Punjab
ਮਾਪਿਆਂ ਦੀ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਅਤੇ ਚੁਣੌਤੀਆਂ

ਅੱਜ ਦੇ ਸਮੇਂ ਵਿੱਚ ਜਦੋਂ ਜ਼ਿਆਦਾਤਰ ਬੱਚੇ ਨਸ਼ਿਆਂ ਦੇ ਆਦੀ ਹੋ ਰਹੇ ਹਨ, ਇੰਟਰਨੈੱਟ ਦੀ ਗ਼ਲਤ ਵਰਤੋਂ ਕਰ ਰਹੇ ਹਨ ਅਤੇ ਹਿੰਸਕ ਹੋ ਰਹੇ ਹਨ ਉਦੋਂ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਬੱਚਿਆਂ ਨੂੰ ਸਹੀ ਮਾਰਗ ਦਰਸ਼ਨ ਦੇਣ। ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਓਦੋਂ ਉਹ ਇੱਕ ਨਵੇਂ ਕੰਪਿਊਟਰ ਵਾਂਗ ਹੁੰਦਾ ਹੈ ਜਿਸ ਵਿੱਚ ਅਜੇ ਕੁੱਝ instal ਨਹੀਂ ਕੀਤਾ ਹੁੰਦਾ ਸਿਵਾਏ ਕੰਪਨੀ ਦੇ ਕੁੱਝ ਸਾਫਟਵੇਅਰ ਦੇ। ਇਸੇ ਤਰ੍ਹਾਂ ਨਵੇਂ ਜੰਮੇ ਬੱਚੇ ਵਿੱਚ ਵੀ ਕੇਵਲ ਪੂਰਵਲੇ ਜਨਮ ਦੇ ਸੰਸਕਾਰ ਅਤੇ ਰੱਬੀ ਗੁਣਾਂ ਦੇ ਸੰਸਕਾਰ ਹੁੰਦੇ ਹਨ। ਇਨ੍ਹਾਂ ਦੇ ਇਲਾਵਾ ਬਾਕੀ ਸੰਸਕਾਰ ਬੱਚਾ ਮਾਂ ਬਾਪ ਤੋਂ, ਸਮਾਜ ਤੋਂ ਅਤੇ ਆਪਣੇ ਅਧਿਆਪਕ ਜਾਂ ਗੁਰੂ ਤੋਂ ਲੈਂਦਾ ਹੈ ਜਿਸ ਨਾਲ ਉਸਦਾ ਪੂਰਨ ਵਿਅਕਤੀਤਵ ਬਣਦਾ ਹੈ।
ਕਈ ਵਾਰੀ ਮਾਪਿਆਂ ਤੇ ਸਮਾਜ ਤੋਂ ਇੰਨੇ ਮਾੜੇ ਸੰਸਕਾਰ ਮਿਲਦੇ ਹਨ ਕਿ ਬੱਚਾ ਰੱਬੀ ਗੁਣਾਂ ਦੇ ਸੰਸਕਾਰ(ਪਿਆਰ, ਸ਼ਾਂਤੀ, ਪਵਿੱਤਰਤਾ, ਆਨੰਦ ਅਤੇ ਗਿਆਨ) ਨੂੰ ਭੁੱਲ ਹੀ ਜਾਂਦਾ ਹੈ। ਬੱਚੇ ਦੇ ਮਨ ਦੀ programming ਰੱਬੀ ਗੁਣਾਂ ਦੇ ਉਲਟ ਨਫ਼ਰਤ, ਹਿੰਸਕ, ਅਪਵਿੱਤਰ, ਦੁਖੀ ਅਤੇ ਅਗਿਆਨਤਾ ਵਾਲੀ ਹੋ ਜਾਂਦੀ ਹੈ। ਇਹ ਮਾਪਿਆਂ ਦੀ ਗ਼ਲਤ ਪਰਵਰਿਸ਼ ਤੇ ਮਾੜੀ ਸੰਗਤ ਕਾਰਨ ਹੁੰਦੀ ਹੈ। ਚੰਗੇ ਮਾਪੇ ਅਤੇ ਚੰਗੇ ਅਧਿਆਪਕ ਬੁਰੇ ਸੰਸਕਾਰਾਂ ਨੂੰ ਮੁੜ ਰੱਬੀ ਗੁਣਾਂ ਵਾਲੇ ਸੰਸਕਾਰਾਂ ਵਿੱਚ ਬਦਲ ਸਕਦੇ ਹਨ। ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਦੇ ਮਨ ਦੀ programming ਗਰਭ ਧਾਰਨ ਕਰਨ ਤੋਂ ਆਰੰਭ ਕਰ ਦੇਣ।
