Punjab
ਪੰਜਾਬ ਸਰਕਾਰ ਵੱਲੋਂ ਘਰ-ਘਰ ਰਾਸ਼ਨ ਮੁਹਈਆ ਕਰਵਾਉਣ ਦੇ ਦਾਅਵੇੇ ਝੂੱਠੇ
ਪੰਜਾਬ ਵਿੱਚ ਕੋਰੋਨਾ ਕਾਰਨ ਕਰਫ਼ਿਊ ਲਗਾਇਆ ਗਿਆ ਹੈ ਜਿਸ ਕਾਰਨ ਦਿਹਾੜੀ ਕਰਨ ਵਾਲਿਆਂ ਨੂੰ ਖਾਣ ਪੀਣ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਘਰ ਘਰ ਰਾਸ਼ਨ ਮੁਹਈਆ ਕਰਵਾਉਣ ਦਾ ਦਾਅਵਾ ਕੀਤਾ ਗਿਆ ਸੀ ਤਾਂ ਜੋ ਕੋਈ ਵੀ ਘਰ ਤੋਂ ਬਾਹਰ ਨਾ ਨਿਕਲੇ ਅਤੇ ਕੋਈ ਵੀ ਭੁੱਖਾ ਨਾ ਸੌਂਵੇ।
ਪਰ ਜੇਕਰ ਗੱਲ ਨਾਭਾ ਦੇ ਗੁਰੂ ਨਾਨਕਪੁਰਾ ਮੁਹੱਲਾ ਵਾਰਡ ਨੰਬਰ 10 ਦੀ ਕੀਤੀ ਜਾਵੇ ਤਾਂ ਇੱਥੇ ਦੇ ਗ਼ਰੀਬ ਪਰਿਵਾਰਾਂ ਨੂੰ ਕਰਫ਼ਿਊ ਦੇ ਦੌਰਾਨ ਅੱਜ ਤੱਕ ਨਾਭਾ ਪ੍ਰਸ਼ਾਸਨ, ਐੱਮਸੀ ਅਤੇ ਪੰਜਾਬ ਸਰਕਾਰ ਦੇ ਵੱਲੋਂ ਰਾਸ਼ਨ ਮੁਹੱਈਆ ਨਹੀਂ ਕਰਵਾਇਆ ਗਿਆ। ਜਿਸ ਦੇ ਰੋਸ ਵਜੋਂ ਮੁਹੱਲਾ ਨਿਵਾਸੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ-ਘਰ ਰਾਸ਼ਨ ਪਹੁੰਚਾਉਣ ਦੇ ਲੱਖ ਦਾਅਵੇ ਕੀਤੇ ਗਏ ਹਨ ਪਰ ਨਾਭਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਰਾਸ਼ਨ ਨਹੀਂ ਪਹੁੰਚਾਇਆ ਗਿਆ ਜਿਸ ਕਰਕੇ ਅਸੀਂ ਸਰਕਾਰ ਖਿਲਾਫ ਅਤੇ ਨਾਭਾ ਪ੍ਰਸ਼ਾਸਨ ਤੋਂ ਇਲਾਵਾ ਨਾਭਾ ਦੇ ਐੱਮ ਸੀ ਅਨਿਲ ਰਾਣਾ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਾਂ।
ਇਸ ਮੌਕੇ ਤੇ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਕਰਫਿਊ ਦੌਰਾਨ ਸਾਡੇ ਘਰ ਦਾ ਸਾਰਾ ਰਾਸ਼ਨ ਖਤਮ ਹੋ ਚੁੱਕਾ ਹੈ ਅਤੇ ਸਾਡੇ ਬੱਚੇ ਭੁੱਖੇ ਮਰ ਰਹੇ ਹਨ। ਪਰ ਹੁਣ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਾਨੂੰ ਰਾਸ਼ਨ ਦੇਣ ਨਹੀਂ ਪਹੁੰਚਿਆ। ਜਦੋਂਕਿ ਅਸੀਂ ਵਾਰਡ ਦੇ ਐੱਮਸੀ ਅਨਿਲ ਰਾਣਾ ਦੇ ਨਾਲ ਕਈ ਵਾਰੀ ਫੋਨ ਤੇ ਸੰਪਰਕ ਕੀਤਾ। ਪਰ ਉਨ੍ਹਾਂ ਵੱਲੋਂ ਸਾਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਅਤੇ ਅਸੀਂ ਘਰ ਵਿੱਚ ਭੁੱਖੇ ਪੇਟ ਸੌਣ ਲਈ ਮਜ਼ਬੂਰ ਹਾਂ ਅਤੇ ਅੱਜ ਅਸੀਂ ਦੁਖੀ ਹੋ ਕੇ ਹੀ ਘਰ ਦੇ ਬਾਹਰ ਥਾਲੀਆਂ ਖੜਕਾ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨ ਲਈ ਮਜਬੂਰ ਹੋਏ ਹਾਂ।
ਇਸ ਮੌਕੇ ਤੇ ਨਾਭਾ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਮੁਹੱਲਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਮਾਮਲਾ ਐਸਡੀਐਮ ਦੇ ਧਿਆਨ ਦੇ ਵਿੱਚ ਲਿਆ ਕੇ ਤੁਹਾਡਾ ਮਸਲਾ ਹੱਲ ਕਰਵਾਇਆ ਜਾਵੇਗਾ।