Corona Virus
ਕਰਫਿਊ ਦੌਰਾਨ ਭੁੱਖ ਨਾਲ ਮਰ ਰਹੇ ਲੋਕਾਂ ਨੇ ਮੰਗੀ ਮੌਤ

ਫਿਰੋਜ਼ਪੁਰ, 28 ਮਾਰਚ (ਪਰਮਜੀਤ ਪੰਮਾ) : ਕਰਫਿਊ ਦੌਰਾਨ ਸੂਬਾ ਸਰਕਾਰ ਹਰ ਲੋੜਵੰਦ ਤੱਕ ਰਾਸ਼ਨ ਪਹੁੰਚਾਉਣ ਦੇ ਦਾਅਵੇ ਕਰ ਰਹੀ ਹੈ। ਪਰ ਫਿਰੋਜ਼ਪੁਰ ਦੀ ਬਸਤੀ ਸੇਖਾ ਵਾਲੀ ਦੇ ਗਰੀਬ ਲੋਕਾਂ ਦਾ ਹਾਲ ਵੇਖ ਕੇ ਸਰਕਾਰ ਦੇ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਬਸਤੀ ਸੇਖਾ ਵਾਲੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਤੱਕ ਲੋੜੀਂਦਾ ਰਾਸ਼ਨ ਨਹੀਂ ਪਹੁੰਚ ਰਿਹਾ। ਭੁੱਖਮਰੀ ਦੇ ਸ਼ਿਕਾਰ ਇਹ ਲੋਕ ਰੋ-ਰੋ ਕੇ ਆਪਣਾ ਦਰਦ ਬਿਆਨ ਰਹੇ ਹਨ। ਇਸ ਮੌਕੇ ਇਨ੍ਹਾਂ ਲੋਕਾਂ ਨੇ ਭਾਂਡੇ ਖੜਕਾ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਲੋਕਾਂ ਮੁਤਾਬਿਕ ਉਨ੍ਹਾਂ ਦੇ ਉਹਨਾਂ ਦੇ ਛੋਟੇ-ਛੋਟੇ ਬੱਚੇ ਭੁੱਖੇ ਬੇਠੇ ਹਨ, ਉਨ੍ਹਾਂ ਦੇ ਘਰ ਨਾ ਤਾਂ ਖਾਣ ਨੂੰ ਰੋਟੀ ਹੈ ਅਤੇ ਨਾ ਪੀਣ ਨੂੰ ਦੁੱਧ। ਉਨ੍ਹਾਂ ਕਿਹਾ ਹੁਣ ਤਾਂ ਉਹ ਲੀਡਰ ਵੀ ਨਜ਼ਰ ਨਹੀਂ ਆ ਰਹੇ ਜੋ ਵੋਟਾਂ ਵੇਲੇ ਕਹਿੰਦੇ ਸਨ ਕਿ ਅਸੀਂ ਤੁਹਾਡੇ ਹਰ ਦੁੱਖ-ਸੁੱਖ ਵਿੱਚ ਨਾਲ ਖੜੇ ਹਾਂ। ਭੁੱਖ ਨਾਲ ਤੜਫ ਰਹੇ ਇਨ੍ਹਾ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਖਾਣ ਲਈ ਰਾਸ਼ਨ ਮੁਹੱਈਆ ਕਰਵਾਇਆ ਜਾਵੇ।