ਜਦੋਂ ਮਾਂ ਗਰਭ ਧਾਰਨ ਕਰਦੀ ਹੈ ਤਾਂ ਉਸ ਤੋਂ ਤੁਰੰਤ ਬਾਅਦ ਹੀ parenting ਸੰਬੰਧੀ ਚੰਗੀਆਂ ਕਿਤਾਬਾਂ ਵੀ ਪੜ੍ਹਣੀਆਂ ਚਾਹੀਦੀਆਂ ਹਨ। ਇਸ ਸਮੇਂ ਪਿਤਾ ਨੂੰ ਵੀ ਚਾਹੀਦਾ ਹੈ ਕਿ ਉਹ ਮਾਂਨੂੰ ਇਹੋ ਜਿਹਾ ਮਾਹੌਲ ਮੁੱਹਈਆ ਕਰਵਾਏ ਜਿਸ ਨਾਲ ਪੈਦਾ ਹੋਣ ਵਾਲੇ ਬੱਚੇ ਦਾ ਗਰਭ ਤੋਂ ਹੀ ਚਰਿੱਤਰ ਨਿਰਮਾਣ ਹੋ ਸਕੇ।
ਸ਼੍ਰੋਮਣੀ ਗਰੂਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਲਈ ਸ਼ਲਾਘਾ ਕਰਨੀ ਬਣਦੀ ਹੈ ਕਿ ਉਸਨੇ ਇਸ ਸੰਬੰਧ ਵਿੱਚ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਹੈ। ਬੱਚੇ ਦੇ ਪੈਦਾ ਹੋਣ ਤੋਂ ਬਾਅਦ ਮਾਪਿਆਂ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਵਧ ਜਾਂਦੀ ਹੈ। ਪਤੀ ਪਤਨੀ ਨੂੰ ਗੁੱਸੇ, ਨਫ਼ਰਤ ਅਤੇ ਹਿੰਸਾ ਵਾਲੇ ਮਾਹੌਲ ਨੂੰ ਘਰ ਦੇ ਨੇੜੇ ਵੀ ਨਹੀਂ ਆਉਣ ਦੇਣਾ ਚਾਹੀਦਾ ਸਗੋਂ, ਪਿਆਰ, ਸ਼ਾਂਤੀ, ਪਵਿੱਤਰਤਾ, ਆਨੰਦ ਅਤੇ ਗਿਆਨ ਵਰਗੇ ਰੱਬੀ ਗੁਣਾਂ ਨੂੰ ਬੱਚੇ ਦੇ ਆਸ ਪਾਸ ਰੱਖਣਾ ਚਾਹੀਦਾ ਭਾਵ ਆਪਸ ਵਿੱਚ ਗੁੱਸੇ, ਅਸ਼ਾਂਤੀ (ਗਾਲ੍ਹੀ ਗਲੋਚ), ਨਫ਼ਰਤ ਅਤੇ ਹਿੰਸਾ ਵਾਲਾ ਵਰਤਾਓ ਨਹੀਂ ਕਰਨਾ ਚਾਹੀਦਾ ।
ਤੁਹਾਨੂੰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਵਰਤਾਓ ਨਾਲ ਬੱਚੇ ਦੇ ਮਨ ਦੀ ਮੁੱਢਲੀ programming ਹੋਣੀ ਹੈ। ਉਸ ਤੋਂ ਬਾਅਦ ਬੱਚੇ ਦਾ ਸਕੂਲ ਚੁਣਨ ਤੋਂ ਪਹਿਲਾਂ ਇਹ ਜ਼ਰੂਰ ਜਾਣ ਲੈਣਾ ਚਾਹੀਦਾ ਹੈ ਕਿ ਸਕੂਲ ਵਿੱਚ ਜੀਵਨ ਜਾਚ ਸਿਖਾਈ ਜਾਂਦੀ ਹੈ ਜਾਂ ਨਹੀਂ। ਸਕੂਲ ਵੱਲੋਂ ਬੱਚੇ ਨੂੰ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਤੌਰ ‘ਤੇ ਮਜ਼ਬੂਤ ਕਰਨ ਲਈ ਗਤੀਵਿਧੀਆਂ ਕਾਰਵਾਈਆਂ ਜਾਂਦੀਆਂ ਹਨ ਜਾਂ ਨਹੀਂ। ਇਸਦੇ ਨਾਲ ਹੀ ਇਹ ਵੀ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਬੱਚਾ ਕਿਹੋ ਜਿਹੇ ਬੱਚਿਆਂ ਦੀ ਸੰਗਤ ਕਰਦਾ ਹੈ। ਮਾਂ ਬਾਪ ਵੱਲੋਂ ਬੱਚੇ ਨੂੰ ਹਰ ਰੋਜ਼ ਕੁੱਝ ਸਮਾਂ ਦੇਣਾ ਚਾਹੀਦਾ ਹੈ ਜਿਸ ਵਿੱਚ ਉਸ ਨਾਲ ਗਿਆਨ ਵਾਲੀਆਂ ਅਤੇ ਉਸਾਰੂ ਗੱਲਾਂ ਕੀਤੀਆਂ ਜਾਣ ਪਰ ਬੱਚੇ ਨੂੰ ਇਸ ਢੰਗ ਨਾਲ ਸਿਖਾਇਆ ਜਾਣਾ ਚਾਹੀਦਾ ਹੈ ਕਿ ਉਸਨੂੰ ਇੰਝ ਨਾ ਲੱਗੇ ਕਿ ਮੇਰੇ ਉੱਪਰ ਕੁੱਝ ਥੋਪਿਆ ਜਾ ਰਿਹਾ ਹੈ। ਇਹ ਸਭ ਉਦਾਹਰਣਾਂ ਦੇ ਕੇ ਜਾਂ ਕਹਾਣੀਆਂ ਸੁਣਾ ਕੇ ਕੀਤਾ ਜਾਣਾ ਵਧੇਰੇ ਕਾਰਗਰ ਸਾਬਤ ਹੁੰਦਾ ਹੈ।
ਜੇਕਰ ਤੁਸੀਂ ਬੱਚੇ ਨੂੰ ਉੱਪਰ ਦੱਸੇ ਰੱਬੀ ਗੁਣਾਂ ਨਾਲ ਪਾਲਦੇ ਹੋ ਤਾਂ ਉਹ ਨਾ ਤਾਂ ਨਸ਼ੇ ਦਾ ਆਦੀ ਹੋਵੇਗਾ ਅਤੇ ਨਾ ਹੀਂ ਇੰਟਰਨੈੱਟ ਦਾ ਉਹ ਵੱਧ ਤੋਂ ਵੱਧ ਸਮਾਂ ਤੁਹਾਡੇ ਨਾਲ ਗੁਜ਼ਾਰਨਾ ਚਾਹੇਗਾ। ਅਗਰ ਤੁਹਾਡੀ ਅਣਦੇਖੀ ਕਾਰਨ ਤੁਹਾਡਾ ਬੱਚਾ ਨਸ਼ੇ ਦਾ ਆਦੀ ਹੋ ਗਿਆ ਹੈ ਜਾਂ ਇੰਟਰਨੈੱਟ ਉੱਪਰ ਕਾਮੁਕ ਫਿਲਮਾਂ ਦੇਖਣ ਲੱਗ ਗਿਆ ਹੈ ਅਤੇ ਤੁਹਾਨੂੰ ਇਸਦਾ ਇਲਮ ਹੋ ਗਿਆ ਹੈ ਤਾਂ ਬੱਚੇ ਨੂੰ ਗੁੱਸੇ ਨਾਲ ਇਨ੍ਹਾਂ ਚੀਜਾਂ ਤੋਂ ਨਹੀਂ ਰੋਕਿਆ ਜਾ ਸਕਦਾ ਸਗੋਂ ਪਿਆਰ ਨਾਲ ਇਨ੍ਹਾਂ ਚੀਜਾਂ ਦੇ ਨੁਕਸਾਨ ਬਾਰੇ ਦੱਸ ਕੇ ਰੋਕਿਆ ਜਾ ਸਕਦਾ ਹੈ।
ਨਸ਼ੇ ਦਾ ਆਦੀ, ਕਾਮੁਕ ਬਿਰਤੀ ਅਤੇ ਹਿੰਸਕ ਸੁਭਾਅ ਬੱਚੇ ਦਾ ਬਣਦਾ ਹੀ ਓਦੋਂ ਹੈ ਜਦੋਂ ਉਹਨੂੰ ਪਿਆਰ ਨਹੀਂ ਮਿਲਦਾ ਅਤੇ ਰੱਬੀ ਗੁਣ ਮਨਫੀ ਹੋ ਜਾਂਦੇ ਹਨ। ਮਾਪਿਆਂ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਤੁਹਾਡਾ ਵਰਤਾਓ ਅਤੇ ਤੁਹਾਡਾ ਚਰਿੱਤਰ ਹੀ ਬੱਚੇ ਦੇ ਵਿਅਕਤੀਤਵ ਦੀ programming ਕਰਦਾ ਹੈ। ਜੇਕਰ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਬੱਚੇ ਨੂੰ ਸ਼ਰਾਬ ਪੀਣ ਤੋਂ ਨਹੀਂ ਰੋਕ ਸਕਦੇ। ਇਸ ਲਈ ਬੱਚੇ ਦਾ ਵਧੀਆ ਵਿਅਕਤੀਤਵ ਬਣਾਉਣ ਲਈ ਆਦਰਸ਼ ਮਾਂ ਬਾਪ ਬਣਨ ਦੀ ਲੋੜ ਹੈ।