National
PM ਮੋਦੀ ਨੇ 10 ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਹਿਮਦਾਬਾਦ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ 10 ਨਵੀਆਂ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਈ। ਇਸ ਦੌਰਾਨ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ, ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ, ਸੀਐਮ ਭੂਪੇਂਦਰ ਪਟੇਲ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਸੀਆਰ ਪਾਟਿਲ ਵੀ ਮੌਜੂਦ ਸਨ। ਹੁਣ ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਦੀ ਕੁੱਲ ਸੰਖਿਆ 50 ਤੋਂ ਵੱਧ ਹੋ ਜਾਵੇਗੀ, ਜੋ ਦੇਸ਼ ਭਰ ਵਿੱਚ 45 ਰੂਟਾਂ ਨੂੰ ਕਵਰ ਕਰੇਗੀ। ਇਸ ਪਹਿਲਕਦਮੀ ਦਾ ਉਦੇਸ਼ ਪੂਰੇ ਭਾਰਤ ਵਿੱਚ ਸੰਪਰਕ ਵਧਾਉਣਾ ਅਤੇ ਰੇਲ ਆਵਾਜਾਈ ਨੂੰ ਸੁਚਾਰੂ ਬਣਾਉਣਾ ਹੈ।
ਵੰਦੇ ਭਾਰਤ ਰੇਲ ਗੱਡੀਆਂ ਨੂੰ ਪੀਐਮ ਮੋਦੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਨ੍ਹਾਂ ਵਿੱਚ ਅਹਿਮਦਾਬਾਦ-ਮੁੰਬਈ ਸੈਂਟਰਲ, ਸਿਕੰਦਰਾਬਾਦ-ਵਿਸ਼ਾਖਾਪਟਨਮ, ਮੈਸੂਰ-ਡਾ. ਐਮ.ਜੀ.ਆਰ. ਸੈਂਟਰਲ (ਚੇਨਈ), ਪਟਨਾ-ਲਖਨਊ, ਨਿਊ ਜਲਪਾਈਗੁੜੀ-ਪਟਨਾ, ਪੁਰੀ-ਵਿਸ਼ਾਖਾਪਟਨਮ, ਲਖਨਊ-ਦੇਹਰਾਦੂਨ, ਕਲਬੁਰਗੀ-ਸਰ ਐਮ ਵਿਸ਼ਵੇਸ਼ਵਰਿਆ ਟਰਮੀਨਲ ਬੈਂਗਲੁਰੂ ਅਤੇ ਰਾਂਚੀ ਵਰਨਾਸੀ ਸ਼ਾਮਿਲ ਹਨ।
ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੱਕ ਵਿਕਸਤ ਭਾਰਤ ਲਈ ਕੀਤਾ ਜਾ ਰਿਹਾ ਨਵਾਂ ਨਿਰਮਾਣ ਲਗਾਤਾਰ ਵਧ ਰਿਹਾ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ ਪ੍ਰੋਜੈਕਟਾਂ ਦੇ ਉਦਘਾਟਨ ਹੋ ਰਹੇ ਹਨ। ਨਵੀਆਂ ਯੋਜਨਾਵਾਂ ਸ਼ੁਰੂ ਹੋ ਰਹੀਆਂ ਹਨ। ਅੱਜ ਮੈਂ ਦੇਸ਼ ਨੂੰ ਗਾਰੰਟੀ ਦੇ ਰਿਹਾ ਹਾਂ ਕਿ ਅਗਲੇ 5 ਸਾਲਾਂ ਵਿੱਚ ਤੁਸੀਂ ਭਾਰਤੀ ਰੇਲਵੇ ਦਾ ਅਜਿਹਾ ਬਦਲਾਅ ਦੇਖੋਗੇ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਅੱਜ ਦਾ ਦਿਨ ਇਸ ਇੱਛਾ ਸ਼ਕਤੀ ਦਾ ਜਿਉਂਦਾ ਜਾਗਦਾ ਸਬੂਤ ਹੈ।
ਪੀਐਮ ਮੋਦੀ ਨੇ ਅੱਗੇ ਕਿਹਾ- ਜੇਕਰ ਸਾਲ 2024 ਦੀ ਹੀ ਗੱਲ ਕਰੀਏ ਤਾਂ ਇਨ੍ਹਾਂ 75 ਦਿਨਾਂ ‘ਚ 11 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਪਿਛਲੇ 10-12 ਦਿਨਾਂ ਵਿੱਚ ਹੀ 7 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਗਏ ਹਨ। ਅੱਜ ਵੀ ਦੇਸ਼ ਨੇ ਵਿਕਸਤ ਭਾਰਤ ਵੱਲ ਬਹੁਤ ਵੱਡਾ ਕਦਮ ਪੁੱਟਿਆ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨੀਂਹ ਪੱਥਰ ਰੱਖਿਆ ਗਿਆ। ਇਨ੍ਹਾਂ ਵਿੱਚੋਂ ਅੱਜ ਦੇਸ਼ ਨੂੰ 85 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਪ੍ਰਾਜੈਕਟ ਮਿਲੇ ਹਨ।