Connect with us

Sports

Paris Olympic 2024 : ਖੇਡਾਂ ਪ੍ਰਤੀ ਸਾਡੀ ਸੋਚ ਕਿੱਥੇ ਖੜ੍ਹੀ ?

Published

on

ਕੋਈ ਵੀ ਵਿਦਿਅਕ ਅਦਾਰਾ ਅਜਿਹਾ ਨਹੀਂ ਜੋ ਇੱਕ ਚੰਗੇ ਖਿਡਾਰੀ ਨੂੰ ਇਸ ਗੱਲ ਦੀ ਗਰੰਟੀ ਦੇ ਦੇਵੇ ਕਿ ਤੂੰ ਜਾ ਕੇ ਆਪਣੀ ਖੇਡ ਤੇ ਧਿਆਨ ਦੇ… ਉਸ ਨੂੰ ਸੁਧਾਰ… ਬਿਹਤਰ ਕਰ… ਅਤੇ ਬਾਕੀ ਸਾਰੀਆਂ ਫਾਰਮੈਲਟੀਆਂ ਅਸੀਂ ਆਪ ਵੇਖ ਲਵਾਂਗੇ…

ਗਗਨਦੀਪ ਚੌਹਾਨ (ਨਿਊਜ਼ ਡਾਇਰੈਕਟਰ, ਵਰਲਡ ਪੰਜਾਬੀ ਟੀਵੀ)

21 ਦਿਨਾਂ ਲਈ ਚੱਲਿਆ ਖੇਡਾਂ ਦਾ ਮਹਾਕੁੰਭ ਪੈਰਿਸ ਓਲੰਪਿਕਸ 2024 ਰੰਗਾਰੰਗ ਪ੍ਰੋਗਰਾਮ ਨਾਲ ਸਿਖਰਾਂ ਨੂੰ ਛੂਹ ਗਿਆ। ਪੈਰਿਸ ਓਲੰਪਿਕਸ ਦੇ ਪ੍ਰਬੰਧ ਦੇ ਨਾਲ ਹੀ ਇਸ ਦੀਆਂ ਕੁੱਝ ਯਾਦਗਾਰ ਤਸਵੀਰਾਂ ਵੀ ਹਰ ਖੇਡ ਪ੍ਰੇਮੀ ਦੇ ਜ਼ਹਿਨ ‘ਤੇ ਛਾਈਆ ਰਹਿਣਗੀਆਂ। ਫਿਰ ਜ਼ਿਕਰ ਭਾਵੇਂ ਪੈਰਿਸ ਓਲੰਪਿਕਸ ਦੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਚ ਤੁਰਕੀਏ ਦੇ ਨਿਸ਼ਾਨੇਬਾਜ਼ ਦਾ ਕੂਲ ਅੰਦਾਜ਼ ਹੋਵੇ, ਅਲਜੀਰੀਆ ਦੀ ਮੁੱਕੇਬਾਜ਼ ਇਮਾਨ ਖਲੀਫ਼ ਦੇ ਮਰਦਾਨਾ ਮੁੱਕਿਆਂ ਦੀ ਚਰਚਾ ਹੋਵੇ ਜਾਂ ਪੈਰਿਸ ਓਲੰਪਿਕਸ ਦੀਆਂ ਖੇਡਾਂ ‘ਚ ਬਣੇ ਹੋਏ ਨਵੇਂ ਰਿਕਾਰਡਾਂ ਦਾ ਜ਼ਿਕਰ ਹੋਵੇ, ਬਹੁਤ ਕੁੱਝ ਅਜਿਹਾ ਹੈ ਜੋ ਲੰਮੇ ਚਿਰ ਤੱਕ ਕਾਇਮ ਰਹਿਣ ਵਾਲਾ ਹੈ।

ਅਬਾਦੀ 140 ਕਰੋੜ, ਤਗਮੇ ਸਿਰਫ 6..

