National
PM ਮੋਦੀ ਦਾ ਔਰਤਾਂ ਨੂੰ ਵੱਡਾ ਤੋਹਫਾ, 1000 ਔਰਤਾਂ ਨੂੰ ਸੌਂਪੇ ਗਏ ਡ੍ਰੋਨ
ਨਮੋ ਡਰੋਨ ਦੀਦੀ ਸਕੀਮ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਸਸ਼ਕਤ ਮਹਿਲਾ-ਵਿਕਸਤ ਭਾਰਤ ਪ੍ਰੋਗਰਾਮ ਦੌਰਾਨ 1000 ਦੀਦੀ ਨੂੰ ਡਰੋਨ ਸੌਂਪੇ। ਇਸ ਸਮਾਗਮ ਦੌਰਾਨ ਦੇਸ਼ ਭਰ ਦੀਆਂ 11 ਵੱਖ-ਵੱਖ ਥਾਵਾਂ ਤੋਂ ‘ਨਮੋ ਡਰੋਨ ਦੀਦੀ’ ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਧਾਨੀ ਦਿੱਲੀ ਦੇ ਪੂਸਾ ਸਥਿਤ ਰਾਸ਼ਟਰੀ ਖੇਤੀ ਖੋਜ ਸੰਸਥਾਨ ‘ਚ ‘ਸ਼ਸ਼ਕਤ ਨਾਰੀ-ਵਿਕਸਿਤ ਭਾਰਤ’ ਪ੍ਰੋਗਰਾਮ ‘ਚ ਹਿੱਸਾ ਲਿਆ ਅਤੇ ‘ਨਮੋ ਡਰੋਨ ਦੀਦੀਆਂ’ ਦੁਆਰਾ ਖੇਤੀ ਖੇਤਰ ‘ਚ ਡਰੋਨ ਦੀ ਵਰਤੋਂ ਦਾ ਪ੍ਰਦਰਸ਼ਨ ਦੇਖਿਆ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੁਆਰਾ 1,000 ਤੋਂ ਵੱਧ ‘ਨਮੋ ਡਰੋਨ ਦੀਦੀ’ ਨੂੰ ਡਰੋਨ ਵੀ ਦਿੱਤੇ ਗਏ|
ਇਸ ਮੌਕੇ ਪ੍ਰਧਾਨ ਮੰਤਰੀ ਨੇ ਉਨ੍ਹਾਂ ‘ਲਖਪਤੀ ਦੀਦੀਆਂ’ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਨੇ ਦੀਨ ਦਿਆਲ ਅੰਤੋਦਿਆ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੀ ਮਦਦ ਨਾਲ ਸਫਲਤਾ ਹਾਸਲ ਕੀਤੀ ਹੈ ਅਤੇ ਹੋਰ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਦੇ ਵਿਕਾਸ ਵਿੱਚ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰੇਰਨਾ ਦੇ ਰਹੇ ਹਨ।
ਪ੍ਰਧਾਨ ਮੰਤਰੀ ਨੇ ਸਵੈ-ਸਹਾਇਤਾ ਸਮੂਹਾਂ ਨੂੰ ਰਿਆਇਤੀ ਵਿਆਜ ਦਰਾਂ ‘ਤੇ ਲਗਭਗ 8,000 ਕਰੋੜ ਰੁਪਏ ਦੇ ਕਰਜ਼ੇ ਵੀ ਪ੍ਰਦਾਨ ਕੀਤੇ। ਇਹ ਕਰਜ਼ੇ ਬੈਂਕਾਂ ਵੱਲੋਂ ਹਰ ਜ਼ਿਲ੍ਹੇ ਵਿੱਚ ਲਗਾਏ ਗਏ ਬੈਂਕ ਸੰਪਰਕ ਕੈਂਪਾਂ ਰਾਹੀਂ ਦਿੱਤੇ ਜਾ ਰਹੇ ਹਨ। ਪੀਐਮ ਮੋਦੀ ਨੇ ਕਿਹਾ, ‘ਮਹਿਲਾ ਸਸ਼ਕਤੀਕਰਨ ਦੇ ਲਿਹਾਜ਼ ਨਾਲ ਅੱਜ ਦਾ ਪ੍ਰੋਗਰਾਮ ਬਹੁਤ ਇਤਿਹਾਸਕ ਹੈ। ਅੱਜ ਮੈਨੂੰ ਨਮੋ ਡਰੋਨ ਦੀਦੀ ਮੁਹਿੰਮ ਤਹਿਤ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ 1 ਹਜ਼ਾਰ ਆਧੁਨਿਕ ਡਰੋਨ ਸੌਂਪਣ ਦਾ ਮੌਕਾ ਮਿਲਿਆ ਹੈ। ਮੈਂ ਫੈਸਲਾ ਕੀਤਾ ਕਿ ਹੁਣ ਸਾਨੂੰ 3 ਕਰੋੜ ਲਖਪਤੀ ਦੀਦੀ ਦਾ ਅੰਕੜਾ ਪਾਰ ਕਰਨਾ ਹੈ। ਇਸ ਮੰਤਵ ਲਈ ਅੱਜ 10 ਹਜ਼ਾਰ ਕਰੋੜ ਰੁਪਏ ਦੀ ਰਕਮ ਵੀ ਇਨ੍ਹਾਂ ਦੀਦੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਹੈ।