤਾ ਅਤੇ ਸਾਰੀ ਆਵਾਜਾਈ ਬੰਦ ਕਰ ਦਿੱਤੀ। ਪੰਚਾਇਤ ਯੂਨੀਅਨ ਦੇ ਮੈਂਬਰਾਂ ਨੇ ਚੌਕ ਨੂੰ ਜਾਮ ਕਰ ਦਿੱਤਾ ਅਤੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਦਿੰਦਿਆਂ ਇੱਕ ਮੈਂਬਰ ਨੇ ਦੱਸਿਆ ਕਿ 23-24 ਅਗਸਤ ਨੂੰ ਪੂਰੇ ਪੰਜਾਬ ਵਿੱਚ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਜ਼ਿਲ੍ਹੇ ਦੇ ਪੰਚਾਂ-ਸਰਪੰਚਾਂ ਨੇ ਆਪਣੇ ਮੰਗ ਪੱਤਰ ਸੌਂਪੇ ਸਨ। ਸਰਪੰਚਾਂ ਅਤੇ ਪੰਚਾਂ ਦੀ ਆਮਦਨ ਉਨ੍ਹਾਂ ਦੀਆਂ ਮੰਗਾਂ ਅਨੁਸਾਰ ਵਧਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ, ਜੋ ਅੱਜ ਤੱਕ ਕਿਸੇ ਵੀ ਪੰਚਾਇਤ ਨੂੰ ਨਹੀਂ ਦਿੱਤਾ ਗਿਆ। ਇਸ ਕਾਰਨ ਇਸ ਰੋਹ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਰੋਸ ਮਾਰਚ ਕੱਢਿਆ ਜਾ ਰਿਹਾ ਹੈ।