ਹਾਲਾਂਕਿ ਪੈਰਿਸ ਓਲੰਪਿਕਸ ਨੂੰ ਲੈ ਕੇ ਸਾਡੇ ਮੁਲਕ ‘ਚ ਕਈ ਚਰਚਾਵਾਂ ਚਲ ਰਹੀਆਂ ਹਨ। 6 ਤਗਮਿਆਂ ਦੇ ਨਾਲ ਆਪਣੇ ਪੈਰਿਸ ਓਲੰਪਿਕਸ ਦੇ ਸਫ਼ਰ ਨੂੰ ਸਿਖਰ ‘ਤੇ ਪਹੁੰਚਾਉਣ ਵਾਲੇ ਭਾਰਤੀ ਵਫ਼ਦ ਦੀ ਤੁਲਨਾ ਬਾਕੀ ਘੱਟ ਆਬਾਦੀ ਵਾਲੇ ਮੁਲਕਾਂ ਵੱਲੋਂ ਜਿੱਤੇ ਗਏ ਤਗਮਿਆਂ ਦੇ ਨਾਲ ਕਰਨ ਦਾ ਟ੍ਰੈਂਡ ਵੀ ਸੋਸ਼ਲ ਮੀਡੀਆ ‘ਤੇ ਜਾਰੀ ਹੈ। ਤਰਕ ਬਹੁਤ ਸਿੱਧਾ ਅਤੇ ਸਪੱਸ਼ਟ ਹੈ ਕਿ ਚਾਰ ਸਾਲਾਂ ਦੇ ਬਾਅਦ ਅਸੀਂ ਆਪਣੀ 140 ਕਰੋੜ ਦੀ ਆਬਾਦੀ ਚੋਂ ਇੰਨ੍ਹੇ ਖਿਡਾਰੀ ਵੀ ਤਿਆਰ ਨਹੀਂ ਕਰ ਪਾਏ ਕਿ ਸਾਡੇ ਤਗਮਿਆਂ ਦੀ ਗਿਣਤੀ ਦਹਾਈ ਦੇ ਅੰਕੜੇ ਨੂੰ ਛੂਹ ਪਾਉਂਦੀ। ਸੁਣਨ ਚ ਵਾਜਿਬ ਵੀ ਲੱਗਦਾ ਹੈ। 140 ਕਰੋੜ ਦੀ ਅਬਾਦੀ ਲਈ 6 ਤਗਮੇ.. ਉਹ ਵੀ ਸੋਨੇ ਤੋਂ ਬਿਨਾਂ। ਹਜ਼ਮ ਤਾਂ ਨਹੀਂ ਹੁੰਦਾ। ਪਰ ਉਨ੍ਹਾਂ ਹੀ ਕੌੜਾ ਸੱਚ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਟੋਕਿਓ ਓਲੰਪਿਕਸ ਨੂੰ ਛੱਡ ਦਿੱਤਾ ਜਾਵੇ ਤਾਂ ਕਿਸੇ ਵੀ ਓਲੰਪਿਕਸ ਮੁਕਾਬਲੇ ‘ਚ ਅਸੀਂ ਇੱਥੇ ਤੱਕ ਵੀ ਨਹੀਂ ਸਨ ਪਹੁੰਚ ਪਾਏ। ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਨੇ ਇੱਕੋ ਦਮ ਕਾਇਆ ਪਲਟ ਕਰ ਦਿੱਤੀ ਹੈ। ਪੈਰਿਸ ਓਲੰਪਿਕਸ ‘ਚ ਚਰਚਾ ਦਾ ਵਿਸ਼ਾ ਬਣੇ ਖਿਡਾਰੀਆਂ ਦਾ ਪ੍ਰਦਰਸ਼ਨ ਅਤੇ ਉਨ੍ਹਾਂ ਦਾ ਇੱਥੇ ਤੱਕ ਦਾ ਸਫ਼ਰ ਆਪਣੇ ਆਪ ‘ਚ ਸਬੂਤ ਹੈ ਉਸ ਸੰਘਰਸ਼ ਦਾ ਜਿਸ ਨੂੰ ਸਰ ਕਰਕੇ ਇਹ ਇੱਥੇ ਤੱਕ ਪਹੁੰਚਦੇ ਨੇ।

