punjab
ਦੂਰਦਰਸ਼ਨ ਕੇਂਦਰ ‘ਚ ਬੰਬ ਦੀ ਸੂਚਨਾ, ਪੁਲਿਸ ਨੇ ਡੇਢ ਘੰਟਿਆਂ ਤਕ ਚਲਾਇਆ ਸਰਚ ਮੁਹਿੰਮ
ਚੰਡੀਗੜ੍ਹ ਸੈਕਟਰ-37 ਸਥਿਤ ਦੂਰਦਰਸ਼ਨ ਦੇ ਦਫ਼ਤਰ ‘ਚ ਬੰਬ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵਿਭਾਗ ‘ਚ ਭਾਜੜਾਂ ਪੈ ਗਈਆਂ। ਬੰਬ ਦੀ ਇਹ ਸੂਚਨਾ ਕਿਸੇ ਅਣਪਛਾਤੇ ਨੇ ਵੀਰਵਾਰ ਸਵੇਰੇ ਦਿੱਤੀ। ਸੂਚਨਾ ਮਿਲਦਿਆਂ ਹੀ ਤੁਰੰਤ ਮੌਕੇ ‘ਤੇ ਆਹਲਾ ਅਧਿਕਾਰੀਆਂ ਸਮੇਤ ਸਬੰਧਿਤ ਥਾਣਾ ਇੰਚਾਰਜ ਪੁਲਿਸ ਟੀਮ, ਬੰਬ ਸਕਵਾਇਡ, ਡਾਗ ਸਕਵਾਇਡ ਸਮੇਤ ਆਪਰੇਸ਼ਨ ਸੈੱਲ ਦੀ ਟੀਮ ਨੇ ਪਹੁੰਚ ਕੇ ਚੱਪੇ-ਚੱਪੇ ਨੂੰ ਛਾਣ ਮਾਰਿਆ। ਪੂਰੇ ਇਲਾਕੇ ਨੂੰ ਸੀਲ ਕਰ ਤਕਰੀਬਨ ਡੇਢ ਘੰਟੇ ਤਕ ਸਰਚ ਮੁਹਿੰਮ ਚਲਾਈ ਗਈ ਪਰ ਕੁਝ ਵੀ ਸ਼ੱਕੀ ਚੀਜ਼ ਹਾਸਲ ਨਾ ਹੋਣ ‘ਤੇ ਆਹਲਾ ਅਧਿਕਾਰੀਆਂ ਨੇ ਦੁਬਾਰਾ ਤੋਂ ਇਸ ਨੂੰ ਮੋਬਾਈਲ ਕਾਲ ਹੋਣ ਦੀ ਸੂਚਨਾ ਦਿੱਤੀ। ਜਿਸ ‘ਤੇ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਕੀਤੇ ਗਏ ਪੁਖ਼ਤਾ ਇੰਤਜ਼ਾਮਾਂ ਦੀ ਪਰਖ ਕਰਨੀ ਹੁੰਦੀ ਹੈ। ਜਾਣਕਾਰੀ ਮੁਤਾਬਿਕ ਸਵੇਰੇ ਪੁਲਿਸ ਕੰਟਰੋਲ ਰੂਮ ‘ਚ ਇਕ ਸੂਚਨਾ ਮਿਲੀ। ਕਾਲ ਕਰਨ ਵਾਲਿਆਂ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਦੇ ਦੂਰਦਰਸ਼ਨ ਆਫਿਸ ‘ਚ ਬੰਬ ਰੱਖਿਆ ਹੋਇਆ ਹੈ ਜੋ ਥੋੜ੍ਹੀ ਦੇਰ ‘ਚ ਬਲਾਸਟ ਹੋਣ ਵਾਲਾ ਹੈ। ਇਸ ਤੋਂ ਬਾਅਦ ਸੂਚਨਾ ਦੇਣ ਵਾਲੇ ਨੇ ਕਾਲ ਨੂੰ ਡਿਸਕੁਨੈਕਟ ਕੀਤਾ। ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ ਦੀ ਵੱਖ-ਵੱਖ ਵਿੰਗ ਤੁਰੰਤ ਹਰਕਤ ‘ਚ ਆ ਗਏ। ਚੰਡੀਗੜ੍ਹ ਪੁਲਿਸ ਦੇ ਆਹਲਾ ਅਧਿਾਕਰੀਆਂ ਨੇ ਦੱਸਿਆ ਕਿ 15 ਅਗਸਤ ‘ਤੇ ਸੁਰੱਖਿਆ ਵਿਵਸਥਾ ਨੂੰ ਪੁਖ਼ਤਾ ਰੱਖਣ ਦੇ ਸਖ਼ਤ ਆਦੇਸ਼ ਹਨ। ਇਸ ਤਹਿਤ ਵੱਖ-ਵੱਖ ਏਰੀਆ ‘ਚ ਮਾਕ ਡਰਿੱਲ ਰਾਹੀਂ ਪੁਲਿਸ ਦੀ ਕਾਰਜਸ਼ੈਲੀ ਨੂੰ ਪਰਖਿਆ ਜਾ ਰਿਹਾ ਹੈ।