Connect with us

Corona Virus

ਕੋਰੋਨਾ ‘ਤੇ ਜਿੱਤ ਲਈ ਲੋਕਾਂ ਦਾ ਸਹਿਯੋਗ ਨਿਰਣਾਇਕ: ਸਾਧੂ ਸਿੰਘ ਧਰਮਸੋਤ

Published

on

ਚੰਡੀਗੜ, 25 ਜੂਨ : ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਕੋਰੋਨਾ ‘ਤੇ ਜਿੱਤ ਲਈ ਲੋਕਾਂ ਦਾ ਸਹਿਯੋਗ ਨਿਰਣਾਇਕ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਅਸੰਭਵ ਕਾਰਜ ਨੂੰ ਸੰਭਵ ਬਣਾਇਆ ਜਾ ਸਕਦਾ ਹੈ। ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਧਰਮਸੋਤ ਨੇ ਕਿਹਾ ਕਿ ਕੋਰੋਨਾ ਦਾ ਖ਼ਤਰਾ ਹਾਲ ਦੀ ਘੜੀ ਟਲ਼ਿਆ ਨਹੀਂ ਹੈ, ਇਸ ਲਈ ਕੋਵਿਡ 19 ‘ਤੇ ਫ਼ਤਹਿ ਹਾਸਲ ਕਰਨ ਲਈ, ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਦੀ ਭਵਿੱਖ ਵਿੱਚ ਵੀ ਪਾਲਣਾ ਕਰਨ ਦੀ ਬੇਹੱਦ ਜ਼ਰੂਰੀ ਹੈ। ਧਰਮਸੋਤ ਨੇ ਕਿਹਾ ਕਿ ਅੱਜ ਜੇਕਰ ਪੰਜਾਬ ‘ਚ ਕੋਰੋਨਾ ਦੀ ਫੈਲਾਅ ਦਰ ਘੱਟ ਹੈ ਤਾਂ ਇਸਦਾ ਕਾਰਨ ਸੂਬਾ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਲਈ ਲੋਕਾਂ ਵੱਲੋਂ ਦਿੱਤਾ ਗਿਆ ਭਰਪੂਰ ਸਹਿਯੋਗ ਵੱਡਾ ਕਾਰਨ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਤਾਲਾਬੰਦੀ ਦੌਰਾਨ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਰਾਸ਼ਣ ਵੰਡਣ ਤੋਂ ਇਲਾਵਾ ਸਿਹਤ ਪ੍ਰਬੰਧਾਂ ਨੂੰ ਵੀ ਵੱਡੇ ਪੱਧਰ ‘ਤੇ ਮਜ਼ਬੂਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਮੁੱਚੇ ਭਾਰਤ ਵਿੱਚ ਪੰਜਾਬ ਦੀ ਕੋਰੋਨਾ ਨਾਲ ਟਾਕਰੇ ਸਬੰਧੀ ਨੀਤੀ ਨੂੰ ਦੂਸਰੇ ਸੂਬਿਆਂ ਵੱਲੋਂ ਵੀ ਅਪਣਾਇਆ ਜਾ ਰਿਹਾ ਹੈ, ਜੋ ਕਿ ਪੰਜਾਬ ਸਰਕਾਰ ਦੀ ਸਰਬੋਤਮ ਕਾਰਗੁਜ਼ਾਰੀ ‘ਤੇ ਮੋਹਰ ਲਾਉਂਦਾ ਹੈ।

ਸ. ਧਰਮਸੋਤ ਨੇ ਕੋਵਿਡ 19 ਦੌਰਾਨ ਸੂਬੇ ਭਰ ‘ਚੋਂ ਅੱਗੇ ਆਏ ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਸੰਕਟ ਦੀ ਇਸ ਘੜੀ ਵਿੱਚ ਮਨੁੱਖਤਾ ਦੇ ਭਲੇ ਲਈ ਵਡਮੁੱਲਾ ਕਾਰਜ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਨੇ ਤਾਲਾਬੰਦੀ ਦੌਰਾਨ ਸੁਚਾਰੂ ਢੰਗ ਨਾਲ ਜ਼ਰੂਰਤਮੰਦਾਂ ਤੱਕ ਹਰ ਜ਼ਰੂਰੀ ਮਦਦ ਪੁੱਜਦੀ ਕੀਤੀ, ਜੋ ਕਿ ਇੱਕ ਬਹੁਤ ਵੱਡੀ ਚੁਣੌਤੀ ਸੀ। ਉਹਨਾਂ ਕਿਹਾ ਕਿ ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਸੁਬਾ ਸਰਕਾਰ ਦਾ ਸਹਿਯੋਗ ਕੀਤਾ ਹੈ, ਜਿਸ ਨਾਲ ਰਾਹਤ ਕਾਰਜਾਂ ‘ਚ ਭਾਰੀ ਮਦਦ ਮਿਲੀ ਹੈ। ਧਰਮਸੋਤ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ 19 ਤੋਂ ਸੁਰੱਖਿਅਤ ਰਹਿਣ ਲਈ ਕੋਈ ਵੀ ਚੀਜ਼ ਨੂੰ ਛੂਹਣ ਤੋਂ ਬਾਅਦ ਹੱਥ ਜ਼ਰੂਰ ਧੋਵੋ। ਉਹਨਾਂ ਕਿਹਾ ਸਮੇਂ-ਸਮੇਂ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਧੋਹਣ ਜਾਂ ਸੈਨੇਟਾਈਜ਼ ਕਰਨ, ਘਰੋਂ ਬਾਹਰ ਜਾਣ ਸਮੇਂ ਮਾਸਕ ਨਾਲ ਮੂੰਹ ਤੇ ਨੱਕ ਢੱਕਣ ਅਤੇ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਬਚਾਅ ਢੰਗ ਅਪਣਾ ਕੇ ਅਸੀਂ ਜਿੱਥੇ ਆਪਣੀ ਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕਦੇ ਹਾਂ, ਉੱਥੇ ਹੀ ਕੋਰੋਨਾ ਦਾ ਸਮੂਹਿਕ ਫੈਲਾਅ ਵੀ ਰੋਕ ਸਕਦੇ ਹਾਂ।