ਇਮਾਨ ਖਲੀਫ ਨੇ ਜਿੱਤਿਆ ਗੋਲਡ 

ਤੁਰਕੀ ਦੇ ਜਿਸ ਨਿਸ਼ਾਨੇਬਾਜ਼ ਨੂੰ ਮਿਸਟਰ ਕੂਲ ਵਾਂਗ ਵੇਖਿਆ ਜਾ ਰਿਹਾ ਹੈ… ਉਹ ਇਸ ਤੋਂ ਪਹਿਲਾਂ ਕਿੰਨੇ ਓਲੰਪਿਕਸ ਖੇਡ ਚੁੱਕਿਆ ਹੈ ਇਹ ਵੀ ਜਾਣ ਲੈਣਾ ਜ਼ਰੂਰੀ ਹੈ। ਇਮਾਨ ਖਲੀਫ ਨਾਂ ਦੀ/ਦੇ ਜਿਸ ਮੁੱਕੇਬਾਜ਼ ਦੇ ਲਿੰਗ ਬਾਰੇ ਵਿਵਾਦ ਹੋਇਆ ਅਤੇ ਚਰਚਾਵਾਂ ਹੋਈਆਂ… ਉਸ ਦਾ ਇੱਕ ਪੱਖ ਇਹ ਵੀ ਹੈ ਕਿ ਉਹ ਖੁਦ ਇੱਥੇ ਤੱਕ ਪਹੁੰਚਣ ਲਈ ਕਾਫੀ ਜੱਦੋਜਹਿਦ ਕਰ ਚੁੱਕੀ ਹੈ। ਇਸ ਦੇ ਨਾਲ ਨਾਲ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਪੈਰਿਸ ਓਲੰਪਿਕਸ ‘ਚ ਭਾਰਤੀ ਵਫਦ ਦੇ ਕਈ ਖਿਡਾਰੀ ਅਜਿਹੇ ਵੀ ਰਹੇ ਜਿਹੜੇ ਚੌਥੀ ਥਾਂ ਤੱਕ ਪਹੁੰਚ ਗਏ। ਯਾਨੀ ਤਗਮੇ ਵਾਲੇ ਪੋਡੀਅਮ ਤੋਂ ਸਿਰਫ ਇੱਕ ਕਦਮ ਦੂਰ। ਦਰਅਸਲ ਇਸ ਸਾਰੀ ਤਸਵੀਰ ਨੂੰ ਸਮਝਣ ਲਈ ਕੈਨਵਸ ਥੋੜਾ ਵੱਡਾ ਕਰਨ ਦੀ ਲੋੜ ਹੈ।

 ਸਰਕਾਰਾਂ ਹੀ ਨਹੀਂ ਸਮਾਜ ਵੀ ਜ਼ਿੰਮੇਵਾਰ

ਦੇਸ਼ ਅੰਦਰ ਖੇਡਾਂ ਪ੍ਰਤੀ ਸਰਕਾਰ ਦੇ ਰੁਝਾਨ ਨੂੰ ਤਾਂ ਬਾਅਦ ‘ਚ ਵਿਚਾਰਾਂਗੇ ਪਹਿਲਾਂ ਅਸੀਂ ਜੇਕਰ ਆਪਣੇ ਆਪ ਨੂੰ ਫੋਲੀਏ ਤਾਂ ਕਿੰਨੇ ਕੁ ਮਾਪੇ ਜਾਂ ਪਰਿਵਾਰ ਅਜਿਹੇ ਨੇ ਜੋ ਇਹ ਚਾਹੁੰਦੇ ਨੇ ਕਿ ਆਪਣੀ ਅਗਲੀ ਪੀੜ੍ਹੀ ਨੂੰ ਉਹ ਖੇਡਾਂ ਦੇ ਮੈਦਾਨ ਪ੍ਰਤੀ ਸਮਰਪਿਤ ਕਰਨ ਲਈ ਤਿਆਰ ਨੇ। ਇੱਥੋਂ ਤੱਕ ਕਿ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀ ਪੱਧਰ ਦੇ ਖਿਡਾਰੀਆਂ ‘ਤੇ ਵੀ ਨਾਲ ਨਾਲ ਸਿੱਖਿਆ ਦੇ ਖੇਤਰ ‘ਚ ਆਪਣੀਆਂ ਪ੍ਰੀਖਿਆਵਾਂ ਨੂੰ ਪਾਸ ਕਰਨ ਦਾ ਦਬਾਅ ਵੀ ਲਗਾਤਾਰ ਬਰਕਰਾਰ ਹੈ। ਕੋਈ ਵੀ ਵਿਦਿਅਕ ਅਦਾਰਾ ਅਜਿਹਾ ਨਹੀਂ ਜੋ ਇੱਕ ਚੰਗੇ ਖਿਡਾਰੀ ਨੂੰ ਇਸ ਗੱਲ ਦੀ ਗਰੰਟੀ ਦੇ ਦੇਵੇ ਕਿ ਤੂੰ ਜਾ ਕੇ ਆਪਣੀ ਖੇਡ ‘ਤੇ ਧਿਆਨ ਦੇ… ਉਸ ਨੂੰ ਸੁਧਾਰ… ਬਿਹਤਰ ਕਰ… ਅਤੇ ਬਾਕੀ ਸਾਰੀਆਂ ਫਾਰਮੈਲਟੀਆਂ ਅਸੀਂ ਆਪ ਵੇਖ ਲਵਾਂਗੇ। ਸਿਰਫ ਵਿਦਿਅਕ ਅਦਾਰੇ ਹੀ ਨਹੀਂ ਸਗੋਂ ਪਰਿਵਾਰਾਂ ‘ਚ ਵੀ ਖੇਡ ਚ ਰੂਚੀ ਵਿਖਾਉਣ ਵਾਲੇ ਬੱਚੇ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਲਗਾਤਾਰ ਹੁੰਦੀ ਹੈ… ਕਿ ਇਕੱਲ੍ਹੀ ਖੇਡ ਦੇ ਨਾਲ ਕੁੱਝ ਨਹੀਂ ਬਣਨਾ, ਪੜ੍ਹਨਾ ਤਾਂ ਪੈਣਾ ਹੀ ਹੈ। ਇਹ ਸੋਚ ਦਰਅਸਲ ਉਸ ਸਿਸਟਮ ਦੀ ਦੇਣ ਹੈ ਜਿਸ ਨੂੰ ਵੇਖ ਕੇ ਅਸੀਂ ਉਮਰ ਦੇ ਇੱਕ ਪੜਾਅ ਤੱਕ ਪਹੁੰਚੇ ਹਾਂ। ਅਜਿਹਾ ਸਿਸਟਮ ਜਿਸ ‘ਚ ਕਿੰਨੇ ਹੀ ਹੁਨਰਮੰਦ ਖਿਡਾਰੀਆਂ ਨੂੰ ਸਹੂਲਤਾਂ ਜਾਂ ਮੌਕਿਆਂ ਦੀ ਘਾਟ ‘ਚ ਫਿਰ ਅਜਿਹੇ ਕੰਮ ਕਰਦਿਆਂ ਵੇਖਿਆ ਜਿਸ ਲਈ ਉਹ ਨਹੀਂ ਸਨ ਬਣੇ। ਕਿਸੇ ਨੂੰ ਮਜ਼ਦੂਰੀ ਕਰਨੀ ਪਈ, ਕੋਈ ਸਬਜ਼ੀਆਂ ਵੇਚ ਰਿਹਾ ਹੈ, ਕੋਈ ਬਿਚਾਰਗੀ ਤੋਂ ਨਿਕਲਣ ਲਈ ਕਿਸੇ ਸਕੂਲ ‘ਚ ਕੋਚ ਬਣ ਗਿਆ, ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ। ਇਹ ਵੀ ਇੱਕ ਸੱਚ ਹੈ ਕਿ ਇਸ ਸਿਸਟਮ ਨੂੰ ਬਣਾਉਣ ਵਾਲਿਆਂ ‘ਚ ਇੱਕ ਹਿੱਸਾ ਅਸੀਂ ਵੀ ਹਾਂ। ਕੋਈ ਵੀ ਸਿਸਟਮ ਸਿਰਫ ਸਰਕਾਰ ਦੀ ਦੇਣ ਨਹੀਂ ਹੁੰਦਾ। ਉਸ ਨੂੰ ਸਵੀਕਾਰ ਕਰਨ ਵਾਲਾ ਸਮਾਜ ਵੀ ਉਸ ਦੇ ਨਿਰਮਾਤਾ ਜਾਂ ਉਸ ਦੇ ਹਿੱਸੇਦਾਰ ਵੱਜੋਂ ਅਹਿਮ ਰੋਲ ਅਦਾ ਕਰਦਾ ਹੈ। ਅਸੀਂ ਬਹੁਤੇ ਹਲਾਤ ਤੋਂ ਸਿਰਫ਼ ਇਹ ਕਹਿ ਕੇ ਪੱਲਾ ਝਾੜ ਲਿਆ ਜਾਂ ਆਪਣੇ ਫਰਜ਼ਾਂ ਤੋਂ ਪਾਸਾ ਵੱਟ ਲਿਆ ਕਿ ਇਹ ਤਾਂ ਸਰਕਾਰਾਂ ਨੇ ਕਰਨਾ ਸੀ। ਕੌੜਾ ਲੱਗ ਸਕਦਾ ਹੈ… ਪਰ ਜੇਕਰ ਸਾਰਾ ਕੁੱਝ ਸਰਕਾਰਾਂ ਨੇ ਹੀ ਕਰਨਾ ਸੀ ਤਾਂ ਫਿਰ ਪੈਰਿਸ ਓਲੰਪਿਕਸ ‘ਚ ਜਿੱਤ ਜਾਂ ਹਾਰ ਦਾ ਜਸ਼ਨ ਵੀ ਸਰਕਾਰਾਂ ਨੂੰ ਹੀ ਮਨਾ ਲੈਣ ਦਿਓ। ਫਿਰ ਕਿਉਂ ਕਿਸੇ ਵੀ ਕਾਮਯਾਬ ਖਿਡਾਰੀ ਦੇ ਨਾਲ ਤਸਵੀਰਾਂ ਖਿਚਾਉਣ ਲਈ ਘੰਟਿਆਂ ਬੱਧੀ ਉਡੀਕ ਕਰ ਰਹੇ ਹੋ। ਇਹ ਅਜੀਬ ਲੱਗ ਸਕਦਾ ਹੈ। ਪਰ ਸੱਚ ਇਹ ਹੈ ਕਿ ਸਰਕਾਰਾਂ ਦਾ ਜੋ ਫਰਜ਼ ਹੈ ਉਹ ਉਸ ਨੂੰ ਨਿਭਾਉਣ ਜਾਂ ਨਾ ਨਿਭਾਉਣ, ਆਪਣੇ ਖਿਡਾਰੀਆਂ ਦੇ ਲਈ ਇੱਕ ਸਮਾਜ ਦੇ ਰੂਪ ‘ਚ ਜੋ ਸਨਮਾਨ ਅਸੀਂ ਉਨ੍ਹਾਂ ਨੂੰ ਜਿੱਤਾਂ ਹਾਸਿਲ ਕਰਨ ਤੋਂ ਬਾਅਦ ਦਿੰਦੇ ਹਾਂ, ਬਹੁਤ ਬਿਹਤਰ ਹੋਵੇ ਜੇ ਸਮਾਜ ਇੰਨ੍ਹਾਂ ਖਿਡਾਰੀਆਂ ਨੂੰ ਤਿਆਰੀਆਂ ਦੇ ਵੇਲੇ ਤੋਂ ਹੀ ਅਪਣਾ ਲਵੇ। ਸਰਕਾਰੀ ਸਿਸਟਮ ਦੀ ਉਡੀਕ ਕੀਤੇ ਬਿਨਾਂ ਇੰਨ੍ਹਾਂ ਖਿਡਾਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਸਮਾਜਿਕ ਪੱਧਰ ‘ਤੇ ਅਜਿਹੀ ਪਹਿਲ ਹੋਣੀ ਚਾਹੀਦੀ ਹੈ ਜਿਸ ਨਾਲ ਇੰਨ੍ਹਾਂ ਖਿਡਾਰੀਆਂ ਨੂੰ ਇਹ ਨਾ ਲੱਗੇ ਕਿ ਪੂਰੇ ਸਮਾਜ ਦਾ ਧਿਆਨ ਇਨ੍ਹਾਂ ਵੱਲ ਨਹੀਂ ਜਾਂ ਇਨ੍ਹਾਂ ਨੂੰ ਕਿਸੇ ਚੀਜ਼ ਦੀ ਘਾਟ ਹੈ।

ਅਲ਼ਾਮਤਾਂ ਤੋਂ ਬਚਾਉਣਗੀਆਂ ਖੇਡਾਂ 

ਇਹ ਸੋਚ ਵੱਖਰੀ ਜਾਪ ਸਕਦੀ ਹੈ.. ਪਰ ਇਹ ਇੱਕ ਅਜਿਹੇ ਸਮਾਜ ਦੀ ਸਿਰਜਣਾ ਵੱਲ ਪਹਿਲਾ ਕਦਮ ਬਣ ਸਕਦੀ ਹੈ ਜਿੱਥੇ ਖੇਡ ‘ਚ ਮੁਹਾਰਤ ਵਾਲੇ ਬੱਚੇ ਨੂੰ ਵੀ ਇਹ ਕਿਹਾ ਜਾ ਸਕੇ ਕਿ ਖੇਡੋਗੇ ਤਾਂ ਵੀ ਬਣ ਸਕਦੇ ਹੋ ਨਵਾਬ। ਖਿਡਾਰੀਆਂ ਨੂੰ ਸਨਮਾਨ ਦੇਣ ਦੇ ਨਾਲ ਹੀ ਛੋਟੀ ਉਮਰ ਤੋਂ ਬੱਚਿਆਂ ਅੰਦਰ ਖੇਡਾਂ ਪ੍ਰਤੀ ਰੁਚੀ ਜਗਾਉਣ ਵੱਲ ਵੀ ਨਾ ਸਿਰਫ ਸੋਚਣ ਦੀ ਲੋੜ ਹੈ ਸਗੋਂ ਇਸ ਨੂੰ ਮੂਰਤ ਰੂਪ ਦੇਣਾ ਲਾਜ਼ਮੀ ਹੈ। ਜੇਕਰ ਅਸੀਂ ਆਪਣੇ ਮੁਲਕ ਦੇ ਪੈਰਿਸ ਓਲੰਪਿਕ ‘ਚ ਪ੍ਰਦਰਸ਼ਨ ਦਾ ਮੁਕਾਬਲਾ ਚੀਨ ਅਤੇ ਬਾਕੀ ਮੁਲਕਾਂ ਦੇ ਨਾਲ ਕਰਦੇ ਹਾਂ ਤਾਂ ਉਨ੍ਹਾਂ ਮੁਲਕਾਂ ‘ਚ ਕਰਾਈਆਂ ਜਾਂਦੀਆਂ ਤਿਆਰੀਆਂ ਦੀਆਂ ਤਸਵੀਰਾਂ ਵੀ ਸਾਨੂੰ ਚੇਤੇ ਰੱਖਣੀਆਂ ਚਾਹੀਦੀਆਂ ਨੇ। ਸ਼ੁਰੂ ਤੋਂ ਹੀ ਇਸ ਖੇਡ ਅਤੇ ਖਿਡਾਰੀ ਵਾਲੀ ਸੋਚ ਦੇ ਨਾਲ ਬੱਚਿਆਂ ਦਾ ਵਿਕਾਸ ਹੋਵੇਗਾ ਤਾਂ ਕਿਸੇ ਵੀ ਅਲਾਮਤ ਤੋਂ ਉਨ੍ਹਾਂ ਦੇ ਦੂਰ ਰਹਿਣ ਦੀ ਵੀ ਵੱਧ ਸੰਭਾਵਨਾ ਹੋਵੇਗੀ। ਪੈਰਿਸ ਓਲੰਪਿਕਸ ‘ਚ ਸਾਡੇ ਕਈ ਖਿਡਾਰੀ ਅਜਿਹੇ ਵੀ ਉੱਭਰ ਕੇ ਸਾਹਮਣੇ ਆਏ ਜਿੰਨ੍ਹਾਂ ਦਾ ਖੇਡ ਕਰੀਅਰ ਅਜੇ ਕਾਫੀ ਲੰਮਾ ਜਾ ਸਕਦਾ ਹੈ। ਅਜਿਹੇ ਹੋਰ ਵੀ ਖਿਡਾਰੀ ਅਜੇ ਪਿੰਡਾਂ ਅਤੇ ਕਸਬਿਆਂ ‘ਚ ਹੋਣਗੇ ਜਿੰਨ੍ਹਾਂ ਨੂੰ ਜੇਕਰ ਵਕਤ ਰਹਿੰਦਿਆਂ ਸਾਂਭ ਲਿਆ ਜਾਵੇ ਤਾਂ ਉਹ ਆਉਂਦੇ ਵਕਤ ਦੇ ਖੇਡ ਸਿਤਾਰੇ ਬਣ ਕੇ ਉੱਭਰ ਸਕਦੇ ਨੇ। ਸੋ ਕੁੱਲ੍ਹ ਮਿਲਾ ਕੇ ਲੋੜ ਇੱਕ ਸਾਂਝੀ ਕੋਸ਼ਿਸ਼ ਦੀ ਹੈ। ਸਰਕਾਰਾਂ ਦੇ ਫਰਜ਼, ਉਨ੍ਹਾਂ ਦੀਆਂ ਸਕੀਮਾਂ, ਦਲੀਲਾਂ, ਬਜਟ, ਨੇਮ, ਕਾਇਦੇ ਕਾਨੂੰਨ, ਆਪਣਾ ਕੰਮ ਕਰਦੇ ਰਹਿਣਗੇ। ਇੱਕ ਸਮਾਜ ਦੇ ਤੌਰ ‘ਤੇ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਅਲਾਮਤਾਂ ਤੋਂ ਦੂਰ ਰੱਖਣ ਅਤੇ ਕੌਮਾਂਤਰੀ ਪੱਧਰ ਤੇ ਖੇਡ ਦੀ ਦੁਨੀਆ ਦੇ ਨਵੇਂ ਸਿਤਾਰਿਆਂ ਨੂੰ ਚਮਕਾਉਣ ‘ਚ ਕੀ ਕੁੱਝ ਕਰ ਸਕਦੇ ਹਾਂ ਅਤੇ ਕੀ ਕਰ ਰਹੇ ਹਾਂ ਇਹ ਸਾਨੂੰ ਹੀ ਤੈਅ ਕਰਨਾ ਹੈ।